ਖੇਲੋ ਇੰਡੀਆ ਯੂਥ ਗੇਮਜ਼ ਹੋਏ ਸਮਾਪਤ, ਹਰਿਆਣਾ ਬਣਿਆ ਚੈਂਪੀਅਨ, ਜਾਣੋ ਪੰਜਾਬ ਦਾ ਸਥਾਨ

06/14/2022 1:13:17 PM

ਪੰਚਕੂਲਾ- ਮੁੱਕੇਬਾਜ਼ੀ ਵਿੱਚ ਜਿੱਤੇ 10 ਸੋਨ ਤਮਗ਼ਿਆਂ ਦੀ ਬਦੌਲਤ ਹਰਿਆਣਾ ਸੋਮਵਾਰ ਨੂੰ ਇੱਥੇ ‘ਖੇਲੋ ਇੰਡੀਆ ਯੂਥ ਗੇਮਜ਼’ ਦਾ ਚੈਂਪੀਅਨ ਬਣ ਗਿਆ। ਹਰਿਆਣਾ 52 ਸੋਨ ਤਮਗ਼ਿਆਂ, 39 ਚਾਂਦੀ ਅਤੇ 46 ਤਾਂਬੇ ਦੇ ਤਮਗ਼ਿਆਂ ਨਾਲ ਪਹਿਲੇ ਸਥਾਨ 'ਤੇ ਰਿਹਾ। ਇਸੇ ਤਰ੍ਹਾਂ ਮਹਾਰਾਸ਼ਟਰ 45 ਸੋਨ, 40 ਚਾਂਦੀ ਅਤੇ 40 ਤਾਂਬੇ ਦੇ ਤਮਗ਼ਿਆਂ ਨਾਲ ਦੂਜੇ ਅਤੇ ਕਰਨਾਟਕਾ 22 ਸੋਨ, 17 ਚਾਂਦੀ ਤੇ 28 ਕਾਂਸੀ ਤਮਗ਼ਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਪੰਜਾਬ 11 ਸੋਨ, 15 ਚਾਂਦੀ ਤੇ 16 ਕਾਂਸੀ ਤਮਗ਼ਿਆਂ ਨਾਲ 9ਵੇਂ ਸਥਾਨ 'ਤੇ ਰਿਹਾ। 

ਇਹ ਵੀ ਪੜ੍ਹੋ : BCCI ਨੇ ਸਾਬਕਾ ਖਿਡਾਰੀਆਂ ਦੀ ਪੈਨਸ਼ਨ ਕੀਤੀ ਦੁੱਗਣੀ

ਮੈਚ ਦੇ ਆਖ਼ਰੀ ਦਿਨ ਮਹਾਰਾਸ਼ਟਰ ਨੇ ਦਿਨ ਦੀ ਸ਼ੁਰੂਆਤ ਮਾਲਖੰਬ ਵਿੱਚ ਸੋਨ ਤਮਗ਼ਾ ਜਿੱਤ ਕੇ ਕੀਤੀ। ਇਸੇ ਤਰ੍ਹਾਂ ਖੋ-ਖੋ ਵਿੱਚ ਵੀ ਮਹਾਰਾਸ਼ਟਰ ਦੇ ਲੜਕੇ ਅਤੇ ਲੜਕੀਆਂ ਨੇ ਸੋਨ ਤਮਗ਼ੇ ਜਿੱਤੇ। ਮੁੱਕੇਬਾਜ਼ੀ ਵਿੱਚ ਹਰਿਆਣਾ ਦੀਆਂ ਲੜਕੀਆਂ ਨੇ ਛੇ ਅਤੇ ਲੜਕਿਆਂ ਨੇ ਚਾਰ ਸੋਨ ਤਮਗ਼ੇ ਹਾਸਲ ਕੀਤੇ। ਇਸੇ ਤਰ੍ਹਾਂ ਬਾਸਕਟਬਾਲ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਤਾਮਿਲਨਾਡੂ ਨੂੰ 68-57 ਨਾਲ ਹਰਾਇਆ। ਅੰਬਾਲਾ ਕੈਂਟ ਦੇ ਵਾਰ ਹੀਰੋਜ਼ ਸਟੇਡੀਅਮ ਦੇ ਆਲ ਵੈਦਰ ਸਵਿਮਿੰਗ ਪੂਲ ਵਿਚ ਹੋਏ ਤੈਰਾਕੀ ਮੁਕਾਬਲਿਆਂ ਵਿੱਚ ਕਰਨਾਟਕ ਦੇ ਮਹਿਲਾਵਾਂ ਅਤੇ ਪੁਰਸ਼ਾਂ ਨੇ ਮੈਡਲਾਂ ਦੀ ਝੜੀ ਲਾ ਦਿੱਤੀ।  ਕਰਨਾਟਕ ਦੇ ਲੜਕਿਆਂ ਨੇ 159 ਅਤੇ ਲੜਕੀਆਂ ਨੇ 186 ਪੁਆਇੰਟ ਹਾਸਲ ਕੀਤੇ। ਆਖਰੀ ਦਿਨ 200 ਮੀਟਰ ‘ਬਟਰਫਲਾਈ’ ਪੁਰਸ਼ ਵਰਗ ਵਿੱਚ ਕਰਨਾਟਕ ਦੇ ਉਤਕਰਸ਼ ਪਾਟਿਲ ਅਤੇ ਮਹਿਲਾ ਵਰਗ ਵਿੱਚ ਹਸ਼ਕਾ ਰਾਮਚੰਦਰਾ ਨੇ ਕਾਂਸੇ ਦੇ ਤਗਮੇ ਜਿੱਤੇ।

