ਖੇਡ ਰਤਨ ਪੰਜਾਬ ਦੇ : ਅੱਵਲ ਖ਼ਿਡਾਰੀ ਤੇ ਆਹਲਾ ਕੋਚ ‘ਰਾਜਿੰਦਰ ਸਿੰਘ ਸੀਨੀਅਰ’

06/07/2020 11:44:08 AM

ਆਰਟੀਕਲ-11

ਨਵਦੀਪ ਸਿੰਘ ਗਿੱਲ

ਰਾਜਿੰਦਰ ਸਿੰਘ ਸੀਨੀਅਰ ਹਾਕੀ ਦਾ ਜਿੰਨਾ ਤਕੜਾ ਖ਼ਿਡਾਰੀ ਹੋਇਆ, ਉਸ ਤੋਂ ਵੱਡਾ ਉਹ ਕੋਚ ਹੋਇਆ। ਰਾਜਿੰਦਰ ਸਿੰਘ ਨੇ ਅੱਵਲ ਦਰਜੇ ਦੀ ਹਾਕੀ ਖ਼ੇਡੀ ਅਤੇ ਫੇਰ ਕੋਚ ਬਣ ਕੇ ਆਹਲਾ ਦਰਜੇ ਦੀ ਹਾਕੀ ਖ਼ਿਡਾਈ। ਰਾਜਿੰਦਰ ਸਿੰਘ ਨੂੰ ਅਰਜੁਨਾ ਐਵਾਰਡ ਤੇ ਦਰੋਣਾਚਾਰੀਆ ਐਵਾਰਡ ਦੋਵੇਂ ਹੀ ਮਿਲੇ ਹਨ। ਇਹ ਦੁਰਲੱਭ ਪ੍ਰਾਪਤੀ ਵਾਲਾ ਉਹ ਦੇਸ਼ ਦਾ ਇਕਲੌਤਾ ਖ਼ਿਡਾਰੀ ਹੈ। ਰਾਜਿੰਦਰ ਸਿੰਘ ਨੇ ਜਿੱਥੇ ਵੀ ਪੈਰ ਧਰਿਆ, ਸਫਲਤਾ ਹੀ ਹਾਸਲ ਕੀਤੀ। ਖ਼ੇਡਦਾ ਉਹ ਫੁੱਲਬੈਕ ਦੀ ਪੁਜੀਸ਼ਨ 'ਤੇ ਸੀ ਪਰ ਪੈਨਲਟੀ ਕਾਰਨਰ ਮੁਹਾਰਤ ਕਾਰਨ ਟੀਮ ਲਈ ਉਹ ਫਾਰਵਰਡਾਂ ਤੋਂ ਵੀ ਵੱਧ ਗੋਲ ਕਰਦਾ ਸੀ। ਕਹਿੰਦੇ ਕਹਾਉਂਦੇ ਫਾਰਵਰਡ ਉਸ ਤੋਂ ਖ਼ੌਫ ਖ਼ਾਂਦੇ ਸਨ। ਪਾਕਿਸਤਾਨ ਦੇ ਮੰਨੇ ਪ੍ਰਮੰਨੇ ਸਟਰਾਈਕਰ ਹਸਨ ਸਰਦਾਰ ਦੀ ਰਾਜਿੰਦਰ ਸਾਹਮਣੇ ਬੱਸ ਹੋ ਜਾਂਦੀ ਸੀ। ਰਾਜਿੰਦਰ ਸਿੰਘ ਭਾਰਤੀ ਹਾਕੀ ਦਾ ਉਹ ਸੁਭਾਗਾ ਖ਼ਿਡਾਰੀ ਤੇ ਕੋਚ ਰਿਹਾ, ਜਿਸ ਦੇ ਜਾਣ ਤੋਂ ਬਾਅਦ ਭਾਰਤੀ ਹਾਕੀ ਦੀ ਕਿਸਮਤ ਹੀ ਰੁੱਸ ਜਾਂਦੀ ਰਹੀ। ਖ਼ਿਡਾਰੀ ਵਜੋਂ ਉਹ ਓਲੰਪਿਕ ਚੈਂਪੀਅਨ ਬਣਿਆ ਅਤੇ ਕੋਚ ਵਜੋਂ ਉਹ ਵਿਸ਼ਵ ਵਿਜੇਤਾ। ਰਾਜਿੰਦਰ ਸਿੰਘ ਵੱਲੋਂ ਮਾਸਕੋ ਓਲੰਪਿਕਸ ਵਿੱਚ ਜਿੱਤਿਆ ਸੋਨੇ ਦਾ ਤਮਗਾ ਭਾਰਤੀ ਟੀਮ ਦਾ ਆਖਰੀ ਓਲੰਪਿਕ ਤਮਗਾ ਹੈ। 2004 ਵਿੱਚ ਰਾਜਿੰਦਰ ਸਿੰਘ ਵੱਲੋਂ ਕੋਚਿੰਗ ਦੀ ਕਮਾਨ ਛੱਡਣ ਤੋਂ ਬਾਅਦ ਭਾਰਤੀ ਹਾਕੀ ਨੇ ਸਭ ਤੋਂ ਵੱਡੀ ਨਿਵਾਣ ਦੇਖੀ, ਜਦੋਂ 2008 ਦੀਆਂ ਬੀਜਿੰਗ ਓਲੰਪਿਕਸ ਖ਼ੇਡਾਂ ਲਈ ਭਾਰਤੀ ਟੀਮ ਕੁਆਲੀਫਾਈ ਹੀ ਨਹੀਂ ਹੋ ਸਕੀ। ਰਾਜਿੰਦਰ ਦੀ ਮੌਜੂਦਗੀ ਟੀਮ ਲਈ ਜਿੱਤ ਦੀ ਗਾਰੰਟੀ ਹੁੰਦੀ ਸੀ। ਭਾਰਤੀ ਟੀਮ ਦਾ ਚੀਫ ਕੋਚ ਰਿਹਾ ਰਾਜਿੰਦਰ ਸਿੰਘ ਹੁਣ ਜਦੋਂ ਐੱਨ.ਆਈ.ਐੱਸ. ਪਟਿਆਲਾ ਦੇ ਚੀਫ ਕੋਚ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਮੱਧ ਪ੍ਰਦੇਸ਼ ਹਾਕੀ ਅਕੈਡਮੀ ਭੋਪਾਲ ਵਿਖੇ ਸਲਾਹਕਾਰ ਕੰਸਲਟੈਂਟ ਵਜੋਂ ਲੱਗ ਗਿਆ ਤਾਂ ਉਥੇ ਜਾ ਕੇ ਵੀ ਉਸ ਨੇ ਮੱਧ ਪ੍ਰਦੇਸ਼ ਨੂੰ ਜਿੱਤਾਂ ਜਿੱਤਣ ਦੀ ਆਦਤ ਪਾ ਦਿੱਤੀ।

