IPL 2018 : ਧੋਨੀ ਤੋਂ ਹਾਰ 'ਤੇ ਬੋਲੇ ਕੋਹਲੀ, ਜਿਸ ਤਰ੍ਹਾਂ ਅਸੀਂ ਦੌੜਾਂ ਲੁਟਾਈਆਂ, ਉਹ ਜੁਰਮ ਹੈ

04/26/2018 3:12:54 PM

ਬੈਂਗਲੁਰੂ (ਬਿਊਰੋ)— ਆਈ.ਪੀ.ਐੱਲ. 2018 ਸੈਸ਼ਨ ਦੇ ਬੁੱਧਵਾਰ ਨੂੰ ਹੋਏ ਮੈਚ 'ਚ ਹਾਰਨ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਚੇਨਈ ਦੇ ਖਿਲਾਫ ਖੇਡੇ ਗਏ ਮੈਚ 'ਚ ਉਨ੍ਹਾਂ ਦੀ ਟੀਮ ਦੀ ਗੇਂਦਬਾਜ਼ੀ ਨਾ ਮੰਨਣਯੋਗ ਸੀ। ਐੱਨ. ਚਿੰਨਾਸਵਾਮੀ ਸਟੇਡੀਅਮ 'ਚ ਬੁੱਧਵਾਰ ਰਾਤ ਨੂੰ ਖੇਡੇ ਗਏ ਮੈਚ 'ਚ ਮਹਿੰਦਰ ਸਿਘ ਧੋਨੀ ਦੀ ਟੀਮ ਚੇਨਈ ਨੇ ਬੈਂਗਲੁਰੂ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਕੋਹਲੀ ਦੀ ਟੀਮ ਦੀ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਖੇਡੇ ਗਏ 6 ਮੈਚਾਂ 'ਚ ਚੌਥੀ ਹਾਰ ਹੈ। ਉਹ ਅੱਠ ਟੀਮਾਂ ਦੇ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਹੈ।

ਇਸ ਹਾਰ ਦੇ ਬਾਅਦ ਇਕ ਬਿਆਨ 'ਚ ਕੋਹਲੀ ਨੇ ਕਿਹਾ, ''ਇਸ ਮੈਚ 'ਚ ਅਸੀਂ ਕਈ ਚੀਜ਼ਾਂ 'ਤੇ ਨਜ਼ਰ ਪਾ ਸਕੇ ਹਾਂ। ਅਸੀਂ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ ਉਹ ਨਾ ਮੰਨਣਯੋਗ ਸੀ। ਅਖ਼ੀਰਲੇ ਓਵਰਾਂ 'ਚ ਅਸੀਂ ਕਈ ਦੌੜਾਂ ਦਿੱਤੀਆਂ। ਜੋ ਇਕ ਤਰ੍ਹਾਂ ਨਾਲ ਜੁਰਮ ਵਾਂਗ ਹੈ। ਸਾਨੂੰ ਅਗਲੇ ਮੈਚਾਂ 'ਚ ਇਸ ਤਰ੍ਹਾਂ ਦੀ ਗਲਤੀ ਸੁਧਾਰਨ ਦੀ ਜ਼ਰੂਰਤ ਹੈ।

ਇਸ ਮੈਚ 'ਚ ਕੁਝ ਦਿਲਚਸਪ ਰਿਕਾਰਡ ਬਣੇ। ਆਈ.ਪੀ.ਐੱਲ. ਦੇ ਇਤਿਹਾਸ 'ਚ ਅਜਿਹਾ ਦੂਜੀ ਵਾਰ ਹੋਇਆ ਜਦੋਂ ਚੇਨਈ ਨੇ 206 ਦੌੜਾਂ ਦੇ ਟੀਚੇ ਦਾ ਸਫਲਤਾ ਨਾਲ ਪਿੱਛਾ ਕੀਤਾ। ਇਸ ਤੋਂ ਪਹਿਲਾਂ 2012 'ਚ ਚੇਨਈ ਨੇ ਬੈਂਗਲੁਰੂ ਨੂੰ ਇਸੇ ਟੀਚੇ ਦਾ ਪਿੱਛਾ ਕਰਕੇ ਹਰਾਇਆ ਸੀ।

ਡਿਵਿਲੀਅਰਸ ਦੇ ਨਾਂ ਰਹੇ ਕਈ ਰਿਕਾਰਡ
ਇਸ ਮੈਚ 'ਚ ਸਭ ਤੋਂ ਸ਼ਾਨਦਾਰ ਬੱਲੇਬਾਜ਼ੀ ਏ.ਬੀ. ਡਿਵਿਲੀਅਰਸ ਨੇ ਕੀਤੀ ਸੀ। ਡਿਵਿਲੀਅਰਸ ਨੇ ਇਸ ਪਾਰੀ 'ਚ 111 ਮੀਟਰ ਦਾ ਛੱਕਾ ਲਗਾਇਆ। ਜਦੋਂ ਪਾਰੀ ਦਾ 11ਵਾਂ ਓਵਰ ਇਮਰਾਨ ਤਾਹਿਰ ਕਰ ਰਹੇ ਸਨ ਤਾਂ ਡਿਵਿਲੀਅਰਸ ਆਪਣੀ ਪੂਰੀ ਫਾਰਮ 'ਚ ਸਨ। ਉਨ੍ਹਾਂ ਨੇ ਚੇਨਈ ਦੇ ਕਿਸੇ ਵੀ ਗੇਂਦਬਾਜ਼ 
ਨੂੰ ਨਹੀਂ ਬਕਸ਼ਿਆ। ਇਕ ਛੱਕਾ ਅਤੇ ਇਕ ਚੌਕਾ ਲਗਾਉਣ ਦੇ ਬਾਅਦ ਵੀ ਡਿਵਿਲੀਅਰਸ ਦਾ ਇਰਾਦਾ ਰੁਕਣ ਦਾ ਨਹੀਂ ਸੀ। ਤਾਹਿਰ ਦੇ ਓਵਰ ਦੀ ਚੌਥੀ ਗੇਂਦ 'ਤੇ ਏ.ਬੀ. ਨੇ ਡੀਪ ਮਿਡ ਵਿਕਟ ਦੇ ਉਪਰ ਤੋਂ ਲੰਬਾ ਛੱਕਾ ਲਗਾਇਆ ਜੋ ਜਿੱਥੇ ਛੱਤ 'ਤੇ ਜਾ ਲੱਗਾ। ਇਸ ਛੱਕੇ ਦੀ ਲੰਬਾਈ 111 ਮੀਟਰ ਸੀ। ਇਹ ਟੂਰਨਾਮੈਂਟ ਦਾ ਸਭ ਤੋਂ ਲੰਬਾ ਛੱਕਾ ਸਾਬਤ ਹੋਇਆ। ਏ.ਬੀ. ਡਿਵਿਲੀਅਰਸ ਨੇ ਆਪਣੀ ਧਮਾਕੇਦਾਰ ਪਾਰੀ 'ਚ ਸਿਰਫ 30 ਗੇਂਦਾਂ 'ਤੇ ਅੱਠ ਛੱਕੇ ਅਤੇ ਦੋ ਚੌਕੇ ਲਗਾਉਂਦੇ ਹੋਏ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।