ਹੈਂਡ੍ਰਿਕਸ ਨੂੰ ਮੋਢਾ ਮਾਰਨ ''ਤੇ ਕੋਹਲੀ ਨੂੰ ਪਈ ਫਿਟਕਾਰ, ਮਿਲਿਆ ਇਕ ''ਡੀਮੈਰਿਟ'' ਅੰਕ

09/23/2019 8:50:31 PM

ਬੈਂਗਲੁਰੂ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਦੱਖਣੀ ਅਫਰੀਕਾ ਵਿਰੁੱਧ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਦੌਰਾਨ ਤੇਜ਼ ਗੇਂਦਬਾਜ਼ ਬਿਊਰਨ ਹੈਂਡ੍ਰਿਕਸ ਨੂੰ ਮੋਢਾ ਮਾਰਨ 'ਤੇ ਅਧਿਕਾਰਤ ਚਿਤਾਵਨੀ ਦਿੱਤੀ ਗਈ ਤੇ ਉਸ ਦੇ ਖਾਤੇ ਵਿਚ ਇਕ 'ਡੀਮੈਰਿਟ' ਅੰਕ ਜੋੜਿਆ ਗਿਆ। ਕੋਹਲੀ ਨੂੰ ਇਥੇ ਐਤਵਾਰ ਖੇਡੇ ਗਏ ਮੈਚ ਵਿਚ ਆਈ. ਸੀ. ਸੀ. ਖੇਡ ਜ਼ਾਬਤੇ ਦੇ ਲੈਵਲ-1 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।


ਇਹ ਘਟਨਾ ਐਤਵਾਰ ਭਾਰਤੀ ਪਾਰੀ ਦੇ ਪੰਜਵੇਂ ਓਵਰ 'ਚ ਵਾਪਰੀ, ਜਦੋਂ ਕੋਹਲੀ ਨੇ ਦੌੜ ਲੈਂਦੇ ਸਮੇਂ ਗੇਂਦਬਾਜ਼ ਬਿਊਰਨ ਹੈਂਡ੍ਰਿਕਸ ਨੂੰ ਆਪਣਾ ਮੋਢਾ ਮਾਰਿਆ ਸੀ। ਆਈ. ਸੀ. ਸੀ. ਅਨੁਸਾਰ ਕੋਹਲੀ ਦੇ ਖਾਤੇ ਵਿਚ ਇਕ 'ਡੀਮੈਰਿਟ' ਅੰਕ ਵੀ ਜੋੜਿਆ ਗਿਆ ਹੈ। ਇਹ ਸਤੰਬਰ 2016 ਵਿਚ ਸੋਧੇ ਜ਼ਾਬਤੇ ਦੇ ਲਾਗੂ ਕੀਤੇ ਜਾਣ ਤੋਂ ਬਾਅਦ ਕੋਹਲੀ ਦਾ ਤੀਜਾ ਅਪਰਾਧ ਹੈ। ਕੋਹਲੀ ਦੇ ਹੁਣ 3 'ਡੀਮੈਰਿਟ' ਅੰਕ ਹੋ ਗਏ ਹਨ। ਉਸ ਨੂੰ ਦੱਖਣੀ ਅਫਰੀਕਾ ਵਿਰੁੱਧ 15 ਜਨਵਰੀ 2018 ਨੂੰ ਪ੍ਰਿਟੋਰੀਓ ਟੈਸਟ ਤੇ ਅਫਗਾਨਿਸਤਾਨ ਵਿਰੁੱਧ 22 ਜੂਨ 2019 ਨੂੰ ਵਿਸ਼ਵ ਕੱਪ ਮੈਚ ਦੌਰਾਨ ਵੀ ਇਕ-ਇਕ 'ਡੀਮੈਰਿਟ' ਅੰਕ ਮਿਲਿਆ ਸੀ। ਕੋਹਲੀ ਨੂੰ ਇਕ ਹੋਰ ਡੀਮੈਰਿਟ ਅੰਕ ਮਿਲਣ 'ਤੇ ਇਕ ਟੈਸਟ ਜਾਂ 2 ਵਨ ਡੇ ਜਾਂ 2 ਟੀ-20 ਮੈਚਾਂ ਦੀ ਪਾਬੰਦੀ ਲੱਗ ਸਕਦੀ ਹੈ। ਆਈ. ਸੀ. ਸੀ. ਦੇ ਨਿਯਮਾਂ ਦੇ ਅਨੁਸਾਰ 24 ਮਹੀਨੇ ਦੇ ਅੰਦਰ ਚਾਰ ਜਾਂ ਇਸ ਤੋਂ ਵੱਧ ਜ਼ਿਆਦਾ ਡੀਮੈਰਿਟ ਅੰਕ ਮਿਲਣ 'ਤੇ ਵੀ ਮੁਅੱਤਲ ਅੰਕਾਂ 'ਚ ਬਦਲ ਜਾਂਦੇ ਹਨ।

Gurdeep Singh

This news is Content Editor Gurdeep Singh