ਖੇਡ ਰਤਨ ਪੰਜਾਬ ਦੇ : ਰੋਇੰਗ 'ਚ ਸੁਨਹਿਰੀ ਪੈੜਾਂ ਪਾ ਰਿਹਾ ‘ਸਵਰਨ ਸਿੰਘ ਵਿਰਕ’

07/28/2020 11:50:41 AM

ਆਰਟੀਕਲ-19

ਨਵਦੀਪ ਸਿੰਘ ਗਿੱਲ

ਮਾਨਸਾ ਜ਼ਿਲੇ ਦਾ ਸਵਰਨ ਸਿੰਘ ਵਿਰਕ ਰੋਇੰਗ ਖੇਡ ਵਿੱਚ ਸੁਨਹਿਰੀ ਪੈੜਾਂ ਪਾ ਰਿਹਾ ਹੈ। ਟਿੱਬਿਆਂ ਦੀ ਧਰਤੀ ਦਾ ਇਹ ਪੁੱਤ ਪਾਣੀ ਨਾਲ ਸਬੰਧਤ ਖੇਡ ਵਿੱਚ ਨਾਮਣਾ ਖੱਟ ਰਿਹਾ ਹੈ। ਇਹ ਖੇਡ ਪਾਣੀ ਨਾਲ ਸਬੰਧਤ ਹੈ। ਪਾਣੀ ਦੇ ਲਿਹਾਜ਼ ਨਾਲ ਮਾਨਸਾ ਨੂੰ ਟੇਲਾਂ ਦੀ ਧਰਤੀ ਕਿਹਾ ਜਾਂਦਾ ਹੈ ਜਿੱਥੇ ਪਾਣੀ ਆਖਰ ਵਿੱਚ ਬਚਿਆ ਖੁਚਿਆ ਹੀ ਪਹੁੰਚਦਾ ਹੈ। ਰੋਇੰਗ ਜਿਸ ਨੂੰ ਅਸੀਂ ਸਾਧਾਰਣ ਭਾਸ਼ਾ ਵਿੱਚ ਕਿਸ਼ਤੀ ਚਾਲਣ ਵੀ ਕਹਿ ਸਕਦੇ ਹਨ, ਦੀ ਪ੍ਰੈਕਟਿਸ ਲਈ ਝੀਲ, ਦਰਿਆ ਆਦਿ ਚਾਹੀਦੇ ਹਨ। ਰੋਇੰਗ ਵਿੱਚ ਸਵਰਨ ਓਲੰਪਿਕ ਖੇਡਾਂ ਤੱਕ ਪੁੱਜਿਆ ਹੈ। ਇਸ ਦੇ ਨਾਲ ਹੀ ਉਹ ਏਸ਼ਿਆਈ ਖੇਡਾਂ ਤੇ ਏਸ਼ੀਆ ਚੈਂਪੀਅਨਸ਼ਿਪ ਦੋਵਾਂ ਦਾ ਹੀ ਚੈਂਪੀਅਨ ਹੈ। ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਸਵਰਨ ਅਜਿਹੀ ਖੇਡ ਵਿੱਚ ਮੱਲਾਂ ਮਾਰ ਰਿਹਾ ਹੈ ਜਿਸ ਦਾਂ ਨਾਂ ਉਸ ਨੇ ਆਪਣੀ ਜੁਆਨੀ ਵਿੱਚ ਸੁਣਿਆ ਵੀ ਨਹੀਂ ਸੀ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੂੰ ਰੋਇੰਗ ਦਾ ਪਤਾ ਚੱਲਿਆ। ਇਸੇ ਲਈ ਸਵਰਨ ਲਈ ਫੌਜ ਦੀ ਭਰਤੀ ਉਸ ਵਾਸਤੇ ਵਰਦਾਨ ਸਾਬਤ ਹੋਈ। ਸਵਰਨ ਦਾ ਖੇਡ ਕਰੀਅਰ ਉਸ ਦੇ ਜੁਝਾਰੂਪੁਣੇ ਅਤੇ ਸਿਦਕ ਦੀ ਦਾਸਤਾਨ ਹੈ। ਉਸ ਅੰਦਰਲੀ ਕੁਦਰਤੀ ਪ੍ਰਤਿਭਾ ਸਦਕਾ ਰੋਇੰਗ ਖੇਡ ਵਿੱਚ ਪੂਰੇ ਏਸ਼ੀਆ ਅੰਦਰ ਉਸ ਵਰਗਾ ਖਿਡਾਰੀ ਨਹੀਂ ਹੈ। ਖੇਡ ਮਾਹਿਰਾਂ ਅਨੁਸਾਰ ਜੇਕਰ ਉਹ ਬਚਪਨ ਤੋਂ ਹੀ ਇਸ ਖੇਡ ਨਾਲ ਜੁੜਿਆ ਹੁੰਦਾ ਤਾਂ ਉਹ ਅਸਾਨੀ ਨਾਲ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣ ਜਾਂਦਾ। ਹਾਲੇ ਵੀ ਉਹ ਇਸ ਪ੍ਰਾਪਤੀ ਨੂੰ ਹਾਸਲ ਕਰਨ ਲਈ ਜੀਅ ਜਾਨ ਨਾਲ ਲੱਗਿਆ ਹੋਇਆ ਹੈ।

ਸਵਰਨ ਸਿੰਘ ਵਿਰਕ ਦਾ ਜਨਮ ਮਾਨਸਾ ਜ਼ਿਲੇ ਦੇ ਪਿੰਡ ਦਲੇਲਵਾਲਾ ਵਿਖੇ 20 ਫਰਵਰੀ 1990 ਨੂੰ ਪਿਤਾ ਗਰਮੁੱਖ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਛੋਟੇ ਹੁੰਦਿਆਂ ਪੜ੍ਹਾਈ ਨਾਲੋਂ ਵੱਧ ਦਿਲ ਉਸ ਦਾ ਵਾਲੀਬਾਲ ਖੇਡਣ ਵਿੱਚ ਲੱਗਦਾ ਸੀ। ਕੱਦ-ਕਾਠ ਲੰਬਾ ਹੋਣ ਕਰਕੇ ਸਵਰਨ ਨੂੰ ਮੁੱਢ ਤੋਂ ਹੀ ਚੰਗਾ ਵਾਲੀਬਾਲ ਖਿਡਾਰੀ ਬਣਨ ਦੀ ਸੰਭਾਵਨਾ ਜਾਪਦੀ ਸੀ। ਵਾਲੀਬਾਲ ਖੇਡਣ ਵਾਸਤੇ ਉਸ ਨੂੰ ਘਰੋਂ ਵੀ ਕੁੱਟ ਪੈਣੀ ਤੇ ਕੋਚ ਕੋਲੋਂ ਵੀ। ਸਧਾਰਣ ਕਿਸਾਨ ਪਰਿਵਾਰ ਦਾ ਜੰਮਪਲ ਹੋਣ ਕਰਕੇ ਸਵਰਨ ਦੇ ਘਰ ਦੀ ਮਾਲੀ ਹਾਲਤ ਠੀਕ-ਠਾਕ ਹੀ ਸੀ। ਉਨ੍ਹਾਂ ਦੇ ਪਰਿਵਾਰ ਨੇ ਖੇਤੀਬਾੜੀ ਲਈ ਵਛੇਰੀ ਰੱਖੀ ਹੋਈ ਸੀ ਜਿਸ ਨੂੰ ਖੇਤੋਂ ਸਵਰਨ ਹੀ ਲਿਆਉਂਦਾ ਸੀ। ਵਛੇਰੀ ਜ਼ਿਆਦਾ ਭਾਰ ਨਾ ਝੱਲਦੀ ਹੋਣ ਕਰਕੇ ਸਵਰਨ ਉਪਰ ਤਾਂ ਬੈਠ ਨਹੀਂ ਸਕਦਾ ਸੀ ਜਿਸ ਲਈ ਉਹ ਵਾਲੀਬਾਲ ਖੇਡਣ ਵਾਸਤੇ ਜਲਦੀ ਖੇਤੋਂ ਘਰ ਜਾਣ ਲਈ ਵਛੇਰੀ ਦੇ ਨਾਲ ਦੁੜੱਗੇ ਲਾਉਂਦਾ ਆਉਂਦਾ। ਵਛੇਰੀ ਨੇ ਤੇਜ਼ ਦੌੜਨਾ। ਸਵਰਨ ਵੀ ਪਿੱਛੇ-ਪਿੱਛੇ ਹੱਫਿਆਂ ਹੋਇਆ ਦੌੜਦਾ ਆਉਂਦਾ। ਵਛੇਰੀ ਘਰ ਬੰਨ੍ਹ ਕੇ ਉਹ ਵਾਲੀਬਾਲ ਖੇਡਣ ਚਲਾ ਜਾਂਦਾ। ਆਪਣੇ ਲਹਿਜ਼ੇ ਵਿੱਚ ਸਵਰਨ ਦੱਸਦਾ ਹੁੰਦਾ, ''ਖੇਤੋਂ ਵਛੇਰੀ ਲੈ ਕੇ ਘਰ ਆਉਣਾ, ਓਨੇ ਪੁੱਠੇ ਪੈਰੀ ਹੀ ਵਾਲੀਬਾਲ ਖੇਡਣ ਚਲੇ ਜਾਣਾ।'' ਕਈ ਵਾਰ ਲੇਟ ਪਹੁੰਚਣ ਕਾਰਨ ਕੋਚ ਕੋਲੋਂ ਉਸ ਦੇ ਕੁੱਟ ਪੈਣੀ। ਅਗਲੇ ਦਿਨ ਵਛੇਰੀ ਲਿਆਉਂਦਾ ਉਹ ਹੋਰ ਤੇਜ਼ ਦੌੜਦਾ। ਅੱਜ ਸਵਰਨ ਮੰਨਦਾ ਹੈ ਕਿ ਬਚਪਨ ਦੀਆਂ ਵਛੇਰੀ ਮਗਰ ਲਾਈਆਂ ਦੌੜਾਂ ਉਸ ਲਈ ਅੱਗੇ ਜਾ ਕੇ ਰੋਇੰਗ ਖੇਡ ਵਿੱਚ ਲੋੜੀਂਦੇ ਸਟੈਮਿਨਾ ਵਾਸਤੇ ਕੰਮ ਆਈਆਂ।

ਪਹਿਲੇ ਪਹਿਲ ਸਵਰਨ ਵਾਲੀਬਾਲ ਦੇ ਮੈਦਾਨ ਵਿੱਚ ਬਾਲ ਚੁੱਕਦਾ ਹੁੰਦਾ ਸੀ। ਫੇਰ ਹੌਲੀ ਹੌਲੀ ਖੇਡਣ ਵੀ ਲੱਗ ਗਿਆ। ਉਧਰੋਂ ਘਰਦਿਆਂ ਨੇ ਉਸ ਨੂੰ ਪੜ੍ਹਨ ਲਿਖਣ ਦੀ ਬਜਾਏ ਖੇਡਣ ਵਾਲੇ ਪਾਸੇ ਲੱਗਣ ਵਾਸਤੇ ਝਿੜਕਣਾ। ਪੜ੍ਹਨ ਵਿੱਚ ਉਹ ਕਮਜ਼ੋਰ ਹੀ ਸੀ। ਹੱਡਾਂ-ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਖੇਡਾਂ ਵੱਲ ਰੁਝਾਨ ਤਾਂ ਸੀ ਪਰ ਕੋਈ ਨਿਸ਼ਾਨਾ ਜਾਂ ਮੰਜ਼ਿਲ ਉਤੇ ਪਹੁੰਚਣ ਦਾ ਰਾਹ ਨਹੀਂ ਪਤਾ ਸੀ। ਕੋਈ ਸਲਾਹ ਜਾਂ ਸਰਪ੍ਰਸਤੀ ਦੇਣ ਵਾਲਾ ਵੀ ਨਹੀਂ ਸੀ। ਦਸ਼ਮੇਸ਼ ਸਕੂਲ ਤੋਂ ਦਸਵੀਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਤੋਂ ਬਾਰ੍ਹਵੀਂ ਕਰਨ ਤੋਂ ਬਾਅਦ ਉਹ ਘਰ ਦੀ ਕਬੀਲਦਾਰੀ ਦਾ ਭਾਰ ਵੰਡਾਉਣ ਲਈ ਖੇਤੀਬਾੜੀ ਕਰਨ ਲੱਗ ਗਿਆ। ਸਵਰਨ ਹੁਰੀਂ ਦੋ ਭਰਾ ਹਨ। ਵੱਡਾ ਭਰਾ ਲਖਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ।

ਸਵਰਨ ਉਨ੍ਹਾਂ ਦਿਨਾਂ ਦਾ ਇਕ ਕਿੱਸਾ ਸੁਣਾਉਂਦਾ ਹੈ ਕਿ ਉਸ ਵੇਲੇ ਉਸ ਦਾ ਵੱਡਾ ਭਰਾ ਲਖਵਿੰਦਰ ਪੰਜਾਬ ਪੁਲਿਸ ਵਿੱਚ ਟ੍ਰੇਨਿੰਗ ਕਰਕੇ ਸਾਈਕਲ ਉਤੇ ਖੇਤ ਆਇਆ। ਸਵਰਨ ਨਰਮਾ ਗੁੱਡ ਰਿਹਾ ਸੀ। ਭਰਾ ਨੂੰ ਆਉਂਦਾ ਦੇਖ ਕੇ ਉਸ ਨੇ ਆਪਣੇ ਆਪ ਨੂੰ ਹੋਰ ਮਿੱਟੀ ਵਿੱਚ ਲਬੇੜ ਲਿਆ ਤਾਂ ਜੋ ਵੱਧ ਕਾਮਾ ਲੱਗੇ। ਅੱਗਿਓਂ ਭਰਾ ਨੇ ਮਾਂ ਨੂੰ ਤਾਂ ਘੁੱਟ ਕੇ ਜੱਫੀ ਪਾ ਲਈ ਪਰ ਸਵਰਨ ਨੂੰ ਲਿਬੜਿਆ ਦੇਖ ਕੇ ਕਹਿੰਦਾ, ''ਤੂੰ ਦੂਰ ਰਹਿ, ਕਿਤੇ ਮੇਰੇ ਕੱਪੜੇ ਨਾ ਲਬੇੜ ਦੇਵੀ।'' ਸਵਰਨ ਦੱਸਦੇ ਹਾਂ ਕਿ ਭਰਾ ਦੇ ਕਹੇ ਉਨ੍ਹਾਂ ਬੋਲਾਂ ਨੇ ਉਸ ਦਾ ਨਿਸ਼ਾਨਾ ਹੀ ਬਦਲ ਦਿੱਤਾ। ਹਾਲਾਂਕਿ ਭਰਾ ਨੇ ਮਜ਼ਾਕ ਵਿੱਚ ਗੱਲ ਕਹੀ ਸੀ ਪਰ ਉਸ ਨੂੰ ਲੱਗਿਆ ਕਿ ਜੇ ਉਹ ਵੀ ਕਿਤੇ ਨੌਕਰੀ ਕਰਨ ਲੱਗ ਜਾਵੇ ਤਾਂ ਘਰ ਦੀ ਕਬੀਲਦਾਰੀ ਵੀ ਤੁਰਦੀ ਹੋ ਜਾਵੇਗੀ ਅਤੇ ਜੀਵਨ ਪੱਧਰ ਵੀ ਸੁਧਰ ਜਾਵੇਗਾ।

