''ਟੀਮ ਇੰਡੀਆ ਨੂੰ ਹਰਾਉਣ ਲਈ ਲੱਭਣਾ ਹੋਵੇਗਾ ਕੁਲਦੀਪ-ਚਾਹਲ ਦਾ ਤੋੜ''

01/27/2019 2:05:43 PM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦਾ ਕਹਿਣਾ ਹੈ ਕਿ ਟੀਮ ਇੰਡੀਆ ਨੂੰ ਹਰਾਉਣ ਲਈ ਵਿਰੋਧੀ ਟੀਮਾਂ ਨੂੰ ਭਾਰਤ ਦੀ ਸਪਿਨ ਜੋੜੀ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦਾ ਤੋੜ ਲੱਭਣਾ ਹੋਵੇਗਾ। ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਦੇ ਦੋਹਾਂ ਮੈਚਾਂ 'ਚ ਕੁਲਦੀਪ ਨੇ ਚਾਰ-ਚਾਰ ਵਿਕਟਾਂ ਲਈਆਂ ਜਦਕਿ ਚਾਹਲ ਨੇ ਦੋਹਾਂ ਵਨ ਡੇ ਮੈਚਾਂ 'ਚ 2-2 ਵਿਕਟਾਂ ਲਈਆਂ। ਜਿਸ ਦਾ ਮਤਲਬ ਹੈ ਕਿ ਦੋਵੇਂ ਹੀ ਮੈਚਾਂ 'ਚ ਭਾਰਤ ਦੀ ਸਪਿਨ ਜੋੜੀ ਨੇ ਕੁਲ 6-6 ਵਿਕਟ ਝਟਕਾਏ।

ਭਾਰਤ ਦੀ ਜਿੱਤ 'ਚ ਕੁਲਦੀਪ-ਚਾਹਲ ਦੇ ਯੋਗਦਾਨ 'ਤੇ ਅਜ਼ਹਰੂਦੀਨ ਨੇ ਕਿਹਾ, ''ਭਾਰਤੀ ਟੀਮ ਦੀ ਇਕ ਹੋਰ ਇਕਤਰਫਾ ਜਿੱਤ, ਖਾਸ ਕਰਕੇ ਸਪਿਨਰ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਡਗ ਬ੍ਰੇਸਵੇਲ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਆਪਣਾ ਸੁਭਾਵਕ ਖੇਡ ਖੇਡਿਆ। ਪਰ ਚੋਟੀ ਦੇ ਕ੍ਰਮ ਨੂੰ ਵੀ ਆਪਣਾ ਸੁਭਾਵਕ ਖੇਡ ਖੇਡਣਾ ਸੀ। ਜਦ ਤਕ ਤੁਸੀਂ ਕੁਲਦੀਪ ਅਤੇ ਚਾਹਲ ਨੂੰ ਪੜਨ ਦਾ ਤਰੀਕਾ ਨਹੀਂ ਲੱਭ ਲੈਂਦੇ, ਉਦੋਂ ਤਕ ਤੁਸੀਂ ਸਫਲ ਨਹੀਂ ਹੋ ਸਕਦੇ। ਫਿੰਗਰ ਸਪਿਨਰ ਦੇ ਖਿਲਾਫ ਖੇਡਣਾ ਆਸਾਨ ਹੈ ਪਰ ਰਿਸਟ ਸਪਿਨਰਸ ਖਿਲਾਫ ਖੇਡਣਾ ਬਹੁਤ ਮੁਸ਼ਕਲ ਹੈ।'' ਸਾਬਕਾ ਕਪਤਾਨ ਨੇ ਕਿਹਾ, ''ਸਾਡੇ ਕੋਲ ਬੇਹੱਦ ਚੰਗੀ ਟੀਮ ਹੈ ਅਤੇ ਇਹ ਪਿਛਲੇ 4-5 ਸਾਲਾਂ ਤੋਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ। ਸਿਰਫ ਵਨ ਡੇ ਹੀ ਨਹੀਂ ਸਗੋਂ ਹਰ ਫਾਰਮੈਟ 'ਚ। ਦੂਜੀਆਂ ਟੀਮਾਂ ਦਾ ਪੱਧਰ ਥੋੜ੍ਹਾ ਡਿੱਗ ਗਿਆ ਹੈ ਪਰ ਅਸੀਂ ਸਿਰਫ ਮਜ਼ਬੂਤ ਹੀ ਹੁੰਦੇ ਗਏ ਹਾਂ। ਜੋ ਵੀ ਸਾਡੇ ਖਿਲਾਫ ਖੇਡੇਗਾ, ਨਤੀਜਾ ਇਹੋ ਹੋਵੇਗਾ।''

Tarsem Singh

This news is Content Editor Tarsem Singh