ਭਾਰਤ ਕੋਲੋਂ ਮਿਲੀ ਹਾਰ ਤੋਂ ਬਾਅਦ ਕੀਵੀ ਕਪਤਾਨ ਵਿਲੀਅਮਸਨ ਦਾ ਵੱਡਾ ਬਿਆਨ

01/24/2020 6:38:51 PM

ਸਪੋਰਟਸ ਡੈਸਕ— ਆਕਲੈਂਡ 'ਚ ਭਾਰਤ ਖਿਲਾਫ ਪਹਿਲਾ ਟੀ-20 ਮੁਕਾਬਲਾ 6 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਭਲੇ ਹੀ ਉਹ ਮੈਚ ਗੁਆ ਬੈਠੇ ਪਰ ਉਨ੍ਹਾਂ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਵਿਲੀਅਮਸਨ ਬੋਲੇ ਆਕਲੈਂਡ ਦਾ ਮੈਦਾਨ ਕਾਫ਼ੀ ਛੋਟਾ ਹੈ। ਇੱਥੇ ਟੀਚੇ ਦਾ ਬਚਾਅ ਕਰਨਾ ਹਮੇਸ਼ਾ ਮੁਸ਼ਕਿਲ ਰਹਿੰਦਾ ਹੈ। ਸਾਨੂੰ ਰਾਤ ਨੂੰ ਪੈਣ ਵਾਲੀ ਤਰੇਲ ਨੇ ਪ੍ਰਭਾਵਿਤ ਕੀਤਾ। ਇਸ ਕਾਰਨ ਸਾਨੂੰ ਜ਼ਿਆਦਾ ਮੌਕੇ ਨਹੀਂ ਮਿਲੇ। 

ਵਿਲੀਅਮਸਨ ਨੇ ਕਿਹਾ ਕਿ ਮੈਦਾਨ ਛੋਟਾ ਸੀ ਅਜਿਹੇ 'ਚ ਸਾਡੀ ਟੀਮ ਨੇ ਪਹਿਲਾਂ ਖੇਡਦੇ ਹੋਏ 200+ ਦੌੜਾਂ ਬਣਾਈਆਂ ਪਰ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਪੂਰਾ ਕ੍ਰੈਡਿਟ ਜਾਂਦਾ ਹੈ। ਬੱਲੇਬਾਜ਼ੀ 'ਚ ਉਹ ਬਿਲਕੁਲ ਵੱਖ ਸੀ। ਅਸੀਂ ਗੇਂਦਬਾਜ਼ੀ ਨਾਲ ਕੁਝ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦੇ ਅਨੁਭਵ ਖਿਡਾਰੀਆਂ ਨੇ ਅਜਿਹਾ ਹੋਣ ਨਹੀਂ ਦਿੱਤਾ। ਭਾਰਤ ਪਿਛਲੇ ਲੰਬੇ ਸਮੇਂ ਤੋਂ ਦਬਾਅ ਵਾਲੀ ਗੇਮ ਖੇਡਦਾ ਰਿਹਾ ਹੈ। ਅਜਿਹੇ 'ਚ ਉਹ ਅਜਿਹੀ ਗੇਮ ਖੇਡਣ 'ਚ ਕਾਫ਼ੀ ਚੰਗਾ ਹੈ। 

ਵਿਲੀਅਮਸਨ ਨੇ ਆਪਣੇ ਖਿਡਾਰੀਆਂ ਦੀ ਵੀ ਤਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੇ ਅੱਗੇ ਕੀਵੀ ਬੱਲੇਬਾਜ਼ਾਂ ਨੇ ਚੰਗੀ ਲੈਅ ਦਿਖਾਈ। ਸਾਨੂੰ ਸ਼ੁਰੂਆਤ ਚੰਗੀ ਮਿਲੀ। ਉਸ ਤੋਂ ਬਾਅਦ ਮੈਂ ਅਤੇ ਰੋਸ ਟੇਲਰ ਨੇ ਸਕੋਰ ਤੇਜ਼ੀ ਨਾਲ ਅੱਗੇ ਵਧਾਇਆ। ਕੋਸ਼ਿਸ਼ ਰਹੇਗੀ ਕਿ ਸੀਰੀਜ਼ ਦੇ ਅਗਲੇ ਮੈਚਾਂ 'ਚ ਇਸ ਤਰ੍ਹਾਂ ਦੀ ਲੈਅ ਬਣਾਏ ਰੱਖੀਏ।