ਸਵਰਨ ਨੇ ਫੌਜ ਵਿੱਚ ਭਰਤੀ ਦਾ ਮਨ ਬਣਾ ਲਿਆ। ਭਰਤੀ ਹੋਣ ਖਾਤਰ ਦੌੜਨ ਵਾਸਤੇ ਉਸ ਨੇ ਵਾਲੀਬਾਲ ਛੱਡ ਕੇ ਫੁਟਬਾਲ ਖੇਡਣੀ ਸ਼ੁਰੂ ਕਰ ਦਿੱਤੀ। ਕੋਚ ਬਲਕਰਨ ਸਿੰਘ ਕੋਲ ਉਹ ਦੌੜਨ ਦੇ ਅਭਿਆਸ ਵਾਸਤੇ ਫੁਟਬਾਲ ਖੇਡੀ ਜਾਂਦਾ। ਬਠਿੰਡਾ ਵਿਖੇ ਹੋਈ ਪਹਿਲੀ ਭਰਤੀ ਵਿੱਚ ਉਸ ਨੂੰ ਮੈਡੀਕਲ ਆਧਾਰ 'ਤੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਸ ਦੀਆਂ ਅੱਖਾਂ ਵਿੱਚ ਧੱਬੇ ਹਨ। ਦੂਜੀ ਵਾਰ ਲੁਧਿਆਣੇ ਭਰਤੀ ਹੋਣ ਗਿਆ ਤਾਂ ਟੈਸਟ ਵਿੱਚੋਂ ਰਹਿ ਗਿਆ। ਵਾਲੀਬਾਲ ਤੇ ਫੁਟਬਾਲ ਦਾ ਚੰਗਾ ਖਿਡਾਰੀ ਹੋਣ ਕਰਕੇ ਦੋਵੇਂ ਵਾਰ ਉਸ ਨੇ ਫਿਜ਼ੀਕਲ ਟੈਸਟ ਤਾਂ ਪਾਸ ਕਰ ਲਿਆ। ਸਵਰਨ ਦੱਸਦਾ ਹੈ, ''ਭਰਤੀ ਵਾਸਤੇ ਤਿੰਨ ਗੱਲਾਂ ਜ਼ਰੂਰੀ ਹੁੰਦੀਆਂ। ਫਿਜ਼ੀਕਲ ਟੈਸਟ, ਮੈਡੀਕਲ ਟੈਸਟ ਤੇ ਲਿਖਤੀ ਪ੍ਰੀਖਿਆ। ਮੇਰਾ ਮੰਨਣਾ ਸੀ ਕਿ ਫਿਜ਼ੀਕਲ ਮੇਰੇ ਹੱਥ ਹੈ, ਮੈਡੀਕਲ ਰੱਬ ਦੇ ਹੱਥ ਤੇ ਲਿਖਤੀ ਪ੍ਰੀਖਿਆ ਮੇਰੇ ਤੇ ਰੱਬ ਦੋਵਾਂ ਦੇ ਹੱਥ ਵਿੱਚ। ਇਸ ਲਈ ਭਰਤੀ ਵਿੱਚੋਂ ਫੇਲ੍ਹ ਹੋਣ ਲਈ ਦੋਸ਼ ਕਿਸੇ ਬਾਹਰਲੇ ਬੰਦੇ ਦਾ ਨਹੀਂ। ਆਖਰ ਤੀਜੀ ਭਰਤੀ ਵਿੱਚ ਉਸ ਦੇ ਸਰੀਰ ਤੇ ਦਿਮਾਗ ਨੇ ਵੀ ਸਾਥ ਦਿੱਤਾ ਅਤੇ ਪ੍ਰਮਾਤਮਾ ਦੀ ਵੀ ਕ੍ਰਿਪਾ ਹੋਈ। ਸਾਲ 2008 ਵਿੱਚ ਰਾਮਗੜ੍ਹ (ਰਾਂਚੀ) ਵਿਖੇ 10 ਸਿੱਖ ਰਜਮੈਂਟ ਦੀ ਭਰਤੀ ਵਿੱਚ ਉਹ ਚੁਣ ਕੇ ਰੰਗਰੂਟ ਹੋ ਗਿਆ।

ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਰੋਇੰਗ ਖੇਡ ਦੀ ਸ਼ੁਰੂਆਤ ਬੜੇ ਨਾਟਕੀ ਢੰਗ ਨਾਲ ਹੋਈ। 21 ਮਈ 2009 ਨੂੰ ਆਪਣੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਛੁੱਟੀ ਕੱਟਣ ਉਪਰੰਤ ਉਸ ਨੇ ਡਿਊਟੀ ਜੁਆਇਨ ਕੀਤੀ ਸੀ। ਅਗਲੇ ਸਾਲ ਹੋਣ ਵਾਲੇ ਗਣਤੰਤਰ ਦਿਵਸ ਦੀ ਪਰੇਡ ਲਈ ਤਿਆਰੀ ਚੱਲ ਰਹੀ ਸੀ। ਐਨ ਆਖਰੀ ਮੌਕੇ ਪਰੇਡ ਵਿੱਚ ਸ਼ਮੂਲੀਅਤ ਰੱਦ ਹੋ ਗਈ ਅਤੇ ਸਾਰੇ ਰੰਗਰੂਟ ਆਪੋ-ਆਪਣੇ ਯੂਨਿਟਾਂ ਵਿੱਚ ਚਲੇ ਗਏ। ਉਨ੍ਹੀਂ ਦਿਨੀਂ ਫੌਜ ਵੱਲੋਂ ਰੋਇੰਗ ਟੀਮ ਬਣਾਈ ਜਾ ਰਹੀ ਸੀ। ਪੁਣੇ ਵਿਖੇ ਫੌਜ ਦੇ ਖੇਡ ਸੈਂਟਰ ਵਿੱਚ ਚੰਗੇ ਕੱਦ-ਕਾਠ ਵਾਲੇ ਖਿਡਾਰੀ ਦਿੱਖ ਵਾਲੇ ਹੋਰਨਾਂ ਜਵਾਨਾਂ ਵਾਂਗ ਸਵਰਨ ਨੂੰ ਵੀ ਸੱਦਾ ਆਇਆ। ਸਵਰਨ ਨੂੰ ਜਦੋਂ ਰੋਇੰਗ ਵਿੱਚ ਹਿੱਸਾ ਲੈਣ ਬਾਰੇ ਪੁੱਛਿਆ ਗਿਆ ਤਾਂ ਉਹ ਡੌਰ ਭੌਰ ਹੋ ਗਿਆ। ਰੋਇੰਗ ਖੇਡ ਬਾਰੇ ਜਾਣਕਾਰੀ ਹੋਣਾ ਤਾਂ ਇਕ ਪਾਸੇ, ਉਸ ਨੇ ਤਾਂ ਖੇਡ ਦਾ ਨਾਂ ਹੀ ਪਹਿਲੀ ਵਾਰ ਸੁਣਿਆ ਸੀ। ਰੋਇੰਗ ਲਈ ਲੱਤਾਂ ਦੇ ਨਾਲ ਬਾਹਾਂ ਦਾ ਵੀ ਜ਼ੋਰ ਲੱਗਦਾ ਹੋਣ ਕਰਕੇ ਸਵਰਨ ਤੇ ਉਸ ਦੇ ਸਾਥੀਆਂ ਨੂੰ ਦੌੜਨ ਦੇ ਅਭਿਆਸ ਦੇ ਨਾਲ ਪੁਸ਼ ਅੱਪਸ ਵੀ ਲਾਉਣੀਆਂ ਪੈਂਦੀਆਂ। ਛੋਟਾ ਹੁੰਦਾ ਵਛੇਰੀ ਨਾਲ ਦੌੜਨ ਵਾਲੇ ਸਵਰਨ ਨੂੰ ਭੱਜਣ ਵਿੱਚ ਕੋਈ ਔਖ ਨਹੀਂ ਸੀ ਪਰ ਲੰਬਾਂ ਲੰਬਾਂ ਸਮਾਂ ਪੁਸ਼ ਅੱਪਸ ਲਾਉਣ ਨਾਲ ਉਸ ਦੀਆਂ ਬਾਹਾਂ ਦੀ ਜਾਨ ਨਿਕਲ ਜਾਂਦੀ। ਖੇਡਣ ਲਈ ਉਸ ਨੂੰ ਰੰਗਰੂਟੀ ਦੀ ਟ੍ਰੇਨਿੰਗ ਤੋਂ ਵੱਧ ਔਖਿਆਈ ਝੱਲਣੀ ਪੈਂਦੀ। ਸਵਰਨ ਦੇ ਅੱਜ ਵੀ ਉਹ ਦਿਨ ਭਲੀ ਭਾਂਤ ਚੇਤੇ ਹੈ ਜਦੋਂ 11 ਸਤੰਬਰ 2009 ਨੂੰ ਉਸ ਨੇ ਪਹਿਲੀ ਵਾਰ ਝੀਲ ਅੰਦਰ ਕਿਸ਼ਤੀਆਂ ਦੇਖੀਆਂ ਅਤੇ ਰੋਇੰਗ ਖੇਡ ਨੂੰ ਸਮਝਿਆ। 12 ਸਤੰਬਰ ਨੂੰ ਸ਼ਨਿਚਰਵਾਰ ਦਾ ਦਿਨ ਸੀ ਅਤੇ ਉਸ ਨੇ ਪਹਿਲੀ ਵਾਰ ਕਿਸ਼ਤੀ ਵਿੱਚ ਬੈਠ ਕੇ ਰੋਇੰਗ ਦਾ ਅਭਿਆਸ ਕੀਤਾ।

ਸਵਰਨ ਨੇ ਸਵਾ ਸਾਲ ਸਾਧ ਬਣ ਕੇ ਰੋਇੰਗ ਖੇਡ ਦਾ ਅਭਿਆਸ ਕੀਤਾ। ਕਿਸ਼ਤੀ ਚਲਾਉਣ ਲਈ ਲੱਤਾਂ ਅਤੇ ਬਾਹਾਂ ਨੂੰ ਤੇਜ਼ੀ ਨਾਲ ਚਲਾਉਣ ਦੇ ਨਾਲ ਪਿੱਠ ਦਾ ਵੀ ਬਰਾਬਰ ਜ਼ੋਰ ਲੱਗਣਾ। ਹੁੰਦੜ ਹੇਲ ਸਵਰਨ ਛੇਤੀ ਹੀ ਆਪਣੀ ਸਖਤ ਮਿਹਨਤ ਨਾਲ ਫੌਜ ਦਾ ਮੋਹਰੀ ਕਿਸ਼ਤੀ ਚਾਲਕ ਬਣ ਗਿਆ। ਫਰਵਰੀ 2011 ਵਿੱਚ ਝਾਰਖੰਡ ਵਿਖੇ 34ਵੀਆਂ ਕੌਮੀ ਖੇਡਾਂ ਲਈ ਸਰਵਿਸਜ਼ ਦੀ ਟੀਮ ਲਈ ਉਹ ਚੁਣਿਆ ਗਿਆ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਉਸ ਨੇ ਆਪਣੀ ਟੀਮ ਲਈ ਸੋਨੇ ਦਾ ਤਮਗਾ ਜਿੱਤ ਲਿਆ। ਜਿਹੜੇ ਖਿਡਾਰੀ ਨੂੰ ਡੇਢ ਸਾਲ ਪਹਿਲਾਂ ਖੇਡ ਦਾ ਨਾਂ ਤੱਕ ਨਹੀਂ ਪਤਾ ਸੀ ਉਹ ਹੁਣ ਉਸ ਖੇਡ ਦਾ ਕੌਮੀ ਚੈਂਪੀਅਨ ਬਣ ਗਿਆ ਸੀ। ਸਵਰਨ ਦੱਸਦਾ ਹੈ ਕਿ ਉਹ ਛੋਟੇ ਹੁੰਦਾ ਇਹ ਸੋਚਦਾ ਹੁੰਦਾ ਸੀ ਕਿ ਜਦੋਂ ਉਹ ਵਾਲੀਬਾਲ ਵਿੱਚ ਨੈਸ਼ਨਲ ਚੈਂਪੀਅਨ ਬਣੇਗਾ ਤਾਂ ਪੱਤਰਕਾਰਾਂ ਨਾਲ ਇੰਟਰਵਿਊ ਕਰਦਾ ਕੀ ਬੋਲੇਗਾ। ਫੇਰ ਉਸ ਨੇ ਮਨੋਂ ਮਨੀ ਅਭਿਆਸ ਕਰੀ ਜਾਣਾ।

 

ਹੁਣ ਜਦੋਂ ਉਹ ਦੂਜੀ ਖੇਡ ਰੋਇੰਗ ਵਿੱਚ ਨੈਸ਼ਨਲ ਚੈਂਪੀਅਨ ਬਣਿਆ ਤਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਦੇ ਜ਼ਿਹਨ ਵਿੱਚ ਉਹ ਪਲ ਆ ਗਏ ਜਦੋਂ ਉਹ ਬੋਲਣ ਦਾ ਅਭਿਆਸ ਕਰਿਆ ਕਰਦਾ ਸੀ। ਉਸ ਮੌਕੇ ਉਹ ਭਾਵੁਕ ਵੀ ਹੋ ਗਿਆ ਅਤੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਛਲਕ ਆਏ। ਸਵਰਨ ਆਪਣੇ ਖੇਡ ਜੀਵਨ ਵਿੱਚ ਇਨ੍ਹਾਂ ਪਲ ਨੂੰ ਸਭ ਤੋਂ ਅਨਮੋਲ ਤੇ ਅਭੁੱਲ ਸਮਝਦਾ ਹੈ। ਸਵਰਨ ਭਾਰਤੀ ਰੋਇੰਗ ਟੀਮ ਵਿੱਚ ਚੁਣਿਆ ਗਿਆ ਜਿੱਥੇ ਉਸ ਦਾ ਈਵੈਂਟ ਸਿੰਗਲਜ਼ ਸਕੱਲਜ਼ ਸੀ। ਇਸ ਈਵੈਂਟ ਵਿੱਚ ਕਿਸ਼ਤੀ ਚਾਲਕ ਇਕੱਲਾ ਭਾਗ ਲੈਂਦਾ ਹੈ। 2011 ਵਿੱਚ ਹੀ ਉਸ ਨੇ ਦੱਖਣੀ ਕੋਰੀਆ ਵਿਖੇ ਹੋਈ 14ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਮਗਾ ਜਿੱਤਿਆ। ਸਵਰਨ ਦਾ ਇਹ ਕਾਂਸੀ ਦਾ ਤਮਗਾ ਸੋਨ ਤਮਗੇ ਤੋਂ ਘੱਟ ਨਹੀਂ ਸੀ। ਮਾਨਸਾ ਜ਼ਿਲੇ ਦਾ ਛੋਟਾ ਜਿਹਾ ਪਿੰਡ ਦਲੇਲਵਾਲਾ ਕੌਮਾਂਤਰੀ ਖੇਡ ਸੁਰਖੀਆਂ ਵਿੱਚ ਆ ਗਿਆ। ਪਿੰਡ ਵਾਲਿਆਂ ਨੂੰ ਤਾਂ ਹਾਲੇ ਰੋਇੰਗ ਖੇਡ ਦਾ ਨਾਂ ਚੱਜ ਨਾਲ ਲੈਣਾ ਨਹੀਂ ਆਉਂਦਾ ਸੀ। ਸਾਰੇ ਕਿਸ਼ਤੀ ਚਲਾਉਣਾ ਹੀ ਕਹਿੰਦੇ ਸਨ। ਪਿੰਡ ਦੇ ਬਜ਼ੁਰਗ ਉਸ ਨੂੰ ਪੁੱਛਦੇ ਕਿ ਇਹ ਨਿੱਕੀ ਜਿਹੀ ਕਿਸ਼ਤੀ ਵਿੱਚ ਕਿਵੇਂ ਬੈਠਦਾ ਤੇ ਕਿਵੇਂ ਚਲਾਉਂਦਾ।

ਜਦੋਂ ਉਹ ਦੱਸਦਾ ਹੈ ਕਿ ਲੱਤਾਂ ਦੇ ਸਹਾਰੇ ਅੱਗੇ ਪਿੱਛੇ ਹੁੰਦਾ ਹੋਇਆ ਹੱਥਾਂ ਨਾਲ ਚੱਪੂ ਚਲਾ ਕੇ ਪਾਣੀ ਨੂੰ ਪਿੱਛੇ ਧੱਕ ਕੇ ਕਿਸ਼ਤੀ ਅੱਗੇ ਤੋਰਦਾ ਹੈ ਤਾਂ ਪਿੰਡ ਦੇ ਭੋਲੇ-ਭਾਲੇ ਬਜ਼ੁਰਗਾਂ ਨੇ ਕਹਿਣਾ, ''ਬੱਲੇ ਓਏ ਸ਼ੇਰਾ, ਪਾਣੀ ਨੂੰ ਪਾੜਨਾ ਬਲਾਈਂ ਔਖਾ, ਬੜਾ ਜ਼ੋਰ ਲੱਗਦਾ ਹੋਊ ਫੇਰ ਤਾਂ।'' ਸਵਰਨ ਕਹਿੰਦਾ ਇਨ੍ਹਾਂ ਬੋਲਾਂ ਨੇ ਹੀ ਉਸ ਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਦੇਣੀ। ਉਸ ਨੇ ਉਸੇ ਵੇਲੇ ਧਾਰ ਲਿਆ ਕਿ ਏਸ਼ੀਆ ਦਾ ਚੈਂਪੀਅਨ ਬਣ ਕੇ ਹੀ ਦਮ ਨਹੀਂ ਲੈਣਾ। ਸਾਲ 2011 ਵਿੱਚ ਹੀ ਉਸ ਨੇ ਸਲੋਵੀਨੀਆ ਵਿਖੇ ਵਿਸ਼ਵ ਰੋਇੰਗ ਚੈਂਪੀਅਨਸ਼ਿਪ ਵਿੱਚ 17ਵਾਂ ਸਥਾਨ ਹਾਸਲ ਕੀਤਾ।

