IPL 2020 KXIP vs MI : ਮੁੰਬਈ ਨੇ ਪੰਜਾਬ ਨੂੰ 48 ਦੌੜਾਂ ਨਾਲ ਹਰਾਇਆ

10/01/2020 11:27:51 PM

ਆਬੂ ਧਾਬੀ– ਰੋਹਿਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ, ਆਖਰੀ ਓਵਰਾਂ ਵਿਚ ਕੀਰੋਨ ਪੋਲਾਰਡ ਦੀ ਧਮਾਕੇਦਾਰ ਪਾਰੀ ਤੇ ਫਿਰ ਜਸਪ੍ਰੀਤ ਬੁਮਰਾਹ ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ 4 ਵਿਕਟਾਂ 'ਤੇ 191 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਦੀ ਟੀਮ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਡੈੱਥ ਓਵਰਾਂ ਦੇ ਮਾਹਿਰ ਬੁਮਰਾਹ ਨੇ 4 ਓਵਰਾਂ ਵਿਚ 18 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਪੰਜਾਬ ਦੇ ਬੱਲੇਬਾਜ਼ਾਂ ਵਿਚ ਸਿਰਫ ਨਿਕੋਲਸ ਪੂਰਨ ਹੀ ਟਿਕ ਕੇ ਖੇਡ ਸਕਿਆ, ਜਿਸ ਨੇ 27 ਗੇਂਦਾਂ 'ਤੇ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਉਸ ਨੂੰ ਜੇਮਸ ਪੈਟਿੰਸਨ ਨਾਲ ਵਿਕਟਾਂ ਦੇ ਪਿੱਛੇ ਕਵਿੰਟਨ ਡੀ ਕੌਕ ਦੇ ਹੱਥੋਂ ਕੈਚ ਕਰਵਾਇਆ। ਮਯੰਕ ਅਗਰਵਾਲ 25 ਦੌੜਾਂ ਬਣਾ ਕੇ ਬੁਮਰਾਹ ਦਾ ਸ਼ਿਕਾਰ ਹੋਇਆ। ਉਥੇ ਹੀ ਫਾਰਮ ਵਿਚ ਚੱਲ ਰਿਹਾ ਕਪਤਾਨ ਕੇ. ਐੱਲ. ਰਾਹੁਲ 17 ਦੇ ਸਕੋਰ 'ਤੇ ਰਾਹੁਲ ਚਾਹਰ ਨੂੰ ਰਿਟਰਨ ਕੈਚ ਦੇ ਬੈਠਾ।


