ਬਾਊਂਡਰੀ ਲਾਈਨ ''ਤੇ ਕੋਹਲੀ ਨੇ ਕੀਤਾ ਸੁਪਰਮੈਨ ਕੈਚ, ਦਰਸ਼ਕਾਂ ਨੇ ਕਿਹਾ- ਹੱਥ ''ਚ ਫੱਸ ਗਈ

12/09/2019 2:43:11 PM

ਨਵੀਂ ਦਿੱਲੀ : ਤਿਰੁਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਦੂਜੇ ਟੀ-20 ਮੁਕਾਬਲੇ ਵਿਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਹੁਣ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਇਸ ਮੁਕਾਬਲੇ ਵਿਚ ਭਾਰਤੀ ਟੀਮ ਦੀ ਗੇਂਦਬਾਜ਼ੀ ਸਵਾਲਾਂ ਦੇ ਘੇਰੇ ਵਿਚ ਰਹੀ ਪਰ ਕਪਤਾਨ ਕੋਹਲੀ ਨੇ ਇਕ ਸੁਪਰਮੈਨ ਕੈਚ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ। ਉਸ ਦੇ ਇਸ ਕੈਚ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਹੀ ਹੈ।

171 ਦੌੜਾਂ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਦੇ ਸਲਾਮੀ ਬੱਲੇਬਾਜ਼ ਹੈਟਮਾਇਰ ਅਤੇ ਸਿਮੰਸ ਨੇ ਕਮਾਲ ਦੀ ਸ਼ੁਰੂਆਤ ਕੀਤੀ ਅਤੇ ਭਾਰਤੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਾਈ। 73 ਦੇ ਸਕੋਰ 'ਤੇ ਮਹਿਮਾਨ ਟੀਮ ਨੂੰ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ 112 ਦੇ ਸਕੋਰ 'ਤੇ ਜਦੋਂ ਹੈਟਮਾਇਰ ਖਤਰਨਾਕ ਅੰਦਾਜ਼ ਵਿਚ ਦਿਸ ਰਹੇ ਸੀ ਤਾਂ ਜਡੇਜਾ ਦੀ ਗੇਂਦ 'ਤੇ ਕੋਹਲੀ ਨੇ ਇਕ ਹੈਰਾਨ ਕਰਨ ਵਾਲਾ ਕੈਚ ਫੜ੍ਹ ਕੇ ਉਸ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਰਵਿੰਦਰ ਜਡੇਜਾ ਦੀ ਗੇਂਦ 'ਤੇ ਕੋਹਲੀ ਨੇ ਬਾਊਂਡਰੀ ਲਾਈਨ ਦੇ ਕੋਲ ਛਾਲ ਲਗਾ ਕੇ ਸ਼ਾਨਦਾਰ ਕੈਚ ਫੜ੍ਹਿਆ।

ਹੈਟਮਾਇਰ ਨੇ ਸ਼ਾਟ ਖੇਡਿਆ ਤਾਂ ਵਿਰਾਟ ਗੇਂਦ ਫੜ੍ਹਨ ਚੀਤੇ ਦੀ ਰਫਤਾਰ ਨਾਲ ਦੌੜਿਆ। ਗੇਂਦ ਦੇ ਕੋਲ ਪਹੁੰਚ ਕੇ ਕੋਹਲੀ ਨੇ ਛਾਲ ਲਾ ਕੇ ਕੈਚ ਫੜ੍ਹ ਲਿਆ। ਇਸ ਕੈਚ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਵਮ ਦੂਬੇ ਦੇ 54 ਅਤੇ ਪੰਤ 33 ਦੌੜਾਂ ਦੀ ਪਾਰੀ ਦੀ ਬਦੌਲਤ ਵਿੰਡੀਜ਼ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਨੇ 8 ਵਿਕਟਾਂ ਹੱਥ 'ਚ ਰਹਿੰਦਿਆਂ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਹੁਣ ਇਸ ਸੀਰਾਜ਼ ਦਾ ਫੈਸਲਾਕੁੰਮ ਮੁਕਾਬਲਾ ਮੁੰਬਈ ਵਿਖੇ ਖੇਡਿਆ ਜਾਵੇਗਾ।