ਸਾਲ 2012 ਵਿੱਚ ਦੱਖਣੀ ਕੋਰੀਆ ਵਿਖੇ ਹੋਈ ਓਲੰਪਿਕ ਕੁਆਲੀਫਾਈ ਲਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਵਰਨ ਨੇ ਸੋਨੇ ਦਾ ਤਮਗਾ ਜਿੱਤ ਕੇ ਓਲੰਪਿਸ ਦੀ ਟਿਕਟ ਕਟਾ ਲਈ। ਖੇਡ ਸ਼ੁਰੂ ਕਰਨ ਦੇ ਤਿੰਨ ਸਾਲਾਂ ਦੇ ਅੰਦਰ ਉਹ ਓਲੰਪੀਅਨ ਬਣ ਗਿਆ। ਲੰਡਨ ਓਲੰਪਿਕਸ ਵਿਖੇ ਉਸ ਨੇ 16ਵਾਂ ਸਥਾਨ ਹਾਸਲ ਕੀਤਾ। ਸਾਲ 2013 ਵਿੱਚ ਸਵਰਨ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸੇ ਸਾਲ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 12ਵਾਂ ਸਥਾਨ ਹਾਸਲ ਕੀਤਾ। ਇਹ ਪ੍ਰਾਪਤੀ ਵਾਲਾ ਉਹ ਪਹਿਲਾ ਭਾਰਤੀ ਰੋਅਰ ਬਣਿਆ। ਇਟਲੀ ਵਿਖੇ ਰੋਇੰਗ ਖੇਡ ਦੇ ਮਹਾਂਕੁੰਭ ਇੰਟਰਨੈਸ਼ਨਲ ਰੋਇੰਗ ਟੂਰਨਾਮੈਂਟ ਵਿੱਚ ਉਹ ਪੰਜਵੇਂ ਸਥਾਨ 'ਤੇ ਰਿਹਾ। ਸਾਲ 2014 ਵਿੱਚ ਇੰਚੇਓਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵੇਲੇ ਉਹ ਪਿੱਠ ਦਰਦ ਤੋਂ ਬਹੁਤ ਪੀੜਤ ਸੀ। ਸਵਰਨ ਨੇ ਸਿਰੜ ਨਾਲ ਹਿੱਸਾ ਲਿਆ ਅਤੇ ਸਿੰਗਲਜ਼ ਸਕੱਲਜ਼ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਦੋ ਸਾਲਾਂ ਤੋਂ ਉਹ ਜਿਸ ਈਵੈਂਟ ਵਿੱਚ ਏਸ਼ੀਆ ਦਾ ਚੈਂਪੀਅਨ ਬਣਿਆ ਆ ਰਿਹਾ ਸੀ, ਪਿੱਠ ਦਰਦ ਕਾਰਨ ਏਸ਼ਿਆਈ ਖੇਡਾਂ ਦੇ ਸੋਨ ਤਮਗੇ ਤੋਂ ਵਾਂਝਾ ਰਹਿ ਗਿਆ। ਸਵਰਨ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਨਗਦ ਇਨਾਮ ਮਿਲੇ। ਸਵਰਨ ਨੇ ਆਪਣੀ ਇਨਾਮ ਰਾਸ਼ੀ ਨਾਲ ਸਭ ਤੋਂ ਪਹਿਲਾਂ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਦਿਆਂ ਘਰ ਬਣਾਇਆ। ਮਾਪਿਆਂ ਦਾ ਸਿਰ ਉਸ ਵੇਲੇ ਫਖਰ ਨਾਲ ਉਚਾ ਹੋ ਗਿਆ। ਵਾਲੀਬਾਲ ਖੇਡਣ ਲਈ ਵਛੇਰੀ ਨਾਲ ਦੌੜਨ ਵਾਲਾ ਛੋਟਾ ਸਵਰਨ ਅੱਜ ਕਿਸ਼ਤੀ ਦੇ ਚੱਪੂਆਂ ਨਾਲ ਪਰਿਵਾਰ ਲਈ ਠੰਢੀ ਹਵਾ ਦਾ ਬੁੱਲਾ ਬਣ ਕੇ ਵਗ ਰਿਹਾ ਸੀ।

ਹਾਲੇ ਤਾਂ ਸਵਰਨ ਦੇ ਖੇਡ ਕਰੀਅਰ ਨੇ ਪਰਵਾਜ਼ ਹੀ ਭਰੀ ਸੀ ਕਿ ਪਿੱਠ ਦਰਦ ਕਾਰਨ ਉਸ ਦੀ ਖੇਡ ਉਤੇ ਖਤਰੇ ਦੇ ਬੱਦਲ ਮੰਡਰਾਉਣ ਲੱਗ ਗਏ। ਸਵਰਨ ਨੂੰ ਇਕ ਵਾਰ ਤਾਂ ਆਪਣਾ ਖੇਡ ਕਰੀਅਰ ਖਤਮ ਹੁੰਦਾ ਨਜ਼ਰ ਆ ਰਿਹਾ ਸੀ। ਖੇਡ ਨੂੰ ਛੱਡ ਕੇ ਸਵਰਨ ਫੌਜ ਦੀ ਡਿਊਟੀ 'ਤੇ ਹਾਜ਼ਰ ਹੋਣ ਬਾਰੇ ਸੋਚ ਰਿਹਾ ਸੀ। ਉਸ ਵੇਲੇ ਕੇ.ਪੀ.ਸਿੰਘ ਦਿਓ ਨੇ ਉਸ ਦੀ ਬਾਂਹ ਫੜਦਿਆਂ ਰੋਇੰਗ ਫੈਡਰੇਸ਼ਨ ਦੇ ਖਰਚੇ ਉਤੇ ਚੇਨਈ ਲਿਆਜ ਕਰਵਾਇਆ। ਅਗਲੇ ਹੀ ਸਾਲ 2015 ਵਿੱਚ ਸਵਰਨ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਨਾਲ ਸਨਮਾਨਿਆ। ਉਸ ਵੇਲੇ ਸਵਰਨ ਨੂੰ ਗੁਸਲਖਾਨੇ ਵਿੱਚ ਡਿੱਗਣ ਕਾਰਨ ਸੱਟ ਵੱਜ ਗਈ ਜਿਸ ਕਾਰਨ ਉਹ ਐਵਾਰਡ ਸਮਾਰੋਹ ਵਿੱਚ ਹਿੱਸਾ ਨਹੀਂ ਲੈ ਸਕਿਆ। ਸਵਰਨ ਨੂੰ ਜਦੋਂ ਪੁੱਛੀਦਾ ਹੈ ਕਿ ਸੱਟ ਕਾਰਨ ਐਵਾਰਡ ਸਮਾਰੋਹ ਵਿੱਚ ਹਿੱਸਾ ਨਾ ਲੈਣ ਉਤੇ ਕਿਤੇ ਪਛਤਾਵਾ ਨਹੀਂ ਹੋਇਆ ਤਾਂ ਉਸ ਦਾ ਜਵਾਬ ਹੁੰਦਾ, ''ਕੁੱਬੇ ਨੂੰ ਲੱਤ ਵੱਜੀ ਰਾਸ ਆ ਗਈ ਮੈਨੂੰ ਤਾਂ, ਪਿੱਠ ਦਰਦ ਤੋਂ ਬਾਅਦ ਡਿੱਗਣ ਕਾਰਨ ਸਗੋਂ ਉਸ ਦੀ ਨੱਪੀ ਹੋਈ ਨਾੜ ਠੀਕ ਆ ਗਈ।'' ਅਰਜੁਨਾ ਐਵਾਰਡ ਸਵਰਨ ਲਈ ਵਾਪਸੀ ਵਾਸਤੇ ਪ੍ਰੇਰਨਾ ਸ੍ਰੋਤ ਵੀ ਬਣਿਆ। ਸਵਰਨ ਨੇ ਹੌਲੀ ਹੌਲੀ ਖੇਡ ਦਾ ਅਭਿਆਸ ਸ਼ੁਰੂ ਕਰ ਦਿੱਤਾ। ਰੀਓ ਓਲੰਪਿਕਸ ਦਾ ਸਮਾਂ ਨਿਕਲਣ ਤੋਂ ਬਾਅਦ ਉਸ ਦਾ ਅਗਲਾ ਨਿਸ਼ਾਨਾ ਜਕਾਰਤਾ ਏਸ਼ਿਆਈ ਖੇਡਾਂ ਸੀ। ਤਿੰਨ ਸਾਲ ਬਾਅਦ ਉਸ ਨੇ ਆਪਣੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਵਾਪਸੀ ਕਰਦਿਆਂ 36ਵੀਂ ਕੌਮੀ ਰੋਇੰਗ ਚੈਂਪੀਅਨਸ਼ਿਪ ਰਾਹੀਂ ਵਾਪਸੀ ਕਰਦਿਆਂ ਦੋ ਚਾਂਦੀ ਦੇ ਤਮਗੇ ਜਿੱਤੇ। ਉਹ ਮੁੜ ਭਾਰਤੀ ਟੀਮ ਵਿੱਚ ਚੁਣਿਆ ਗਿਆ।

