Tokyo Paralympics : ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੇ ਬੈਡਮਿੰਟਨ 'ਚ ਜਿੱਤਿਆ ਗੋਲਡ

09/05/2021 11:18:17 AM

ਸਪੋਰਟਸ ਡੈਸਕ- ਟੋਕੀਓ ਪੈਰਾਲੰਪਿਕ 'ਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਐਤਵਾਰ ਦੀ ਸ਼ੁਰੂਆਤ ਸਿਲਵਰ ਮੈਡਲ ਦੇ ਨਾਲ ਹੋਈ ਤੇ ਤਾਜ਼ਾ ਖ਼ਬਰ ਇਹ ਹੈ ਕਿ ਭਾਰਤ ਦੇ ਖਾਤੇ 'ਚ ਇਕ ਹੋਰ ਗੋਲਡ ਮੈਡਲ ਆਇਆ ਹੈ। ਬੈਡਮਿੰਟਨ ਪੁਰਸ਼ ਏਕਲ SH6 'ਚ ਕ੍ਰਿਸ਼ਨਾ ਨਾਗਰ ਨੇ ਕਾਈ ਮਾਨ ਚੂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਹ ਟੋਕੀਓ ਪੈਰਾਲੰਪਿਕਸ 'ਚ ਭਾਰਤ ਦਾ ਕੁੱਲ 19ਵਾਂ ਮੈਡਲ ਹੈ ਤੇ ਇਸ ਵਿਚ 5 ਗੋਲਡ ਹਨ। ਫਾਈਨਲ ਮੁਕਾਬਲੇ ਦੇ ਪਹਿਲੇ ਦੌਰ ਦੀ ਖੇਡ 'ਚ ਕ੍ਰਿਸ਼ਨਾ ਨੇ ਕਾਈ ਮਾਨ ਚੂ ਨੂੰ 21-17 ਨਾਲ ਹਰਾਇਆ। ਹਾਲਾਂਕਿ, ਦੂਸਰੀ ਗੇਮ 'ਚ ਹਾਂਗਕਾਂਗ ਦੇ ਖਿਡਾਰੀ ਨੇ ਵਾਪਸੀ ਕੀਤੀ ਤੇ ਮੁਕਾਬਲਾ 21-16 ਨਾਲ ਆਪਣੇ ਨਾਂ ਕੀਤਾ, ਪਰ ਤੀਸਰੇ ਰਾਊਂਡ 'ਚ ਭਾਰਤੀ ਪੈਰਾ ਸ਼ਟਲਰ ਕ੍ਰਿਸ਼ਨਾ ਨਾਗਰ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ 21-17 ਨਾਲ ਜਿੱਤ ਹਾਸਲ ਕੀਤੀ ਤੇ ਮੁਕਾਬਲਾ 2-1 ਨਾਲ ਜਿੱਤ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ 'ਚ ਨੋਇਡਾ ਦੇ DM ਸੁਹਾਸ ਯਤੀਰਾਜ ਨੇ ਜਿੱਤਿਆ ਸਿਲਵਰ ਮੈਡਲ

ਇਸ ਤੋਂ ਪਹਿਲਾਂ ਬੈਡਮਿੰਟਨ ਪੁਰਸ਼ ਏਕਲ SL4 'ਚ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਤੀਰਾਜ ਨੇ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ ਹੈ। ਇਹ ਭਾਰਤ ਦਾ 18ਵਾਂ ਮੈਡਲ ਸੀ। ਟੋਕੀਓ 'ਚ ਜਾਰੀ ਪੈਰਾਲੰਪਿਕ ਖੇਡਾਂ ਆਪਣੇ ਆਖਰੀ ਪੜਾਅ 'ਚ ਹਨ ਤੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਹੁਣ ਤਕ ਦਮਦਾਰ ਰਿਹਾ ਹੈ। ਭਾਰਤ ਨੇ ਪੰਜ ਗੋਲਡ ਮੈਡਲ, 8 ਸਿਲਵਰ ਮੈਡਲ ਤੇ 6 ਕਾਂਸੀ ਮੈਡਲ ਜਿੱਤੇ ਹਨ। ਪੈਰਾਲੰਪਿਕ ਖੇਡਾਂ ਦੇ ਇਤਿਹਾਸ 'ਚ ਭਾਰਤ ਲਈ ਇਹ ਟੂਰਨਾਮੈਂਟ ਇਤਿਹਾਸਕ ਰਿਹਾ ਹੈ, ਕਿਉਂਕਿ ਭਾਰਤ ਨੇ ਹੁਣ ਤਕ ਸਿਰਫ਼ 12 ਮੈਡਲ ਹੀ ਇਨ੍ਹਾਂ ਖੇਡਾਂ 'ਚ ਜਿੱਤੇ ਸਨ, ਪਰ ਹੁਣ ਇੱਕੋ ਪੈਰਾਲੰਪਿਕ 'ਚ ਭਾਰਤ ਨੇ ਡੇਢ ਦਰਜਨ ਤੋਂ ਜ਼ਿਆਦਾ ਮੈਡਲਾਂ 'ਤੇ ਕਬਜ਼ਾ ਜਮਾਇਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh