ਕੋਹਲੀ ਨੇ ਬ੍ਰੈਡਮੈਨ ਤੇ ਸਚਿਨ ਤੇਂਦੁਲਕਰ ਦਾ ਤੋੜਿਆ ਰਿਕਾਰਡ

10/11/2019 7:53:31 PM

ਪੁਣੇ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਇੱਥੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਮੈਚ 'ਚ ਕਰੀਅਰ ਦੀ ਸਰਵਸ੍ਰੇਸ਼ਠ 254 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੈਸਟ ਕ੍ਰਿਕਟ 'ਚ ਮਹਾਨ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਕੋਹਲੀ ਨੇ 7ਵਾਂ ਦੋਹਰਾ ਸੈਂਕੜਾ ਲਗਾ ਕੇ ਨਵਾਂ ਭਾਰਤੀ ਰਿਕਾਰਡ ਬਣਾਇਆ। ਉਸ ਨੇ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਦੇ 6-6 ਦੋਹਰੇ ਸੈਂਕੜਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਇਸ ਸੂਚੀ 'ਚ ਆਸਟਰੇਲੀਆ ਦੇ ਬ੍ਰੈਡਮੈਨ ਚੋਟੀ 'ਤੇ ਹੈ ਜਿਸ ਨੇ 12 ਦੋਹਰੇ ਸੈਂਕੜੇ ਲਗਾਏ ਹਨ। ਕੋਹਲੀ ਦੇ ਨਾਂ ਹੁਣ ਟੈਸਟ ਕ੍ਰਿਕਟ 'ਚ 26 ਤੇ ਕੁਲ 69 ਅੰਤਰਰਾਸ਼ਟਰੀ ਸੈਂਕੜੇ (ਵਨ ਡੇ 'ਚ 43) ਹਨ। ਉਸ ਨੇ ਆਪਣੀ ਪਾਰੀ ਦੌਰਾਨ ਬ੍ਰੈਡਮੈਨ ਦੇ 6,996 ਦੌੜਾਂ ਨੂੰ ਪਿੱਛੇ ਛੱਡ ਦਿੱਤਾ। 30 ਸਾਲ ਦੇ ਕੋਹਲੀ ਦੇ ਨਾਂ ਹੁਣ ਟੈਸਟ 'ਚ 7,000 ਤੋਂ ਜ਼ਿਆਦਾ ਦੌੜਾਂ ਹੋ ਗਈਆਂ ਹਨ। ਵੈਸਟਇੰਡੀਜ਼ ਵਿਰੁੱਧ 2011 'ਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਹ ਬੱਲੇਬਾਜ਼ ਹੁਣ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 50 'ਚ ਸ਼ਾਮਲ ਹੋ ਗਿਆ ਹੈ। ਇਸ ਸੂਚੀ 'ਚ ਤੇਂਦੁਲਕਰ (15,921 ਦੌੜਾਂ) ਚੋਟੀ 'ਤੇ ਹੈ। ਉਸ ਨੇ ਇਸ ਦੌਰਾਨ ਸ਼੍ਰੀਲੰਕਾ ਦੇ ਸਨਥ ਜੈਸੂਰੀਆ, ਆਸਟਰੇਲੀਆ ਦੇ ਸਟੀਵ ਸਮਿਥ ਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਲੇਨ ਹਟਨ (6,971) ਨੂੰ ਟੈਸਟ ਕਰੀਅਰ ਦੀਆਂ ਦੌੜਾਂ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ। ਉਸ ਨੇ ਕੁਝ ਸਮੇਂ ਲਈ ਬ੍ਰੈਡਮੈਨ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ 150+ ਸਕੋਰ ਕਰਨ ਦਾ ਰਿਕਾਰਡ ਵੀ ਤੋੜ ਦਿੱਤਾ ਸੀ। ਇਸ ਤੋਂ ਬਾਅਦ ਹਾਲਾਂਕਿ ਉਸ ਨੇ ਦੋਹਰਾ ਸੈਂਕੜਾ ਲਗਾ ਦਿੱਤਾ। ਕੋਹਲੀ ਨੇ ਟੈਸਟ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਨਾਲ ਹੀ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੀ ਵੀ ਬਰਾਬਰੀ ਕੀਤੀ। ਕੋਹਲੀ ਤੇ ਪੋਂਟਿੰਗ ਦੇ ਨਾਂ ਹੁਣ ਟੈਸਟ ਕਪਤਾਨ ਦੇ ਤੌਰ 'ਤੇ 19 ਸੈਂਕੜੇ ਹਨ। ਇਸ ਸੂਚੀ 'ਚ ਦੱਖਣੀ ਅਫਰੀਕਾ ਦੇ ਸਬਕਾ ਕਪਤਾਨ ਗ੍ਰੀਮ ਸਮਿਥ (25) ਪਹਿਲੇ ਸਥਾਨ 'ਤੇ ਹੈ।

Gurdeep Singh

This news is Content Editor Gurdeep Singh