ਕ੍ਰਾਮਨਿਕ ਨੇ ਕੀਤੀ ਵਾਪਸੀ, ਕਾਰੂਆਨਾ ਦੀ ਬੜ੍ਹਤ ਬਰਕਰਾਰ

03/24/2018 3:16:07 AM

ਬਰਲਿਨ— ਵਿਸ਼ਵ ਦੇ 8 ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫਿਡੇ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ 'ਚ ਰਾਊਂਡ-10 'ਚ ਅੰਤ ਰੂਸ ਦੇ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮੀਰ ਕ੍ਰਾਮਨਿਕ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਵਿਸ਼ਵ ਕੱਪ ਜੇਤੂ ਅਰਮੀਨੀਆ ਦੇ ਲੇਵਾਨ ਅਰੋਨੀਅਨ 'ਤੇ ਜਿੱਤ ਦਰਜ ਕਰਦਿਆਂ ਬਾਕੀ ਬਚੇ 4 ਰਾਊਂਡਜ਼ ਦਾ ਰੋਮਾਂਚ ਵਧਾ ਦਿੱਤਾ ਹੈ।
ਹਾਲਾਂਕਿ ਅਜੇ ਵੀ ਅਮਰੀਕੀ ਗ੍ਰੈਂਡ ਮਾਸਟਰ ਫੇਬਿਆਨੋ ਕਾਰੂਆਨਾ 6.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਰਾਊਂਡ 10 'ਚ ਉਸ ਨੇ ਸਭ ਤੋਂ ਨੇੜਲੇ ਵਿਰੋਧੀ ਅਜਰਬੈਜਾਨ ਦੇ ਮਮੇਘਾਰੋਵ ਨਾਲ ਮੁਕਾਬਲਾ ਡਰਾਅ ਖੇਡਿਆ ਤੇ ਇਸ ਦੇ ਨਾਲ ਮਮੇਘਾਰੋਵ ਵੀ 6 ਅੰਕਾਂ ਨਾਲ ਦੌੜ 'ਚ ਬਣਿਆ ਹੋਇਆ ਹੈ। ਹੋਰਨਾਂ ਮੁਕਾਬਲਿਆਂ 'ਚ ਚੀਨ ਦੇ ਡੀਂਗ ਲੀਰੇਨ ਨੇ ਅਮਰੀਕੀ ਗ੍ਰੈਂਡ ਮਾਸਟਰ ਵੇਸਲੀ ਸੋਅ ਨਾਲ ਅਤੇ ਰੂਸ ਦੇ ਅਲੈਕਜ਼ੈਂਡਰ ਗ੍ਰੀਸ਼ਚੁਕ ਨੇ ਹਮਵਤਨ ਸੇਰਗੀ ਕੇ. ਨਾਲ ਡਰਾਅ ਖੇਡਿਆ।
10 ਰਾਊਂਡਜ਼ ਤੋਂ ਬਾਅਦ ਅਮਰੀਕਾ ਦਾ ਕਾਰੂਆਨਾ 6.5 ਅੰਕਾਂ ਨਾਲ ਪਹਿਲੇ ਅਤੇ ਅਜਰਬੈਜਾਨ ਦਾ ਮਮੇਘਾਰੋਵ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਹੋਰਨਾਂ ਖਿਡਾਰੀਆਂ 'ਚ ਰੂਸ ਦਾ ਅਲੈਕਜ਼ੈਂਡਰ ਗ੍ਰੀਸ਼ਚੁਕ 5.5, ਚੀਨ ਦਾ ਡੀਂਗ ਲੀਰੇਨ ਤੇ ਰੂਸ ਦੇ ਸੇਰਗੀ ਕੇ. 5, ਰੂਸ ਦਾ ਵਲਾਦੀਮੀਰ ਕ੍ਰਾਮਨਿਕ 4.5, ਅਮਰੀਕਾ ਦਾ ਵੇਸਲੀ ਸੋਅ 4 ਅੰਕ ਤੇ ਅਰਮੀਨੀਆ ਦਾ ਲੇਵਾਨ ਅਰੋਨੀਅਨ 3.5 ਅੰਕਾਂ 'ਤੇ ਖੇਡ ਰਹੇ ਹਨ।