ਸਾਲ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਸ ਨੇ ਹਿੱਸਾ ਲਿਆ। ਪੁੱਜਿਆ। ਐਤਕੀਂ ਉਹ ਇਕੱਲੇ ਦੀ ਬਜਾਏ ਦੋ ਜਣਿਆਂ ਦੇ ਈਵੈਂਟ ਡਬਲਜ਼ ਸਕੱਲਜ਼ ਅਤੇ ਚਾਰ ਜਣਿਆਂ ਦੇ ਈਵੈਂਟ ਕੁਆਰਡਰਪਲ ਸਕੱਲਜ਼ ਵਿੱਚ ਹਿੱਸਾ ਲੈ ਰਿਹਾ ਸੀ। ਚਾਰ ਸਾਲ ਪਹਿਲਾਂ ਸੋਨੇ ਦਾ ਤਮਗਾ ਖਿਸਕ ਜਾਣ ਦੀ ਟੀਸ ਵੀ ਸਵਰਨ ਦੇ ਸੀਨੇ ਵਿੱਚ ਸੀ। ਪਿੱਠ ਦਰਦ ਕਾਰਨ ਉਹ ਚਾਰ ਸਾਲ ਕੌਮਾਂਤਰੀ ਮੁਕਾਬਲਿਆਂ ਤੋਂ ਦੂਰ ਰਿਹਾ ਸੀ। ਡਬਲਜ਼ ਸਕੱਲਜ਼ ਵਿੱਚ ਸਵਪਨ ਨੇ ਓਮ ਪ੍ਰਕਾਸ਼ ਨਾਲ ਮਿਲ ਕੇ ਚੰਗਾ ਪ੍ਰਦਰਸ਼ਨ ਤਾਂ ਦਿਖਾਇਆ ਪਰ ਚੌਥੇ ਸਥਾਨ 'ਤੇ ਰਹਿਣ ਕਰ ਕੇ ਤਮਗੇ ਤੋਂ ਵਾਂਝਾ ਰਹਿ ਗਿਆ। ਡਬਲਜ਼ ਸਕੱਲਜ਼ ਦੀ ਕਸਰ ਉਸ ਨੇ ਕੁਆਰਡਰਪਲ ਸਕੱਲਜ਼ ਵਰਗ ਵਿੱਚ ਕੱਢੀ। ਸਵਰਨ ਨੇ ਧਮਾਕੇਦਾਰ ਵਾਪਸੀ ਕਰਦਿਆਂ ਪੁਰਸ਼ਾਂ ਦੇ ਕੁਆਰਡਰਪਲ ਸਕੱਲਜ਼ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਸਵਰਨ ਨੇ ਆਪਣੀ ਕਾਬਲੀਅਤ, ਸਖਤ ਮਿਹਨਤ ਅਤੇ ਲਗਨ ਦਾ ਲੋਹਾ ਮਨਵਾਉਂਦਿਆਂ ਨਾ ਸਿਰਫ ਵਾਪਸੀ ਕੀਤੀ ਸਗੋਂ ਤਮਗੇ ਦਾ ਰੰਗ ਵੀ ਕਾਂਸੀ ਤੋਂ ਸੋਨੇ ਵਿੱਚ ਬਦਲਿਆ। ਇਸ ਈਵੈਂਟ ਵਿੱਚ ਉਸ ਦੇ ਤਿੰਨ ਸਾਥੀਆਂ ਵਿੱਚੋਂ ਇਕ ਸੁਖਮੀਤ ਸਿੰਘ ਸਮਾਘ ਤਾਂ ਉਸੇ ਦੇ ਹੀ ਜ਼ਿਲੇ ਮਾਨਸਾ ਦਾ ਰਹਿਣ ਵਾਲਾ ਸੀ। ਦੋ ਹੋਰ ਸਾਥੀ ਓਮ ਪ੍ਰਕਾਸ਼ ਤੇ ਦੱਤੂ ਬਬਨ ਸਨ। ਚੌਹਾਂ ਦੀ ਟੀਮ ਨੇ 6.15.18 ਦਾ ਸਮਾਂ ਕੱਢ ਕੇ ਏਸ਼ਿਆਈ ਖੇਡਾਂ ਵਿੱਚ ਸੁਨਹਿਰੀ ਇਤਿਹਾਸ ਸਿਰਜਿਆ।

ਜਕਾਰਤਾ ਵਿਖੇ ਸੋਨੇ ਦਾ ਤਮਗਾ ਜਿੱਤਣ ਲਈ ਸਵਰਨ ਦੀਆਂ ਹਥੇਲੀਆਂ ਦਾ ਮਾਸ ਵੀ ਇੰਨਾ ਭੁਰ ਗਿਆ ਸੀ ਕਿ ਉਸ ਦੇ ਛਾਲੇ ਪਏ ਹੱਥਾਂ ਵਿੱਚ ਸੋਨੇ ਦਾ ਤਮਗਾ ਫੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਬਹੁਤ ਵਾਇਰਲ ਹੋਈਆਂ। ਸਵਰਨ ਦੇ ਹੱਥ ਉਸ ਦੀ ਕਰੜੀ ਮਿਹਨਤ ਦੀ ਸਾਰੀ ਕਹਾਣੀ ਆਪੇ ਬਿਆਨ ਕਰ ਰਹੇ ਸਨ। ਜਕਾਰਤਾ ਵਿਖੇ ਸੋਨ ਤਮਗਾ ਜਿੱਤਣ ਵਾਲੇ ਮਾਨਸਾ ਦੇ ਦੋਵੇਂ ਰੋਇੰਗ ਖਿਡਾਰੀਆਂ ਦੇ ਸਨਮਾਨ ਵਿੱਚ ਵਿੱਚ ਮਾਨਸਾ ਜ਼ਿਲਾ ਪ੍ਰਸ਼ਾਸਨ ਵੱਲੋਂ ਮਾਨਸਾ ਕੈਂਚੀਆ ਚੌਕ ਦਾ ਨਾਮ ਇਨ੍ਹਾਂ ਖਿਡਾਰੀਆਂ ਦੇ ਨਾਮ ਉਤੇ ਰੱਖਿਆ ਗਿਆ ਜਿੱਥੇ ਇਨ੍ਹਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ। ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਅਨੁਸਾਰ ਸਵਰਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਕ ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਆ।