ਇਸ ਤੋਂ ਪਹਿਲਾਂ ਮੁੰਬਈ ਲਈ ਰੋਹਿਤ 45 ਗੇਂਦਾਂ 'ਤੇ 70 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਪੋਲਾਰਡ (47) ਤੇ ਪੰਡਯਾ (30) ਨੇ ਮੋਰਚਾ ਸੰਭਾਲ ਕੇ ਮਨਚਾਹੇ ਅੰਦਾਜ਼ ਵਿਚ ਚੌਕੇ-ਛੱਕੇ ਲਾਏ। ਦੋਵਾਂ ਨੇ ਸਿਰਫ 25 ਗੇਂਦਾਂ ਵਿਚ 67 ਦੌੜਾਂ ਜੋੜ ਲਈਆਂ। ਮੁੰਬਈ ਨੇ ਆਖਰੀ ਓਵਰਾਂ ਵਿਚ 25 ਦੌੜਾਂ ਬਣਾਈਆਂ ਜਦੋਂ ਪੋਲਾਰਡ ਨੇ ਕ੍ਰਿਸ਼ਣੱਪਾ ਗੌਤਮ ਦੀਆਂ ਆਖਰੀ 3 ਗੇਂਦਾਂ 'ਤੇ ਲਗਾਤਾਰ 3 ਛੱਕੇ ਲਾਏ। ਪੋਲਾਰਡ ਤੇ ਪੰਡਯਾ ਨੇ 19ਵੇਂ ਓਵਰ ਵਿਚ 19 ਤੇ 18ਵੇਂ ਓਵਰ ਵਿਚ 18 ਦੌੜਾਂ ਬਣਾਈਆਂ। ਮੁੰਬਈ ਦਾ ਸਕੋਰ 14ਵੇਂ ਓਵਰ ਤਕ 3 ਵਿਕਟਾਂ 'ਤੇ 87 ਦੌੜਾਂ ਸੀ ਪਰ ਪੋਲਾਰਡ ਤੇ ਰੋਹਿਤ ਨੇ ਰਵੀ ਬਿਸ਼ਨੋਈ ਨੂੰ 15ਵੇਂ ਓਵਰ ਵਿਚ ਇਕ-ਇਕ ਛੱਕਾ ਲਾ ਕੇ ਦੌੜ ਗਤੀ ਵਧਾਈ। ਰੋਹਿਤ ਨੇ ਜਿਮੀ ਨੀਸ਼ਮ ਦੇ 16ਵੇਂ ਓਵਰ ਵਿਚ 22 ਦੌੜਾਂ ਬਣਾਈਆਂ। ਸਾਬਕਾ ਚੈਂਪੀਅਨ ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸ਼ੈਲਡਨ ਕੋਟਰੈੱਲ ਨੇ ਕਵਿੰਟਨ ਡੀ ਕੌਕ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਤੇ ਪਹਿਲੇ ਓਵਰ ਦੀ 5ਵੀਂ ਗੇਂਦ 'ਤੇ ਪੈਵੇਲੀਅਨ ਭੇਜ ਦਿੱਤਾ। ਪਿਛਲੇ ਮੈਚ ਵਿਚ ਇਕ ਓਵਰ ਵਿਚ ਪੰਜ ਛੱਕੇ ਖਾਣ ਵਾਲੇ ਕੋਟਰੈੱਲ ਨੇ ਅੱਜ ਕਾਫੀ ਅਨੁਸ਼ਾਸਿਤ ਗੇਂਦਬਾਜ਼ੀ ਕੀਤੀ। ਰੋਹਿਤ ਨੇ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਸ਼ਾਨਦਾਰ ਕਵਰ ਡਰਾਈਵ ਨਾਲ ਆਈ. ਪੀ. ਐੱਲ. ਵਿਚ 5000 ਦੌੜਾਂ ਪੂਰੀਆਂ ਕਰ ਲਈਆਂ। ਉਸ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਤੇ ਸੁਰੇਸ਼ ਰੈਨਾ ਦੇ ਨਾਂ ਹਨ। ਦੂਜੇ ਪਾਸੇ 'ਤੇ ਸੂਰਯਕੁਮਾਰ ਯਾਦਵ ਨੇ ਕਪਤਾਨ ਤੋਂ ਪ੍ਰੇਰਣਾ ਲੈਂਦੇ ਹੋਏ ਲਗਾਤਾਰ ਦੋ ਚੌਕੇ ਲਾਏ। ਚੌਥੇ ਓਵਰ ਵਿਚ ਰਵੀ ਬਿਸ਼ਨੋਈ ਆਇਆ, ਜਿਸ ਦੇ ਓਵਰ ਵਿਚ ਮੁਹੰਮਦ ਸ਼ੰਮੀ ਨੇ ਸੂਰਯਕੁਮਾਰ ਨੂੰ ਸਟੀਕ ਥ੍ਰੋਅ 'ਤੇ ਰਨ ਆਊਟ ਕਰ ਦਿੱਤਾ। ਪਿਛਲੇ ਮੈਚ ਵਿਚ ਸ਼ਾਨਦਾਰ 99 ਦੌੜਾਂ ਬਣਾਉਣ ਵਾਲਾ ਇਸ਼ਾਨ ਕਿਸ਼ਨ 32 ਗੇਂਦਾਂ 'ਤੇ 28 ਦੌੜਾਂ ਬਣਾ ਕੇ ਆਊਟ ਹੋਇਆ।

ਟੀਮਾਂ ਇਸ ਤਰ੍ਹਾਂ ਹਨ-
ਕਿੰਗਜ਼ ਇਲੈਵਨ ਪੰਜਾਬ-
ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।

ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ,ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।

Gurdeep Singh

This news is Content Editor Gurdeep Singh