IPL 2020 SRH vs KXIP : ਹੈਦਰਾਬਾਦ ਨੇ ਪੰਜਾਬ ਨੂੰ 69 ਦੌੜਾਂ ਨਾਲ ਹਰਾਇਆ

10/08/2020 11:29:25 PM

ਦੁਬਈ– ਜਾਨੀ ਬੇਅਰਸਟੋ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜਿਆਂ ਤੋਂ ਬਾਅਦ ਰਾਸ਼ਿਦ ਖਾਨ ਤੇ ਖਲੀਲ ਅਹਿਮਦ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਵੀਰਵਾਰ ਨੂੰ ਇੱਥੇ ਕਿੰਗਜ਼ ਇਲੈਵਨ ਪੰਜਾਬ ਨੂੰ 69 ਦੌੜਾਂ ਨਾਲ ਹਰਾ ਦਿੱਤਾ। ਸਨਰਾਈਜ਼ਰਜ਼ ਦੇ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਰਾਸ਼ਿਦ (12 ਦੌੜਾਂ 'ਤੇ 3 ਵਿਕਟਾਂ), ਖਲੀਲ (24 ਦੌੜਾਂ 'ਤੇ 2 ਵਿਕਟਾਂ) ਤੇ ਟੀ. ਨਟਰਾਜਨ (24 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਨਿਕੋਲਸ ਪੂਰਨ (77) ਦੀ ਤੂਫਾਨੀ ਪਾਰੀ ਦੇ ਬਾਵਜੂਦ 16.5 ਓਵਰਾਂ ਵਿਚ 132 ਦੌੜਾਂ 'ਤੇ ਢੇਰ ਹੋ ਗਈ। ਪੂਰਨ ਨੇ 37 ਗੇਂਦਾਂ ਦੀ ਆਪਣੀ ਪਾਰੀ ਵਿਚ 5 ਚੌਕੇ ਤੇ 7 ਛੱਕੇ ਲਾਏ। ਉਸ ਤੋਂ ਇਲਾਵਾ ਟੀਮ ਦਾ ਕੋਈ ਹੋਰ ਬੱਲੇਬਾਜ਼ 11 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕਿਆ।


ਇਸ ਤੋਂ ਪਹਿਲਾਂ ਬੇਅਰਸਟੋ ਨੇ 55 ਗੇਂਦਾਂ 'ਤੇ 6 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਵਾਰਨਰ (52) ਨਾਲ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਪੰਜਾਬ ਨੂੰ ਲੈੱਗ ਸਪਿਨਰ ਰਵੀ ਬਿਸ਼ਨੋਈ (29 ਦੌੜਾਂ 'ਤੇ 3 ਵਿਕਟਾਂ) ਤੇ ਅਰਸ਼ਦੀਪ ਸਿੰਘ (33 ਦੌੜਾਂ 'ਤੇ 2 ਵਿਕਟਾਂ) ਨੇ ਆਖਰੀ 5 ਓਵਰਾਂ ਵਿਚ ਵਾਪਸੀ ਦਿਵਾਈ ਸੀ, ਜਿਸ ਵਿਚ ਸਨਰਾਈਜ਼ਰਜ਼ ਦੀ ਟੀਮ 41 ਦੌੜਾਂ ਹੀ ਜੋੜ ਸਕੀ।


ਸਨਰਾਈਜ਼ਰਜ਼ ਦੀ 6 ਮੈਚਾਂ ਵਿਚੋਂ ਇਹ ਤੀਜੀ ਜਿੱਤ ਹੈ ਤੇ ਟੀਮ 6 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ । ਦੂਜੇ ਪਾਸੇ ਪੰਜਾਬ ਦੀ ਟੀਮ ਦੇ ਲਗਾਤਾਰ ਚੌਥੀ ਹਾਰ ਤੋਂ ਬਾਅਦ 6 ਮੈਚਾਂ ਵਿਚੋਂ ਇਕ ਜਿੱਤ ਦੇ ਨਾਲ 2 ਹੀ ਅੰਕ ਹਨ ਤੇ ਉਹ ਆਖਰੀ ਸਥਾਨ 'ਤੇ ਚੱਲ ਰਹੀ ਹੈ ਤੇ ਇਸ ਤਰ੍ਹਾਂ ਨਾਲ ਟੀਮ ਦਾ ਪਲੇਅ ਆਫ ਵਿਚ ਜਗ੍ਹਾ ਬਣਾਉਣ ਦਾ ਰਸਤਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।


ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਦੇ ਕਪਤਾਨ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਬੇਅਰਸਟੋ ਨਾਲ ਮਿਲ ਕੇ ਟੀਮ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਬੇਅਰਸਟੋ ਹਾਲਾਂਕਿ 19 ਦੌੜਾਂ 'ਤੇ ਲੱਕੀ ਰਿਹਾ ਜਦੋਂ ਮੁਹੰਮਦ ਸ਼ੰਮੀ ਦੀ ਗੇਂਦ 'ਤੇ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਉਸਦਾ ਮੁਸ਼ਕਿਲ ਕੈਚ ਛੱਡ ਦਿੱਤਾ। ਸਨਰਾਈਜ਼ਰਜ਼ ਨੇ ਪਾਵਰਪਲੇਅ 'ਚ ਬਿਨਾਂ ਵਿਕਟ ਗੁਆਏ 58 ਦੌੜਾਂ ਜੋੜੀਆਂ। ਵਾਰਨਰ ਤੇ ਬੇਅਰਸਟੋ ਵਿਚਾਲੇ ਇਹ 5ਵੀਂ ਸੈਂਕੜੇ ਵਾਲੀ ਸਾਂਝੇਦਾਰੀ ਹੈ।


ਰਾਹੁਲ ਨੇ 16ਵੇਂ ਓਵਰ ਵਿਚ ਗੇਂਦ ਬਿਸ਼ਨੋਈ ਨੂੰ ਸੌਂਪੀ ਤੇ ਇਹ ਓਵਰ ਟਰਨਿੰਗ ਪੁਆਇੰਟ ਸਾਬਤ ਹੋਇਆ। ਬਿਸ਼ਨੋਈ ਨੇ ਪਹਿਲੀ ਹੀ ਗੇਂਦ 'ਤੇ ਵਾਰਨਰ ਨੂੰ ਮੈਕਸਵੈੱਲ ਹੱਥੋਂ ਕੈਚ ਕਰਵਾਉਣ ਤੋਂ ਬਾਅਦ ਬੇਅਰਸਟੋ ਨੂੰ ਵੀ ਐੱਲ. ਬੀ. ਡਬਲਯੂ. ਆਊਟ ਕੀਤਾ ਜਦਕਿ ਇਸ ਓਵਰ ਵਿਚ ਸਿਰਫ 1 ਦੌੜ ਹੀ ਬਣੀ। ਵਾਰਨਰ ਨੇ 40 ਗੇਂਦਾਂ ਦਾ ਸਾਹਮਣਾ ਕਰਦੇ ਹੋਏ 5 ਚੌਕੇ ਤੇ 3 ਛੱਕੇ ਲਾਏ। ਅਰਸ਼ਦੀਪ ਨੇ ਅਗਲੇ ਓਵਰ ਵਿਚ ਮਨੀਸ਼ ਪਾਂਡੇ (1) ਨੂੰ ਆਪਣੀ ਹੀ ਗੇਂਦ 'ਤੇ ਕੈਚ ਕਰ ਲਿਆ, ਜਿਸ ਨਾਲ ਪੰਜਾਬ ਨੇ 7 ਗੇਂਦਾਂ 'ਚ 3 ਵਿਕਟਾਂ ਹਾਸਲ ਕੀਤੀਆਂ। ਰਵੀ ਨੇ ਅਬਦੁੱਲ ਸਮਦ (8) ਨੂੰ ਵੀ ਪੈਵੇਲੀਅਨ ਭੇਜਿਆ ਜਦਕਿ ਅਰਸ਼ਦੀਪ ਨੇ ਪ੍ਰਿਯਮ ਗਰਗ (0) ਦੀ ਪਾਰੀ ਦਾ ਅੰਤ ਕੀਤਾ। ਸਨਰਾਈਜ਼ਰਜ਼ ਨੇ 15 ਦੌੜਾਂ ਦੇ ਅੰਦਰ 5 ਵਿਕਟਾਂ ਗੁਆਈਆਂ। ਕੇਨ ਵਿਲੀਅਮਸਨ (ਅਜੇਤੂ 20) ਨੇ ਆਖਰੀ ਓਵਰ ਵਿਚ ਸ਼ੰਮੀ ਦੀਆਂ ਲਗਾਤਾਰ ਗੇਂਦਾਂ 'ਤੇ ਚੌਕਾ ਤੇ ਛੱਕਾ ਮਾਰਿਆ, ਜਿਸ ਨਾਲ ਟੀਮ 200 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਵਿਚ ਸਫਲ ਰਹੀ। ਪੰਜਾਬ ਨੂੰ ਹੁਣ ਜਿੱਤ ਲਈ 202 ਦੌੜਾਂ ਬਣਾਉਣ ਦੀ ਲੋੜ ਹੈ।

 

ਟੀਮਾਂ ਇਸ ਤਰ੍ਹਾਂ ਹਨ-
ਕਿੰਗਜ਼ ਇਲੈਵਨ ਪੰਜਾਬ-
ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।

ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।

Gurdeep Singh

This news is Content Editor Gurdeep Singh