ਰਾਜਿੰਦਰ ਸਿੰਘ ਨੇ ਹਾਕੀ ਖ਼ੇਡਦਿਆਂ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗਾ, ਏਸ਼ਿਆਈ ਖ਼ੇਡਾਂ ਤੇ ਏਸ਼ੀਆ ਕੱਪ ਵਿੱਚ ਚਾਂਦੀ ਦਾ ਤਮਗਾ ਅਤੇ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਵਿਸ਼ਵ ਕੱਪ ਦਾ ਉਹ ਟਾਪ ਸਕੋਰਰ ਰਿਹਾ। ਚੈਂਪੀਅਨਜ਼ ਟਰਾਫੀ ਵਿੱਚ ਉਸ ਨੇ ਪਾਕਿਸਤਾਨ ਖਿਲਾਫ ਹੈਟ੍ਰਿਕ ਜੜੀ। ਜਦੋਂ ਉਸ ਨੇ ਟੀਮ ਦੀ ਕੋਚਿੰਗ ਦੀ ਕਮਾਨ ਸੰਭਾਲੀ ਤਾਂ ਸਬ ਜੂਨੀਅਰ ਤੋਂ ਲੈ ਕੇ ਸੀਨੀਅਰ ਵਰਗ ਤੱਕ ਭਾਰਤ ਦੀ ਝੋਲੀ ਟਰਾਫੀਆਂ ਨਾਲ ਭਰ ਦਿੱਤੀ। ਜੂਨੀਅਰ ਵਿਸ਼ਵ ਕੱਪ ਤੇ ਸਬ ਜੂਨੀਅਰ ਏਸ਼ੀਆ ਕੱਪ ਜਿਤਾਉਣ ਤੋਂ ਬਾਅਦ ਸੀਨੀਅਰ ਟੀਮ ਦੀ ਕੋਚਿੰਗ ਕਰਦਿਆਂ ਏਸ਼ੀਆ ਕੱਪ, ਐਫਰੋ-ਏਸ਼ੀਅਨ ਖ਼ੇਡਾਂ ਤੇ ਚਾਰ ਦੇਸ਼ੀ ਟੂਰਨਾਮੈਂਟਾਂ ਵਿੱਚ ਸੋਨੇ ਦਾ ਤਮਗਾ, ਏਸ਼ਿਆਈ ਖ਼ੇਡਾਂ ਵਿੱਚ ਚਾਂਦੀ ਦਾ ਤਮਗਾ ਜਿਤਾਇਆ।

