ਭਾਰਤ ''ਚ ਡੋਪਿੰਗ ਦੇ ਮਾਮਲੇ ਪਰੇਸ਼ਾਨ ਕਰਨ ਵਾਲੇ : ਰਿਜਿਜੂ

12/10/2019 4:36:48 PM

ਨਵੀਂ ਦਿੱਲੀ— ਖੇਡ ਮੰਤਰੀ ਕਿਰੇਨ ਰਿਜਿਜੂ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਡੋਪਿੰਗ ਦੇ ਮਾਮਲੇ 'ਕਾਫੀ ਪਰੇਸ਼ਾਨ' ਕਰਨ ਵਾਲੇ ਹਨ ਅਤੇ ਦੇਸ਼ 'ਚ ਸਾਫ ਖੇਡ ਸੱਭਿਆਚਾਰ ਦਾ ਵਿਕਾਸ ਕਰਨ ਦੀ ਜ਼ਰੂਰਤ ਹੈ ਤਾਂ ਜੋ ਵਿਦੇਸ਼ 'ਚ ਅਜਿਹੇ ਮਾਮਲਿਆਂ 'ਚ ਫੜੇ ਜਾਣ ਦੇ ਬਾਅਦ ਦੇਸ਼ ਦਾ ਅਕਸ ਖਰਾਬ ਨਾ ਹੋਵੇ। ਰਿਜਿਜੂ ਨੇ ਕਿਹਾ ਕਿ ਭਾਰਤ ਨੂੰ ਇਕ ਸਵੱਛ ਖੇਡ ਰਾਸ਼ਟਰ ਬਣਾਉਣ ਲਈ ਅਜਿਹੇ ਮਾਮਲਿਆਂ 'ਚ ਸ਼ਾਮਲ ਹੋਣ ਵਾਲਿਆਂ ਨੂੰ ਫੜਨਾ ਚਾਹੀਦਾ ਹੈ ਅਤੇ ਅਗਿਆਨਤਾ ਕਾਰਨ ਇਸ 'ਚ ਫਸਨ ਵਾਲਿਆਂ ਨੂੰ ਸਿੱਖਿਅਤ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ''ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਡੋਪਿੰਗ ਦੇ ਸਾਰੇ ਮਾਮਲਿਆਂ 'ਚ ਜਾਣਬੁੱਝ ਕੇ ਪਾਬੰਦੀਸ਼ੁਦਾ ਪਦਾਰਥਾਂ ਨੂੰ ਲਿਆ ਗਿਆ ਹੈ ਪਰ ਕੁਝ ਜਾਣਬੁੱਝ ਕੇ ਵੀ ਲੈਂਦੇ ਹਨ। ਕੁਝ ਅਜਿਹੇ ਖਿਡਾਰੀ ਵੀ ਹਨ ਜੋ ਅਣਜਾਣੇ 'ਚ ਅਜਿਹੇ ਡਰੱਗ ਲੈਂਦੇ ਹਨ।

ਖੇਡ ਮੰਤਰੀ ਨੇ ਕਿਹਾ, ਇਸ ਲਈ ਸਵੱਛ ਖੇਡਾਂ ਦੇ ਬਾਰੇ 'ਚ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਸਪਲੀਮੈਂਟ ਲੈਂਦੇ ਹੋ ਤਾਂ ਇਸ 'ਚ ਸਾਵਧਾਨੀ ਵਰਤਨ ਦੀ ਲੋੜ ਹੈ। ਇਸ ਤੋਂ ਇਲਾਵਾ ਰਾਸ਼ਟਰੀ ਪੱਧਰ 'ਤੇ ਜਾਣਬੁੱਝ ਕੇ ਡੋਪਿੰਗ ਕਰਨ ਦੇ ਖਿਲਾਫ ਇਕ ਹਮਲਾਵਰ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਬਣਾਉਣ ਦੀ ਜ਼ਰੂਰਤ ਹੈ ਜੋ ਅਣਜਾਣੇ 'ਚ ਅਜਿਹੀ ਗਲਤੀ ਕਰ ਬੈਠਦੇ ਹਨ।''

ਰਿਜਿਜੂ ਇੱਥੇ ਅਭਿਨੇਤਾ ਸੁਨੀਲ ਸ਼ੇਟੀ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦਾ ਬ੍ਰਾਂਡ ਅੰਬੈਸਡਰ ਬਣਾਏ ਜਾਣ ਦੇ ਐਲਾਨ ਕੀਤੇ ਜਾਣ ਦੇ ਮੌਕੇ 'ਤੇ ਬੋਲ ਰਹੇ ਸਨ। ਉਨ੍ਹਾਂ ਦੀਆਂ ਗੱਲਾਂ ਦਾ ਮਹੱਤਵ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਟੋਕੀਓ ਓਲੰਪਿਕ 'ਚ ਸਿਰਫ ਅੱਠ ਮਹੀਨੇ ਦਾ ਸਮਾਂ ਬਚਿਆ ਹੈ ਅਤੇ ਇਸ ਸਾਲ ਵੱਡੀ ਗਿਣਤੀ 'ਚ ਡੋਪਿੰਗ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਡੋਪਿੰਗ ਕਰਕੇ ਖਿਡਾਰੀ ਆਪਣੇ ਅਤੇ ਆਪਣੇ ਪਰਿਵਾਰ ਦਾ ਨਾਂ ਬਦਨਾਮ ਕਰਦੇ ਹਨ। ਇਸ ਸਾਲ 150 ਤੋਂ ਜ਼ਿਆਦਾ ਖਿਡਾਰੀ ਡੋਪਿੰਗ ਮਾਮਲੇ 'ਚ ਫਸੇ ਹਨ ਜਿਸ 'ਚ ਇਕ ਤਿਹਾਈ ਤੋਂ ਜ਼ਿਆਦਾ ਗਿਣਤੀ ਬਾਡੀਬਿਲਡਰਾਂ ਦੀ ਹੈ।

Tarsem Singh

This news is Content Editor Tarsem Singh