ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਲੈਅ ''ਚ ਨਜ਼ਰ ਆਏ ਕੋਹਲੀ

05/29/2017 2:10:42 PM

ਨਵੀਂ ਦਿੱਲੀ— ਜਗ੍ਹਾ ਬਦਲੀ, ਆਬੋਹਵਾ ਬਦਲੀ ਤਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਮਿਜਾਜ਼ ਵੀ ਬਦਲ ਗਿਆ। ਆਈ.ਪੀ.ਐੱਲ. 'ਚ ਦੌੜਾਂ ਲਈ ਜੂਝ ਰਹੇ ਵਿਰਾਟ ਕੋਹਲੀ ਦੇ ਬੱਲੇ ਨੇ ਐਤਵਾਰ ਨੂੰ ਓਵਲ 'ਚ ਖੂਬ ਦੌੜਾਂ ਬਣਾਈਆਂ। ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਅਭਿਆਸ ਮੈਚ 'ਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਸੀ। ਇਸ ਮੁਕਾਬਲੇ 'ਚ ਪਹਿਲਾਂ ਤਾਂ ਭਾਰਤੀ ਗੇਂਦਬਾਜ਼ਾਂ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਰਵਿੰਦਰ ਜਡੇਜਾ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੀ ਪੂਰੀ ਟੀਮ 38.4 ਓਵਰਾਂ 'ਚ 189 ਦੌੜਾਂ 'ਤੇ ਸਿਮਟ ਗਈ।

ਇਸ ਦੇ ਜਵਾਬ 'ਚ ਭਾਰਤ ਨੇ ਜਦੋਂ 26 ਓਵਰਾਂ 'ਚ ਤਿੰਨ ਵਿਕਟਾਂ 'ਤੇ 129 ਦੌੜਾਂ ਬਣਾਈਆਂ ਸਨ ਕਿ ਉਸੇ ਵੇਲੇ ਭਾਰੀ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਜਦੋਂ ਮੀਂਹ ਕਾਰਨ ਖੇਡ ਰੋਕੀ ਗਈ ਤਾਂ ਕੋਹਲੀ 52 ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 17 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਬਾਅਦ ਅੱਗੇ ਦੀ ਖੇਡ ਨਹੀਂ ਹੋ ਸਕੀ ਅਤੇ ਡਕਵਰਥ ਨਿਯਮ ਦੇ ਤਹਿਤ ਭਾਰਤ ਨੂੰ 45 ਦੌੜਾਂ ਨਾਲ ਜੇਤੂ ਐਲਾਨਿਆ ਗਿਆ। 

ਕੋਹਲੀ ਨੇ ਇਸ ਮੈਚ 'ਚ 55 ਗੇਂਦਾਂ ਦਾ ਸਾਹਮਣਾ ਕੀਤਾ ਅਤੇ 52 ਦੌੜਾਂ ਦੀ ਇਸ ਪਾਰੀ ਦੇ ਦੌਰਾਨ 6 ਚੌਕੇ ਲਗਾਏ। ਕੋਹਲੀ ਦੇ ਲੈਅ 'ਚ ਆਉਣ ਨਾਲ ਭਾਰਤੀ ਟੀਮ ਨੇ ਰਾਹਤ ਦਾ ਸਾਹ ਲਿਆ ਹੋਵੇਗਾ। ਕੋਹਲੀ ਦਾ ਆਈ.ਪੀ.ਐੱਲ. 'ਚ ਪ੍ਰਦਰਸ਼ਨ ਬਹੁਤ ਬੁਰਾ ਰਿਹਾ ਸੀ। 2017 ਦੇ ਆਈ.ਪੀ.ਐੱਲ. 'ਚ ਕੋਹਲੀ ਨੇ 9 ਮੈਚਾਂ 'ਚ ਸਿਰਫ 250 ਦੌੜਾਂ ਬਣਾਈਆਂ। ਆਈ.ਪੀ.ਐੱਲ. ਤੋਂ ਪਹਿਲਾਂ ਕੋਹਲੀ ਆਸਟਰੇਲੀਆ ਦੇ ਨਾਲ ਸੀਰੀਜ਼ 'ਚ ਬਹੁਤ ਸਫਲ ਨਹੀਂ ਰਹੇ ਸਨ। ਆਸਟਰੇਲੀਆ ਦੇ ਨਾਲ ਕੋਹਲੀ ਪੰਜ ਪਾਰੀਆਂ 'ਚ 46 ਦੌੜਾਂ ਹੀ ਬਣਾ ਸਕੇ ਸਨ।