ਮੈਚ ਦੌਰਾਨ ਮੈਦਾਨ 'ਚ ਆਈ ਪਤੰਗ, ਵਾਰਨਰ ਨੇ ਫੜੀ ਤਾਂ ਲੋਕ ਬੋਲੇ- 'ਕਾਈ ਪੋ ਚੇ'

01/14/2020 8:43:41 PM

ਮੁੰਬਈ (ਏਜੰਸੀ)- ਭਾਰਤ- ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਜਾ ਰਹੇ ਮੈਚ ਦੌਰਾਨ ਅਚਾਨਕ ਪਤੰਗ ਆ ਗਈ, ਜਿਸ ਕਾਰਨ ਮੈਚ ਥੋੜ੍ਹੀ ਦੇਰ ਲਈ ਰੋਕ ਦਿੱਤਾ ਗਿਆ। ਮਕਰ ਸੰਕ੍ਰਾਂਤੀ ਕਾਰਨ ਮਹਾਰਾਸ਼ਟਰ ਵਿਚ ਪਤੰਗਬਾਜ਼ੀ ਦੇ ਮੁਕਾਬਲੇ ਚੱਲ ਰਹੇ ਹਨ ਅਜਿਹੇ ਵਿਚ ਇਕ ਪਤੰਗ ਸਟੇਡੀਅਣ ਵਿਚ ਆ ਗਈ। ਭਾਰਤੀ ਟੀਮ ਉਦੋਂ ਆਪਣੀ ਪਾਰੀ ਦਾ 49ਵਾਂ ਓਵਰ ਖੇਡ ਰਹੀ ਸੀ। ਸਭ ਤੋਂ ਪਹਿਲਾਂ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪਤੰਗ ਨੂੰ ਫੜਿਆ ਅਤੇ ਅੰਪਾਇਰ ਕੋਲ ਲੈ ਗਿਆ।


ਓਧਰ ਵਾਰਨਰ ਨੇ ਜਿਵੇਂ ਹੀ ਪਤੰਗ ਫੜੀ, ਸਟੇਡੀਅਮ ਵਿਚ ਬੈਠੇ ਦਰਸ਼ਕਾਂ ਨੇ ਇਸ 'ਤੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ। ਦਰਸ਼ਕਾਂ ਨੇ ਇਕ ਸੁਰ ਵਿਚ ਕਾਈ ਪੋ ਚੇ ਬੋਲਣਾ ਸ਼ੁਰੂ ਕਰ ਦਿੱਤਾ। ਦੇਖਦੇ-ਦੇਖਦੇ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਚਰਚਾ ਸ਼ੁਰੂ ਹੋ ਗਈ। ਦੱਸ ਦਈਏ ਕਿ ਗੁਜਰਾਤ ਵਿਚ ਪਤੰਗਬਾਜ਼ੀ ਦੌਰਾਨ ਪਤੰਗ ਕੱਟਣ 'ਤੇ ਜਿੱਤਣ ਵਾਲੀ ਟੀਮ 'ਕਾਈ ਪੋ ਚੇ' ਬੋਲਦੀ ਹੈ ਯਾਨੀ ਅਸੀਂ ਜਿੱਤ ਗਏ। ਇਹ ਸ਼ਬਦ ਪੂਰੇ ਭਾਰਤ ਵਿਚ ਪ੍ਰਚਲਿਤ ਹੈ। ਇਸ ਦਾ ਇਕ ਵੱਡਾ ਕਾਰਨ ਇਸ ਨਾਂ 'ਤੇ ਬਾਲੀਵੁੱਡ ਮੂਵੀ ਵੀ ਬਣਨਾ ਹੈ। ਦਰਅਸਲ, ਚੇਤਨ ਭਗਤ ਦੇ ਨਾਵਲ 'ਤੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ 'ਕਾਈ ਪੋ ਚੇ' ਮੂਵੀ ਬਣੀ ਸੀ ਜੋ ਕਿ ਬਹੁਤ ਪਸੰਦ ਕੀਤੀ ਗਈ ਸੀ।

Sunny Mehra

This news is Content Editor Sunny Mehra