ਰਾਜਿੰਦਰ ਸਿੰਘ ਸੀਨੀਅਰ ਪਾਕਿਸਤਾਨ ਦੇ ਮਹਾਨ ਖਿਡਾਰੀ ਹਸਨ ਸਰਦਾਰ ਨੂੰ ਝਕਾਨੀ ਦਿੰਦਾ ਹੋਇਆ

ਰਾਜਿੰਦਰ ਸਿੰਘ ਬਦੌਲਤ ਭਾਰਤ ਪਹਿਲੀ ਵਾਰ ਜੂਨੀਅਰ ਵਿਸ਼ਵ ਕੱਪ ਚੈਂਪੀਅਨ ਅਤੇ ਸੀਨੀਅਰ ਏਸ਼ੀਆ ਕੱਪ ਜਿੱਤਣ ਵਿੱਚ ਸਫਲ ਰਿਹਾ ਸੀ। ਰਾਜਿੰਦਰ ਸਿੰਘ ਦੇ ਤਿਆਰ ਕੀਤੇ ਖ਼ਿਡਾਰੀਆਂ ਦੀ ਵੱਡੀ ਫੌਜ ਹੈ, ਜਿਸ ਨੇ ਭਾਰਤੀ ਹਾਕੀ ਦੀ ਲੰਬਾ ਸਮਾਂ ਸੇਵਾ ਕੀਤੀ। ਉਸ ਦੇ ਚੇਲਿਆਂ ਵਿੱਚੋਂ ਸੱਤ ਖਿਡਾਰੀ ਤਾਂ ਅਰਜੁਨਾ ਐਵਾਰਡੀ ਹਨ। ਰਾਜਿੰਦਰ ਜਿੰਨਾ ਵੱਡਾ ਖ਼ਿਡਾਰੀ ਤੇ ਕੋਚ ਹੈ, ਉਸ ਤੋਂ ਵੀ ਵੱਡਾ ਅਸੂਲੀ ਤੇ ਖ਼ਰਾ ਬੰਦਾ ਹੈ। ਓਲੰਪਿਕਸ ਤੋਂ ਐਨ ਪਹਿਲਾ ਜਦੋਂ ਟੀਮ ਦੀ ਚੋਣ ਵਿੱਚ ਗੜਬੜੀ ਹੋਈ ਤਾਂ ਉਸ ਨੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਭਾਰਤੀ ਟੀਮ ਦਾ ਚੀਫ ਕੋਚ ਦਾ ਅਹੁਦਾ ਤਿਆਗ ਦਿੱਤਾ।

