ਕੀਵੀਆਂ ਖਿਲਾਫ T20 'ਚ 'ਮੈਨ ਆਫ ਦਿ ਸੀਰੀਜ਼' ਬਣੇ ਇਸ ਖਿਡਾਰੀ ਨੂੰ ਕੀਤਾ ਟੈਸਟ ਟੀਮ 'ਚੋਂ ਬਾਹਰ

02/04/2020 12:55:56 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੀ ਜ਼ਮੀਨ 'ਤੇ 5-0 ਨਾਲ ਟੀ-20 ਸੀਰੀਜ਼ ਜਿੱਤ ਕੇ ਟੀਮ ਇੰਡੀਆ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਨੂੰ ਉਸਦੀ ਜ਼ਮੀਨ 'ਤੇ ਹਰਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਪਰ ਟੀਮ ਇੰਡੀਆ ਨੇ ਇਹ ਕੰਮ ਬੜੇ ਆਰਾਮ ਨਾਲ ਕਰ ਵਿਖਾਇਆ। ਭਾਰਤ ਦੀ ਇਸ ਵੱਡੀ ਜਿੱਤ ਦਾ ਸਭ ਤੋਂ ਵੱਡਾ ਹੀਰੋ ਸਲਾਮੀ ਬਲੇਬਾਜ਼ ਕੇ. ਐੱਲ. ਰਾਹੁਲ ਰਿਹਾ ਹੈ। ਉਸ ਨੇ ਨਿਊਜ਼ੀਲੈਂਡ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਵਿਕਟਕੀਪਿੰਗ ਦੀ ਵੀ ਬਿਹਤਰੀਨ ਭੂਮਿਕਾ ਨਿਭਾਈ, ਜਿਸ ਕਰਕੇ ਉਸ ਨੂੰ ਮੈਨ ਆਫ ਦਿ ਸੀਰੀਜ਼ ਦਾ ਐਵਾਰਡ ਲਈ ਵੀ ਚੁਣਿਆ ਗਿਆ। ਇਨੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਦੋਂ ਨਿਊਜ਼ੀਲੈਂਡ ਖਿਲਾਫ ਟੈਸਟ ਭਾਰਤੀ ਟੀਮ ਦਾ ਐਲਾਨ ਹੋਇਆ ਤਾਂ ਰਾਹੁਲ ਨੂੰ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਜੋ ਕਿ ਇਕ ਬੇਹੱਦ ਹੀ ਨਿਰਾਸ਼ਾ ਵਾਲੀ ਗੱਲ ਹੈ।


ਇਸ ਸੀਰੀਜ਼ 'ਚ ਰਾਹੁਲ ਨੇ 56 ਦੀ ਔਸਤ ਨਾਲ ਬਣਾਈਆਂ 224 ਦੌੜਾਂ 
ਰਾਹੁਲ ਨੇ ਨਿਊਜ਼ੀਲੈਂਡ ਟੀ-20 ਸੀਰੀਜ਼ 'ਚ ਸਭ ਤੋਂ ਜ਼ਿਆਦਾ 224 ਦੌੜਾਂ ਬਣਾਈਆਂ। ਕੇ. ਐੱਲ ਰਾਹੁਲ ਦੀ 5 ਮੈਚਾਂ 'ਚ ਬੱਲੇਬਾਜ਼ੀ ਔਸਤ 56 ਦੀ ਰਹੀ ਅਤੇ ਉਸ ਦਾ ਸਟ੍ਰਾਈਕ ਰੇਟ ਵੀ 144.51 ਰਿਹਾ। ਦੂਜੇ ਪਾਸੇ ਰੋਹਿਤ ਜ਼ਖਮੀ ਹੋਣ ਕਾਰਨ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋਏ ਤਾਂ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਰੋਹਿਤ ਦੀ ਜਗ੍ਹਾ ਰਾਹੁਲ ਨੂੰ ਦਿੱਤੀ ਜਾਵੇਗੀ। ਕੇ. ਐੱਲ. ਰਾਹੁਲ ਨੇ ਪਿਛਲੇ ਇਕ ਸਾਲ ਤੋਂ ਵਨ-ਡੇ ਅਤੇ ਟੀ-20 ਫਾਰਮੈਟ 'ਚ ਜਿਸ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਿਊਜ਼ੀਲੈਂਡ ਟੀ-20 ਸੀਰੀਜ 'ਚ ਵੀ ਰੱਜ ਕੇ ਦੌੜਾਂ ਬਣਾਈਆਂ ਤਾਂ ਇੰਝ ਲੱਗ ਰਿਹਾ ਸੀ ਕਿ ਉਸ ਦੀ ਟੈਸਟ ਟੀਮ 'ਚ ਵਾਪਸੀ ਹੋ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ। ਰਾਹੁਲ ਦੀ ਜਗ੍ਹਾ ਟੀਮ ਇੰਡੀਆ ਦੀ ਟੈਸਟ ਟੀਮ 'ਚ ਸ਼ੁਭਮਨ ਗਿੱਲ ਨੂੰ ਸ਼ਾਮਲ ਕਰ ਲਿਆ ਗਿਆ। ਸ਼ੁਭਮਨ ਗਿਲ ਵੀ ਫ਼ਾਰਮ 'ਚ ਹਨ ਅਤੇ ਉਨ੍ਹਾਂ ਨੇ ਹਾਲ ਹੀ 'ਚ ਨਿਊਜ਼ੀਲੈਂਡ ਏ ਖਿਲਾਫ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ ਹੈ ਪਰ ਜਿਸ ਤਰ੍ਹਾਂ ਦੀ ਖੇਡ ਪਿਛਲੇ ਇਕ ਸਾਲ 'ਚ ਰਾਹੁਲ ਨੇ ਦਿਖਾਈ ਹੈ ਉਸ ਦੀ ਟੈਸਟ 'ਚ ਵਾਪਸੀ ਦੀ ਪੂਰੀ ਉਮੀਦ ਸੀ ਅਤੇ ਉਹ ਇਸਦਾ ਪੂਰਾ ਹੱਕਦਾਰ ਸੀ। ਵੈਸਟਇੰਡੀਜ਼ ਖਿਲਾਫ ਖੇਡਿਆ ਸੀ ਆਖਰੀ ਟੈਸਟ
ਕੇ. ਐੱਲ. ਰਾਹੁਲ ਨੇ ਆਪਣਾ ਆਖਰੀ ਟੈਸਟ ਪਿਛਲੇ ਸਾਲ ਅਗਸਤ 'ਚ ਵੈਸਟਇੰਡੀਜ਼ ਦੌਰੇ 'ਤੇ ਖੇਡਿਆ ਸੀ, ਇਸ ਤੋਂ ਬਾਅਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਦੂਜੇ ਪਾਸੇ ਉਸ ਨੇ ਵਨ-ਡੇ ਅਤੇ ਟੀ-20 ਫਾਰਮੈਟ 'ਚ ਆਪਣੀ ਜਗ੍ਹਾ ਬਚਾਏ ਰੱਖੀ ਅਤੇ ਜ਼ਬਰਦਸਤ ਪ੍ਰਦਰਸ਼ਨ ਵੀ ਕੀਤਾ। ਪਿਛਲੇ ਇਕ ਸਾਲ 'ਚ ਰਾਹੁਲ ਨੇ 16 ਵਨਡੇ ਮੈਚਾਂ 'ਚ 47.86 ਦੀ ਔਸਤ ਨਾਲ 718 ਦੌੜਾਂ ਬਣਾਈਆਂ ਹਨ,  ਜਿਸ 'ਚ ਦੋ ਸੈਂਕੜੇ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। 2019 ਕ੍ਰਿਕਟ ਵਰਲਡ ਕੱਪ 'ਚ 45.12 ਦੀ ਔਸਤ ਨਾਲ 316 ਦੌੜਾਂ ਵੀ ਬਣਾਈਆਂ। ਵੈਸਟਇੰਡੀਜ਼ ਵਨ-ਡੇ ਸੀਰੀਜ਼ 'ਚ ਉਸ ਨੇ 61.66 ਦੀ ਔਸਤ ਨਾਲ 185 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਸਟਰੇਲੀਆ ਵਨ-ਡੇ ਸੀਰੀਜ਼ 'ਚ ਤਕਰੀਬਨ 50 ਦੀ ਔਸਤ ਨਾਲ 146 ਦੌੜਾਂ ਬਣਾਈਆਂ। ਬੱਲੇ ਨਾਲ ਰਾਹੁਲ ਨੇ ਕੀਤਾ ਕਮਾਲ