ਨੌਜਵਾਨਾਂ ਨੇ 1866 ਤਮਗ਼ਿਆਂ 'ਤੇ ਕੀਤਾ ਕਬਜ਼ਾ : 4 ਜੂਨ ਤੋਂ ਸ਼ੁਰੂ ਹੋਏ ਇਸ ਖੇਡ ਮੁਕਾਬਲੇ ਵਿੱਚ ਕਈ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਹਜ਼ਾਰਾਂ ਨੌਜਵਾਨਾਂ ਨੇ 1866 ਤਮਗ਼ਿਆਂ ਲਈ ਆਪਣੇ ਜੌਹਰ ਦਿਖਾਏ। ਖੇਲੋ ਇੰਡੀਆ ਯੂਥ ਗੇਮਜ਼ 2021 ਵਿੱਚ ਦੇਸ਼ ਭਰ ਤੋਂ ਲਗਭਗ 8,500 ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਦੇਸ਼ ਭਰ ਦੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ 545 ਸੋਨ, 545 ਚਾਂਦੀ ਅਤੇ 776 ਕਾਂਸੀ ਦੇ ਤਮਗ਼ੇ ਜਿੱਤ ਕੇ ਕੁੱਲ 1866 ਤਮਗ਼ੇ ਜਿੱਤੇ।

ਇਨ੍ਹਾਂ ਪੰਜ ਸਥਾਨਾਂ 'ਤੇ ਹੋਏ ਮੁਕਾਬਲੇ : ਖੇਲੋ ਇੰਡੀਆ ਯੂਥ ਗੇਮਜ਼-2021 ਵਿੱਚ 25 ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਹ ਖੇਡਾਂ ਪੰਜ ਥਾਵਾਂ ਜਿਵੇਂ ਪੰਚਕੂਲਾ, ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ਵਿਖੇ ਖੇਡੀਆਂ ਗਈਆਂ। ਪੰਚਕੂਲਾ ਦਾ ਤਾਊ ਦੇਵੀ ਲਾਲ ਖੇਡ ਸਟੇਡੀਅਮ ਕੰਪਲੈਕਸ ਇਨ੍ਹਾਂ ਖੇਡ ਮੁਕਾਬਲਿਆਂ ਦਾ ਮੁੱਖ ਸਥਾਨ ਸੀ। ਸਮਾਗਮ ਵਾਲੀ ਥਾਂ 'ਤੇ ਕਰੀਬ 7,000 ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 21 ਹਜ਼ਾਰ 275 ਕਰੋੜ ਰੁਪਏ 'ਚ ਵਿਕੇ ਭਾਰਤੀ ਉਪਮਹਾਦੀਪ 'ਚ IPL ਦੇ TV ਰਾਈਟਸ

ਇਹ ਖੇਡਾਂ ਵੀ ਸਨ ਸ਼ਾਮਲ : ਇਸ ਵਾਰ ਖੇਲੋ ਇੰਡੀਆ ਯੂਥ ਗੇਮਜ਼-2021 ਵਿੱਚ 5 ਨਵੀਆਂ ਖੇਡਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਜਿਸ ਵਿੱਚ ਪੰਜਾਬ ਦਾ ਗੱਤਕਾ, ਮਨੀਪੁਰ ਦਾ ਥੰਗਾਟਾ, ਕੇਰਲਾ ਦਾ ਕਲੈਰੀਪੈਟੂ, ਮਹਾਰਾਸ਼ਟਰ ਦਾ ਮਲਖਮ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਵਾਰ ਯੋਗਾਸਨ ਨੂੰ ਵੀ ਥਾਂ ਦਿੱਤੀ ਗਈ। ਜੋ ਪੰਜ ਨਵੀਆਂ ਖੇਡਾਂ ਜੋੜੀਆਂ ਗਈਆਂ ਹਨ, ਉਹ ਪੰਚਕੂਲਾ ਦੇ ਕ੍ਰਿਕਟ ਸਟੇਡੀਅਮ ਵਿੱਚ ਹੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਖਿਡਾਰੀਆਂ ਦੇ 3-ਸਿਤਾਰਾ ਹੋਟਲਾਂ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲਾ ਪੌਸ਼ਟਿਕ ਭੋਜਨ ਪਰੋਸਿਆ ਗਿਆ। ਇਸ ਤੋਂ ਇਲਾਵਾ ਹੋਟਲ ਤੋਂ ਲੈ ਕੇ ਸਮਾਗਮ ਵਾਲੀ ਥਾਂ ਤੱਕ ਉਨ੍ਹਾਂ ਦੇ ਸੁਰੱਖਿਅਤ ਸਫ਼ਰ ਲਈ ਵਾਹਨਾਂ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News