ਇੰਸਟਾ ਤੋਂ ਕਰੋੜਾਂ ਦੀ ਕਮਾਈ ਕਰਦੇ ਕੋਹਲੀ ਫਿਰ ਵੀ ਹਨ ਇਨ੍ਹਾਂ 2 ਖਿਡਾਰੀਆਂ ਤੋਂ ਪਿੱਛੇ

10/21/2019 3:25:22 PM

ਲਿਸਬਨ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਸਭ ਤੋਂ ਪਸੰਦੀਦਾ ਖਿਡਾਰੀਆਂ ਵਿਚ ਗਿਣੇ ਜਾਂਦੇ ਹਨ। ਇਸ ਤੋਂ ਇਲਾਵਾ ਕੋਹਲੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਕ੍ਰਿਕਟਰ ਹਨ। ਹਾਲਾਂਕਿ ਉਹ ਦੁਨੀਆ ਦੇ 2 ਦਿੱਗਜ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਤੋਂ ਇਕ ਮਾਮਲੇ 'ਚ ਪਿੱਛੇ ਹਨ।

ਰੋਨਾਲਡੋ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ

ਕ੍ਰਿਸਟਿਆਨੋ ਰੋਨਾਲਡੋ ਆਪਣੇ ਕਰੋੜਾਂ ਪ੍ਰਸ਼ੰਸਕਾਂ ਦੀ ਬਦੌਲਤ ਫੁੱਟਬਾਲ ਤੋਂ ਵੱਧ ਕਮਾਈ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕਰ ਲੈਂਦੇ ਹਨ। ਉਸ ਨੇ ਪਿਛਲੇ ਸਾਲ ਇੰਸਟਾਗ੍ਰਾਮ ਤੋਂ ਕਰੀਬ 340 ਕਰੋੜ ਰੁਪਏ ਕਮਾਏ ਜਦਕਿ ਯੂਵੈਂਟਸ ਕਲੱਬ ਵਿਚ ਉਸਦਾ ਸਾਲਾਨਾ ਪੈਕੇਜ 242 ਕਰੋੜ ਰੁਪਏ ਹੈ। ਇਕ ਰਿਪੋਰਟ ਮੁਤਾਬਕ, ਰੋਨਾਲਡੋ ਨੂੰ ਇੰਸਟਾਗ੍ਰਾਮ 'ਤੇ ਹਰੇਕ ਸਪਾਂਸਰਡ ਪੋਸਟ ਲਈ ਕਰੀਬ 6.9 ਕਰੋੜ ਰੁਪਏ ਮਿਲੇ ਹਨ। ਸੋਸ਼ਲ ਮੀਡੀਆ ਤੋਂ ਕਮਾਈ ਦੇ ਮਾਮਲੇ ਵਿਚ ਰੋਨਾਲਡੋ ਤੋਂ ਬਾਅਦ ਲਿਓਨੇਲ ਮੇਸੀ ਇਸ ਸੂਚੀ ਵਿਚ ਦੂਜੇ ਨੰਬਰ 'ਤੇ ਆਉਂਦੇ ਹਨ। ਸਪੈਨਿਸ਼ ਕਲੱਬ ਬਾਰਸੀਲੋਨਾ ਦੇ ਖਿਡਾਰੀ ਮੇਸੀ ਨੇ 36 ਪੋਸਟਾਂ ਤੋਂ ਕਰੀਬ 165 ਕਰੋੜ ਰੁਪਏ ਦੀ ਕਮਾਈ ਕੀਤੀ। ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਇਕ ਸਾਲ ਵਿਚ ਕਰੀਬ 8.3 ਕਰੋੜ ਰੁਪਏ ਕਮਾ ਕੇ ਇਸ ਸੂਚੀ ਵਿਚ 11ਵੇਂ ਨੰਬਰ 'ਤੇ ਹਨ।

ਕੋਹਲੀ ਇਸ ਸੂਚੀ ਵਿਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ

ਹਾਪਰ ਐਚਕਿਊ ਦੀ ਪ੍ਰਤੀਨਿਧੀ ਨਿਕੋਲਾ ਕ੍ਰੋਨਿਨ ਨੇ ਦੱਸਿਆ ਕਿ ਰੋਨਾਲਡੋ ਦੀ ਪ੍ਰਸਿੱਧੀ ਦਾ ਅੰਦਾਜ਼ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੰਪਨੀ ਨੂੰ ਉਸ ਤਕ ਪਹੁੰਚਣ ਲਈ 8 ਕਰੋੜ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਉੱਧਰ ਵਿਰਾਟ ਕੋਹਲੀ ਨੇ ਪਿਛਲੇ ਮਹੀਨੇ ਹੀ ਇੰਸਟਾਗ੍ਰਾਮ 'ਤੇ ਆਪਣੇ ਫਾਲੋਅਰਸ ਦੀ ਗਿਣਤੀ 10 ਕਰੋੜ ਕਰ ਲਈ ਹੈ। ਹਾਲਾਂਕਿ ਉਹ ਇਸ ਸੂਚੀ ਵਿਚ ਸਿਰਫ ਜਗ੍ਹਾ ਬਣਾਉਣ 'ਚ ਸਫਲ ਹੋਏ ਹਨ। ਇਸ ਤੋਂ ਇਲਾਵਾ ਕੋਹਲੀ ਪਹਿਲੇ ਭਾਰਤੀ ਵੀ ਹਨ ਜੋ ਇਸ ਸੂਚੀ ਵਿਚ ਸ਼ਾਮਲ ਹੋਏ ਹਨ। ਰੋਨਾਲੋਡ ਅਤੇ ਮੇਸੀ ਦੀ ਤੁਲਨਾ ਵਿਚ ਕੋਹਲੀ ਕਾਫੀ ਪਿੱਛੇ ਹਨ।