ਪਿਛਲੇ ਇਕ ਸਾਲ 'ਚ ਰਾਹੁਲ ਨੇ 16 ਟੀ-20 ਪਾਰੀਆਂ 'ਚ 48.50 ਦੀ ਔਸਤ ਨਾਲ 679 ਦੌੜਾਂ ਬਣਾਈਆਂ, ਜਿਨਾਂ 'ਚ 7 ਅਰਧ ਸੈਂਕੜੇ ਸ਼ਾਮਲ ਰਹੇ। ਆਸਟਰੇਲੀਆ ਖਿਲਾਫ ਟੀ-20 ਸੀਰੀਜ਼ 'ਚ ਉਸ ਨੇ 48.50 ਦੀ ਔਸਤ ਨਾਲ 97 ਦੌੜਾਂ, ਬੰਗਲਾਦੇਸ਼ ਖਿਲਾਫ 37.50 ਦੀ ਔਸਤ ਨਾਲ 75 ਦੌੜਾਂ, ਵੈਸਟਇੰਡੀਜ਼ ਟੀ-20 ਸੀਰੀਜ਼ 'ਚ ਉਸ ਨੇ 54.66 ਦੀ ਔਸਤ ਨਾਲ 164 ਦੌੜਾਂ, ਸ਼੍ਰੀਲੰਕਾ ਟੀ-20 ਸੀਰੀਜ਼ 'ਚ ਉਸ ਨੇ 2 ਟੀ-20 ਮੈਚਾਂ 'ਚ 49.50 ਦੇ ਔਸਤ ਨਾਲ 99 ਦੌੜਾਂ ਬਣਾਈਆਂ। ਹੁਣ ਹਾਲ ਹੀ 'ਚ ਖੇਡੀ ਗਈ ਨਿਊਜ਼ੀਲੈਂਡ ਟੀ-20 ਸੀਰੀਜ਼ 'ਚ ਵੀ ਉਸ ਨੇ 56 ਦੀ ਔਸਤ ਨਾਲ 224 ਦੌੜਾਂ ਬਣਾਈਆਂ।  ਬੱਲੇਬਾਜ਼ੀ ਦੇ ਨਾਲ ਨਾਲ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਵੀ ਸੰਭਾਲੀ
ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ ਦੇ ਦੌਰਾਨ ਜਦੋਂ ਮੁੰਬਈ ਵਨ-ਡੇ 'ਚ ਵਿਕਟਕੀਪਰ ਰਿਸ਼ਭ ਪੰਤ ਨੂੰ ਸੱਟ ਲੱਗੀ ਤਾਂ ਅਜਿਹੇ ਸਮੇਂ 'ਚ ਕੇ. ਐੱਲ ਰਾਹੁਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਜਿਸ ਨੂੰ ਉਸ ਨੇ ਬਿਹਤਰੀਨ ਤਰੀਕੇ ਨਾਲ ਨਿਭਾਇਆ। ਕੇ. ਐੱਲ. ਰਾਹੁਲ ਨੇ ਰਾਜਕੋਟ ਵਨ-ਡੇ 'ਚ 2 ਕੈਚ ਅਤੇ ਇਕ ਸ਼ਾਨਦਾਰ ਸਟੰਪ ਆਊਟ ਵੀ ਕੀਤਾ ਸੀ। ਇਸ ਤੋਂ ਬਾਅਦ ਬੈਂਗਲੁਰੂ 'ਚ ਵੀ ਰਾਹੁਲ ਨੇ 2 ਕੈਚ ਫੜੇ ਸਨ। ਨਿਊਜ਼ੀਲੈਂਡ ਦੌਰੇ 'ਤੇ ਖੇਡੀ ਗਈ ਪੂਰੀ ਟੀ-20 ਸੀਰੀਜ਼ ਲਈ ਵੀ ਰਾਹੁਲ ਨੂੰ ਵਿਕੇਟਕੀਪਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਸਨੂੰ ਉਸ ਨੇ ਬੜੇ ਚੰਗੇ ਤਰੀਕੇ ਨਾਲ ਨਿਭਇਆ। ਮੈਚ ਦੇ ਆਖਰੀ ਓਵਰਾਂ 'ਚ ਉਸ ਦੀ ਸੂਝ ਭਰੀ ਵਿਕਟਕੀਪਿੰਗ ਨੇ ਟੀਮ ਇੰਡੀਆ ਨੂੰ ਮੈਚ ਵੀ ਜਿਤਾਏ। ਇਨਾਂ ਸਾਰੀਆਂ ਗੱਲਾਂ ਤੋਂ ਇਹ ਸਪੱਸ਼ਟ ਹੈ ਕਿ ਰਾਹੁਲ ਹਰ ਮੋਰਚੇ 'ਤੇ ਖਰੇ ਉਤਰੇ ਹਨ ਅਤੇ ਇਸ ਦੇ ਬਾਵਜੂਦ ਉਸ ਨੂੰ ਟੈਸਟ ਟੀਮ 'ਚ ਸ਼ਾਮਲ ਨਾ ਕਰਨਾ ਕਿਤੇ ਨਾ ਕਿਤੇ ਰਾਹੁਲ ਨਾਲ ਬੇਨਾਇੰਸਾਫੀ ਹੈ।