ਕਿਦਾਂਬੀ ਸ਼੍ਰੀਕਾਂਤ ਨੇ ਜਿੱਤੀ ਆਸਟਰੇਲੀਅਨ ਓਪਨ ਸੁਪਰਸੀਰੀਜ਼

06/25/2017 12:58:35 PM

ਸਿਡਨੀ— ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਆਸਟਰੇਲੀਅਨ ਓਪਨ 'ਚ ਕਈ ਉਲਟਫੇਰ ਦੇ ਨਾਲ ਸੁਪਰਸੀਰੀਜ਼ 'ਤੇ ਕਬਜ਼ਾ ਜਮਾ ਲਿਆ ਹੈ। ਐਤਵਾਰ ਨੂੰ ਫਾਈਨਲ 'ਚ ਉਨ੍ਹਾਂ ਨੇ ਮੌਜੂਦਾ ਓਲੰਪਿਕ ਚੈਂਪੀਅਨ ਅਤੇ ਵਰਲਡ ਦੇ ਨੰਬਰ-6 ਦੇ ਚੇਨ ਲਾਂਗ ਨੂੰ 22-20, 21-16 ਨਾਲ ਹਰਾਇਆ। ਇਸ ਦੇ ਨਾਲ ਹੀ ਸ਼੍ਰੀਕਾਂਤ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ। ਵਰਲਡ ਨੰਬਰ-11 ਦੇ ਸ਼੍ਰੀਕਾਂਤ ਹਫਤੇ ਭਰ 'ਚ ਦੂਜੀ ਵਾਰ ਸੁਪਰਸੀਰੀਜ਼ ਚੈਂਪੀਅਨ ਬਣੇ। 18 ਜੂਨ ਨੂੰ ਉਨ੍ਹਾਂ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤਿਆ ਸੀ। ਜਿਸ ਸਮੇਂ ਐਤਵਾਰ ਨੂੰ ਸ਼੍ਰੀਕਾਂਤ ਸਿਡਨੀ 'ਚ ਫਾਈਨਲ ਖੇਡ ਰਹੇ ਸਨ ਉਸ ਸਮੇਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ 'ਚ ਉਨ੍ਹਾਂ ਨੂੰ ਇੰਡੋਨੇਸ਼ੀਆ ਓਪਨ ਜਿੱਤਣ 'ਤੇ ਵਧਾਈ ਦਿੱਤੀ।

ਫਾਈਨਲ ਤੋਂ ਪਹਿਲਾਂ ਤੱਕ ਸ਼੍ਰੀਕਾਂਤ ਚੀਨੀ ਸੁਪਰਸਟਾਰ ਚੇਨ ਲਾਂਗ ਨਾਲ ਪੰਜ ਵਾਰ ਭਿੜੇ ਸਨ ਅਤੇ ਹਰ ਵਾਰ ਉਨ੍ਹਾਂ ਨੂੰ ਹਾਰ ਮਿਲੀ ਸੀ। ਪਰ ਇਸ ਵਾਰ ਸ਼੍ਰੀਕਾਂਤ ਦੀ ਮੌਜੂਦਾ ਲੈਅ ਦੇ ਅੱਗੇ 'ਚੀਨ ਦੀ ਕੰਧ' ਢਹਿ ਗਈ। ਸ਼੍ਰੀਕਾਂਤ ਦੀ ਵਾਪਸੀ 'ਚ ਉਨ੍ਹਾਂ ਦੇ ਨਵੇਂ ਕੋਚ ਇੰਡੋਨੇਸ਼ੀਆ ਦੇ ਹੋਂਡੋਯੋ ਦਾ ਵੱਡਾ ਹੱਥ ਹੈ।  ਸ਼੍ਰੀਕਾਂਤ ਦਾ ਇਹ ਚੌਥਾ ਸੁਪਰ ਸੀਰੀਜ਼ ਖਿਤਾਬ ਹੈ। ਉਨ੍ਹਾਂ ਨੇ ਪਿਛਲੇ ਹੀ ਹਫਤੇ ਇੰਡੋਨੇਸ਼ੀਆ ਓਪਨ, 2014 'ਚ ਚਾਈਨਾ ਓਪਨ ਅਤੇ 2015 'ਚ ਇੰਡੀਆ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤੇ ਹਨ। ਸ਼੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 22 ਜੂਨ ਨੂੰ ਜਾਰੀ ਵਿਸ਼ਵ ਰੈਂਕਿੰਗ 'ਚ 11 ਸਥਾਨਾਂ ਦੀ ਛਾਲ ਮਾਰ ਕੇ 11ਵਾਂ ਸਥਾਨ ਹਾਸਲ ਕੀਤਾ ਸੀ।