ਸਾਲ 2018 ਦੇ ਅਖੀਰ ਵਿੱਚ ਹੈਦਰਾਬਾਦ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸਵਰਨ ਨੇ ਮਿਕਸਡ ਡਬਲਜ਼ ਵਿੱਚ ਨਵਨੀਤ ਕੌਰ ਨਾਲ ਮਿਲ ਕੇ ਸੋਨੇ ਦਾ ਤਮਗਾ ਜਿੱਤਿਆ। ਸਾਲ 2019 ਵਿੱਚ ਦੱਖਣੀ ਕੋਰੀਆ ਵਿਖੇ ਹੋਈ 19ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਸਵਰਨ ਨੇ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਇਸ ਖੇਡ ਵਿੱਚ ਆਪਣੀਆਂ ਦੀ ਪ੍ਰਾਪਤੀ ਦੀ ਸੂਚੀ ਵਿੱਚ ਹੋਰ ਵਾਧਾ ਕਰ ਦਿੱਤਾ। ਪੁਰਸ਼ ਓਪਨ ਕੁਆਰਡਰਪਲ ਸਕੱਲਜ਼ ਵਿੱਚ ਉਸ ਨੇ ਚਾਂਦੀ ਅਤੇ ਪੁਰਸ਼ ਓਪਨ ਡਬਲਜ਼ ਸਕੱਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਦੋਵਾਂ ਈਵੈਂਟਾਂ ਵਿੱਚ ਹੀ ਮਾਨਸਾ ਜ਼ਿਲੇ ਦੇ ਹੀ ਸੁਖਮੀਤ ਸਿੰਘ ਸਮਾਘ ਨੇ ਵੀ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ। ਰੋਇੰਗ ਖੇਡ ਵਿੱਚ ਪੰਜਾਬੀਆਂ ਦੀ ਸਰਦਾਰੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 21 ਮੈਂਬਰੀ ਭਾਰਤੀ ਟੀਮ ਵਿੱਚੋਂ 11 ਖਿਡਾਰੀ ਪੰਜਾਬ ਦੇ ਸਨ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨੇ ਕੁੱਲ ਛੇ ਤਮਗੇ ਜਿੱਤੇ ਜਿਨ੍ਹਾਂ ਵਿੱਚ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਸ਼ਾਮਲ ਸਨ ਜਿਨ੍ਹਾਂ ਵਿੱਚ ਪੰਜ ਤਮਗੇ ਜਿੱਤਣ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਯੋਗਦਾਨ ਸੀ। ਇਸੇ ਸਾਲ ਸਵਰਨ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ।

ਸਵਰਨ ਨੂੰ ਫੌਜ ਵਿੱਚ 2016 ਵਿੱਚ ਤਰੱਕੀ ਦੇ ਕੇ ਸੂਬੇਦਾਰ ਬਣਾਇਆ ਗਿਆ। ਅਗਲੀ ਤਰੱਕੀ ਉਸ ਦੀ ਸੂਬੇਦਾਰ ਮੇਜਰ ਦੀ ਹੈ। ਉਹ ਲਵਲੀ ਯੂਨੀਵਰਸਿਟੀ ਤੋਂ ਡਿਸਟੈਂਸ ਸਿੱਖਿਆ ਰਾਹੀਂ ਗਰੈਜੂਏਸ਼ਨ ਵੀ ਕਰ ਰਿਹਾ ਹੈ। ਸੰਭਵ ਹੈ ਕਿ ਜਦੋਂ ਉਸ ਦੀ ਗਰੈਜੂਏਸ਼ਨ ਹੋ ਜਾਵੇ ਤਾਂ ਉਸ ਦੀਆਂ ਖੇਡ ਪ੍ਰਾਪਤੀਆਂ ਸਦਕਾ ਪੰਜਾਬ ਪੁਲਿਸ ਵਿੱਚ ਸਿੱਧਆ ਡੀ.ਐਸ.ਪੀ. ਭਰਤੀ ਕਰ ਲਿਆ ਜਾਵੇ। ਪਿਛਲੇ ਦਿਨੀਂ ਸਵਰਨ ਦਾ ਵਿਆਹ ਹੋਇਆ। ਉਸ ਦੀ ਪਤਨੀ ਰਵਿੰਦਰ ਕੌਰ ਬੀ.ਟੈਕ. ਪਾਸ ਹੈ ਅਤੇ ਮਾਨਸਾ ਜ਼ਿਲੇ ਦੇ ਪਿੰਡ ਡੇਲੂਆਣਾ ਦੀ ਰਹਿਣ ਵਾਲੀ ਹੈ। ਉਹ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ। ਸਵਰਨ ਦਾ ਪ੍ਰੇਮ ਵਿਆਹ ਹੋਇਆ ਹੈ। ਸਵਰਨ ਦੱਸਦਾ ਹੈ ਕਿ ਉਹ ਦੋਵੇਂ ਇਕੋ ਸਕੂਲ ਵਿੱਚ ਪੜ੍ਹਦੇ ਸਨ ਅਤੇ ਉਹ ਦੋ ਜਮਾਤਾਂ ਅੱਗੇ ਹੁੰਦਾ ਸੀ। ਸਵਰਨ ਇਸ ਵਿਆਹ ਪਿੱਛੇ ਵੀ ਆਪਣੀ ਖੇਡ ਨੂੰ ਸਿਹਰਾ ਦਿੰਦਾ ਹੈ। ਉਹ ਦੱਸਦਾ ਹੈ ਕਿ ਸਕੂਲੋਂ ਪੜ੍ਹਨ ਤੋਂ ਬਾਅਦ ਕਈ ਵਰ੍ਹੇ ਉਨ੍ਹਾਂ ਦੀ ਗੱਲ ਨਹੀਂ ਹੋਈ। 2014 ਵਿੱਚ ਜਦੋਂ ਉਸ ਨੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਤਾਂ ਅਖਬਾਰਾਂ ਵਿੱਚ ਤਸਵੀਰਾਂ ਛਪੀਆਂ ਦੇਖ ਕੇ ਉਹ ਫੇਸਬੁੱਕ ਰਾਹੀਂ ਮੁੜ ਜੋੜੇ ਅਤੇ ਅਜਿਹੇ ਜੋੜੇ ਕਿ ਅੱਜ ਵਿਆਹ ਬੰਧਨ ਵਿੱਚ ਬੱਝ ਗਏ।

ਸਵਰਨ ਜਿੰਨੇ ਸਾਧਾਰਣ ਪਰਿਵਾਰ ਦਾ ਰਹਿਣ ਵਾਲਾ ਹੈ ਉਨ੍ਹੀਆਂ ਹੀ ਉਸ ਦੀ ਗੈਰ-ਸਾਧਾਰਣ ਪ੍ਰਾਪਤੀਆਂ ਹਨ। ਅਸਲ ਜੀਵਨ ਵਿੱਚ ਉਹ ਬਹੁਤ ਸਾਦ ਮੁਰਾਦਾ ਹੈ। ਸਾਦਗੀ ਉਸ ਦਾ ਗਹਿਣਾ ਹੈ ਜੋ ਉਸ ਨੇ ਵੱਡੀਆਂ ਪ੍ਰਾਪਤੀਆਂ ਤੇ ਤਰੱਕੀਆਂ ਕਰਨ ਤੋਂ ਬਾਅਦ ਵੀ ਨਹੀਂ ਛੱਡੀ। ਸਵਰਨ ਨਾਲ ਮੇਰਾ ਨਿੱਜੀ ਤੌਰ 'ਤੇ ਅੱਠ ਵਰ੍ਹਿਆਂ ਦਾ ਵਾਹ-ਵਾਸਤਾ ਹੈ। ਪਹਿਲੀ ਵਾਰ ਜਦੋਂ ਸਵਰਨ ਨੇ 2012 ਵਿੱਚ ਲੰਡਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ ਤਾਂ ਉਸ ਨੂੰ ਕੋਟਲਾ ਸ਼ਾਹੀਆ (ਬਟਾਲਾ) ਵਿਖੇ ਕਮਲਜੀਤ ਖੇਡਾਂ ਦੌਰਾਨ ਸਨਮਾਨਤ ਕਰਨ ਲਈ ਸੱਦਾ ਪੱਤਰ ਦੇਣ ਦੇ ਸਿਲਸਿਲੇ ਵਿੱਚ ਮੈਂ ਪਹਿਲੀ ਵਾਰ ਉਸ ਨਾਲ ਗੱਲ ਕੀਤੀ। ਉਸ ਸਮੇਂ ਉਹ ਕਿਸੇ ਟੂਰਨਾਮੈਂਟ ਕਾਰਨ ਪਹੁੰਚ ਨਹੀਂ ਸਕਿਆ ਅਤੇ ਉਸ ਦੇ ਵੱਡੇ ਭਰਾ ਲਖਵਿੰਦਰ ਸਿੰਘ ਨੇ ਪੁਰਸਕਾਰ ਹਾਸਲ ਕੀਤਾ। ਉਸ ਦਿਨ ਤੋਂ ਬਾਅਦ ਸਵਰਨ ਮੇਰਾ ਨਿੱਜੀ ਦੋਸਤ ਬਣ ਗਿਆ। ਕਮਲਜੀਤ ਖੇਡਾਂ ਵਿਖੇ ਸਵਰਨ ਨੂੰ ਦੂਜੀ ਵਾਰ 'ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ' ਨਾਲ ਵੀ ਸਨਮਾਨਤ ਕੀਤਾ ਗਿਆ ਜਦੋਂ ਅਸੀਂ ਦੋਵੇਂ ਲੁਧਿਆਣੇ ਤੋਂ ਕੋਟਲਾ ਸ਼ਾਹੀਆ ਇਕੱਠੇ ਗਏ।

