ਕਿੰਗਸ ਇਲੈਵਨ ਪੰਜਾਬ ਨੇ ਕੀਤਾ ਟੀਮ ਦੇ ਹੈੱਡ ਤੇ ਗੇਂਦਬਾਜ਼ੀ ਕੋਚ ਦਾ ਐਲਾਨ

03/04/2018 3:43:39 PM

ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸੀਜ਼ਨ-3 ਲਈ ਕਿੰਗਸ ਇਲੈਵਨ ਪੰਜਾਬ ਨੇ ਹੈੱਡ ਕੋਚ ਅਤੇ ਗੇਂਦਬਾਜ਼ੀ ਕੋਚ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਨੇ ਵੇਂਕਟੇਸ਼ ਪ੍ਰਸਾਦ ਨੂੰ ਗੇਂਦਬਾਜ਼ੀ ਕੋਚ, ਜਦੋਂ ਕਿ ਬਰੇਡ ਹਾਜ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਵੇਂਕਟੇਸ਼ ਨੇ ਹਾਲ ਹੀ ਵਿਚ ਜੂਨੀਅਰ ਚੋਣ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਦੋਂ ਕਿ ਵਰਿੰਦਰ ਸਹਿਵਾਗ ਟੀਮ ਦੇ ਮੇਂਟਰ ਹਨ। ਵੇਂਕਟੇਸ਼ ਪ੍ਰਸਾਦ ਸਤੰਬਰ 2015 ਤੋਂ ਜੂਨੀਅਰ ਚੋਣ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਦੇ ਕਾਰਜਕਾਲ ਵਿਚ ਅੰਡਰ-19 ਵਿਸ਼ਵ ਕੱਪ 2018 ਉੱਤੇ ਭਾਰਤ ਨੇ ਕਬਜਾ ਵੀ ਜਮਾਇਆ।

ਪੰਜਾਬ ਦੇ ਸਹਾਇਕ ਕੋਚ ਮਿਥੁਨ ਮੰਹਾਸ ਹਨ, ਜਦੋਂ ਕਿ ਨਿਸ਼ਾਂਤ ਠਾਕੁਰ ਕੰਡੀਸ਼ਨਿੰਗ ਕੋਚ, ਨਿਸ਼ਾਂਤਾ ਬੋਰਦੋਲੋਈ ਫੀਲਡਿੰਗ ਕੋਚ ਅਤੇ ਸ਼ਾਇਮਲ ਵੱਲਭਜੀ ਟੈਕਨੀਕਲ ਕੋਚ ਹਨ। ਪੰਜਾਬ ਦੀ ਟੀਮ ਨੇ ਅਸਵਿਨ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਉਥੇ ਹੀ ਆਈ.ਪੀ.ਐੱਲ. ਦੀ ਸ਼ੁਰੂਆਤ ਪੰਜਾਬ ਵਲੋਂ ਕਰਨ ਵਾਲੇ ਯੁਵਰਾਜ ਸਿੰਘ ਇਕ ਵਾਰ ਫਿਰ ਆਪਣੇ ਘਰ ਪਰਤ ਆਏ ਹਨ ਭਾਵ ਕਿੰਗਸ ਇਲੈਵਨ ਪੰਜਾਬ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਬੇਸ ਕੀਮਤ 2 ਕਰੋੜ 'ਤੇ ਹੀ ਖਰੀਦ ਲਿਆ।