ਮੇਰੇ ਤਾਏ ਦਾ ਲੜਕਾ ਭੁਪਿੰਦਰ ਸਿੰਘ 10 ਸਿੱਖ ਰਜਮੈਂਟ ਤੋਂ ਰਿਟਾਇਰੀ ਫੌਜੀ ਜਵਾਨ ਹੈ ਜੋ ਮੈਨੂੰ ਸਵਰਨ ਦੇ ਭਰਤੀ ਦੇ ਦਿਨਾਂ ਅਤੇ ਖੇਡਾਂ ਵੱਲ ਉਸ ਦੇ ਰੁਝਾਨ ਦੇ ਕਿੱਸੇ ਅਕਸਰ ਹੀ ਸੁਣਾਉਂਦਾ ਰਹਿੰਦਾ ਹੈ। ਸਵਰਨ ਦੇ ਪਰਿਵਾਰ ਤੇ ਪਿਛੋਕੜ ਬਾਰੇ ਮੈਨੂੰ ਮੇਰੇ ਪਿਤਾ ਜੀ ਨੇ ਵੀ ਕੁਝ ਜਾਣਕਾਰੀ ਦਿੱਤੀ ਕਿਉਂਕਿ ਮੇਰੇ ਪਿਤਾ ਜੀ ਦੀ ਪੋਸਟਿੰਗ 2010 ਵਿੱਚ ਕੁਝ ਸਮੇਂ ਲਈ ਝੁਨੀਰ ਦੇ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਡੀ.ਪੀ.ਈ. ਹੋਈ ਸੀ। ਮਾਨਸਾ ਜ਼ਿਲੇ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਸਵਰਨ ਦੀਆਂ ਪ੍ਰਾਪਤੀਆਂ ਉਤੇ ਮਾਣ ਕਰਦੇ ਨਹੀਂ ਥੱਕਦੇ। ਸਵਰਨ ਸੋਸ਼ਲ ਮੀਡੀਆ ਉਪਰ ਵੀ ਪੂਰਾ ਐਕਟਿਵ ਰਹਿੰਦਾ ਹੈ। ਉਸ ਕੋਲੋਂ ਉਸ ਦੀ ਕੋਈ ਤਸਵੀਰ ਮੰਗੋ ਤਾਂ ਉਹ ਝੱਟ ਭੇਜ ਦਿੰਦਾ ਹੈ। ਕਈ ਵਾਰ ਤਾਂ ਉਹ ਕਹਿ ਦਿੰਦਾ ਹੈ ਕਿ ਇੰਸਟਾਗ੍ਰਾਮ ਤੋਂ ਲੈ ਲਓ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੀ ਖੇਡ ਯੂਨੀਵਰਸਿਟੀ ਪਟਿਆਲੇ ਵਿਖੇ ਬਣਾਈ ਜਾ ਰਹੀ ਹੈ, ਜਿਸ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਨੂੰ ਲਗਾਇਆ ਗਿਆ।

ਲੈਫਟੀਨੈਂਟ ਜਨਰਲ ਚੀਮਾ ਜਦੋਂ ਪਹਿਲੇ ਦਿਨ ਜੁਆਇਨਿੰਗ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮਿਲਣ ਆਏ ਤਾਂ ਮੈਂ ਉਨ੍ਹਾਂ ਦੇ ਨਾਲ ਕਾਰ ਵਿੱਚ ਆ ਰਿਹਾ ਸੀ। ਪੰਜਾਬ ਦੇ ਖਿਡਾਰੀਆਂ ਦੀਆਂ ਚੱਲਦੀਆਂ ਗੱਲਾਂ ਦੌਰਾਨ ਉਨ੍ਹਾਂ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੀ ਰਜਮੈਂਟ 10 ਸਿੱਖ ਹੈ ਅਤੇ ਰੋਇੰਗ ਓਲੰਪੀਅਨ ਸਵਰਨ ਸਿੰਘ ਵਿਰਕ ਉਸੇ ਦੀ ਰਜਮੈਂਟ ਦਾ ਹੈ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਜਦੋਂ 550 ਪ੍ਰਸਿੱਧ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ ਤਾਂ ਇਨ੍ਹਾਂ ਵਿੱਚ ਲੈਫਟੀਨੈਂਟ ਜਨਰਲ ਜੇ.ਐਸ.ਚੀਮਾ ਤੇ ਸਵਰਨ ਸਿੰਘ ਵਿਰਕ ਦੋਵੇਂ ਸ਼ਾਮਲ ਸਨ। ਬਜਰੰਗ ਲਾਲ ਸਵਰਨ ਦਾ ਚਹੇਤਾ ਕਿਸ਼ਤੀ ਚਾਲਕ ਹੈ ਅਤੇ ਉਸ ਦਾ ਪਸੰਦੀਦਾ ਕੋਚ ਸਮਾਈਲ ਬੇਗ ਹੈ।

ਸਵਰਨ ਅੱਜ-ਕੱਲ੍ਹ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਸਤੇ ਤਿਆਰੀ ਕਰ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਟੋਕੀਓ ਓਲੰਪਿਕਸ ਵੀ ਇਕ ਸਾਲ ਲੇਟ ਹੋ ਗਈ ਅਤੇ ਕੁਆਲੀਫਾਈ ਗੇੜ ਵੀ ਅੱਗੇ ਪੈ ਗਿਆ। ਪੁਣੇ ਵਿਖੇ ਉਹ ਦਿਨ ਵਿੱਚ ਕੁੱਲ ਛੇ ਘੰਟੇ ਅਭਿਆਸ ਕਰਦਾ ਹੈ। ਦਿਨ ਵਿੱਚ ਤਿੰਨ-ਤਿੰਨ ਵਾਰ ਉਹ ਪਾਣੀਆਂ ਦੀਆਂ ਲਹਿਰਾਂ ਨੂੰ ਚੀਰਦਾ ਹੋਇਆ ਕਿਸ਼ਤੀ ਅੱਗੇ ਵਧਾਉਂਦਾ ਹੈ। 18 ਸਾਲ ਦੀ ਉਮਰ ਤੱਕ ਜਿਸ ਖਿਡਾਰੀ ਨੂੰ ਰੋਇੰਗ ਖੇਡ ਦਾ ਨਾਂ ਨਹੀਂ ਪਤਾ ਸੀ, ਉਹ ਚਾਰ ਵਰ੍ਹਿਆਂ ਦੇ ਅੰਦਰ ਹੀ ਦੁਨੀਆਂ ਦੀ ਦੋ-ਤਿਹਾਈ ਵਸੋਂ ਵਾਲੇ ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦਾ ਚੈਂਪੀਅਨ ਬਣਿਆ, ਉਹ ਵੀ ਚਾਰ ਵਾਰ। ਸਵਰਨ ਦਾ ਹੁਣ ਇਕੋ-ਇਕ ਨਿਸ਼ਾਨਾ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਣ ਦਾ ਹੈ। ਉਹ ਕਹਿੰਦਾ ਜ਼ਿੰਦਗੀ ਵਿੱਚ ਉਸ ਨੇ ਜੋ ਵੀ ਚਾਹਿਆ ਹੈ, ਉਹ ਸਭ ਕੁਝ ਮਿਲਿਆ ਹੈ। ਚਾਹੇ ਕੁਝ ਸਮਾਂ ਰੁਕਣਾ ਪਿਆ। ਉਹ ਹੁਣ ਓਲੰਪਿਕਸ ਤਮਗੇ ਦੀ ਚਾਹਤ ਲਈ ਸਾਧ ਬਣਿਆ ਹੋਇਆ। ਓਲੰਪਿਕਸ ਦੀ ਇਕ ਸਾਲ ਦੀ ਉਡੀਕ ਵੀ ਉਸ ਦੇ ਨਿਸ਼ਾਨੇ ਦੀ ਪ੍ਰਾਪਤੀ ਦੇ ਰਾਹ ਵਿੱਚ ਰੋੜਾ ਨਹੀਂ ਬਣ ਰਹੀ ਹੈ।

rajwinder kaur

This news is Content Editor rajwinder kaur