ਰਾਜਿੰਦਰ ਨਾਂ ਨੂੰ ਵੀ ਬਲਬੀਰ ਸਿੰਘ ਤੇ ਬਲਜੀਤ ਸਿੰਘ ਵਾਂਗ ਬਖਸ਼ਿਸ਼ ਰਹੀ ਹੈ। ਭਾਰਤੀ ਹਾਕੀ ਵਿੱਚ ਤਿੰਨ ਰਾਜਿੰਦਰ ਸਿੰਘ ਹੋਏ ਹਨ। ਜਿਸ ਰਾਜਿੰਦਰ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਨੂੰ ਸੀਨੀਅਰ ਤਖੱਲਸ ਵਜੋਂ ਜਾਣਿਆ ਜਾਂਦਾ ਹੈ। 1980 ਦੀ ਮਾਸਕੋ ਓਲੰਪਿਕ ਖ਼ੇਡਣ ਵਾਲੇ ਇਸ ਰਾਜਿੰਦਰ ਤੋਂ ਬਾਅਦ ਜਦੋਂ ਦੂਜਾ ਰਾਜਿੰਦਰ ਸਿੰਘ 1984 ਦੀ ਲਾਸ ਏਂਜਲਸ ਓਲੰਪਿਕ ਟੀਮ ਵਿੱਚ ਆਇਆ ਤਾਂ ਉਸ ਨੂੰ ਜੂਨੀਅਰ ਦਾ ਤਖੱਲਸ ਦਿੱਤਾ ਗਿਆ। ਉਸ ਤੋਂ ਬਾਅਦ 1988 ਦੀ ਸਿਓਲ ਓਲੰਪਿਕਸ ਵਿੱਚ ਇਕ ਹੋਰ ਰਾਜਿੰਦਰ ਆਇਆ, ਜਿਸ ਨੂੰ ਰਾਵਤ ਕਹਿੰਦੇ ਸਨ। ਚੌਥਾ ਰਾਜਿੰਦਰ ਸਿੰਘ ਸੰਧੂ ਯੁਗਾਂਡਾ ਦਾ ਸੀ, ਜਿਸ ਨੇ 1972 ਦੀਆਂ ਮਿਊਨਖ ਓਲੰਪਿਕ ਖ਼ੇਡਾਂ ਵਿੱਚ ਹਿੱਸਾ ਲਿਆ ਸੀ। ਰਾਜਿੰਦਰ ਸਿੰਘ ਸੀਨੀਅਰ ਦੀ ਇਕ ਗੱਲ ਬਲਬੀਰ ਸਿੰਘ ਸੀਨੀਅਰ ਨਾਲ ਮਿਲਦੀ ਹੈ। ਬਲਬੀਰ ਸਿੰਘ ਸੀਨੀਅਰ ਨੇ ਖ਼ਿਡਾਰੀ ਵਜੋਂ ਤਿੰਨ ਓਲੰਪਿਕ ਖ਼ੇਡਾਂ ਵਿੱਚ ਸੋਨੇ ਦੇ ਤਮਗੇ ਜਿੱਤੇ ਅਤੇ ਕੋਚ ਬਣਨ ਤੋਂ ਬਾਅਦ ਟੀਮ ਨੂੰ ਵਿਸ਼ਵ ਕੱਪ ਜਿਤਾਇਆ। ਰਾਜਿੰਦਰ ਸਿੰਘ ਸੀਨੀਅਰ ਨੇ ਵੀ ਪਹਿਲਾਂ ਓਲੰਪਿਕ ਖ਼ੇਡਾਂ ਵਿੱਚ ਇਕ ਸੋਨੇ ਦਾ ਤਮਗਾ ਜਿੱਤਿਆ ਅਤੇ ਫੇਰ ਬਤੌਰ ਕੋਚ ਜੂਨੀਅਰ ਵਿਸ਼ਵ ਕੱਪ ਜਿਤਾਇਆ। ਉਸ ਦੇ ਮੋਢੇ ਉਤੇ ਇਕ ਸਟਾਰ ਵੱਧ ਸੀਨੀਅਰ ਏਸ਼ੀਆ ਕੱਪ ਜਿੱਤ ਦਾ ਲੱਗਿਆ ਹੋਇਆ ਹੈ। ਜਲੰਧਰ ਵਾਲਾ ਰਾਜਿੰਦਰ ਸਿੰਘ ਜੂਨੀਅਰ ਵੀ ਓਲੰਪਿਕ ਖ਼ੇਡਣ ਤੋਂ ਬਾਅਦ ਭਾਰਤੀ ਟੀਮ ਦਾ ਕੋਚ ਬਣਿਆ। ਪੰਜਾਬ ਐਂਡ ਸਿੰਧ ਬੈਂਕ ਵਾਲੇ ਇਸ ਰਾਜਿੰਦਰ ਸਿੰਘ ਨੂੰ ਵੀ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਮਾਸਕੋ ਓਲੰਪਿਕਸ-1980 ਵਿੱਚ ਸੋਨ ਤਮਗਾ ਜੇਤੂ ਟੀਮ (ਉਪਰਲੀ ਲਾਈਨ ਵਿੱਚ ਐਨ ਸੱਜੇ ਰਾਜਿੰਦਰ ਸਿੰਘ ਸੀਨੀਅਰ)

ਰਾਜਿੰਦਰ ਸਿੰਘ ਦਾ ਜਨਮ 7 ਜਨਵਰੀ 1958 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸ ਦਾ ਜੱਦੀ ਸ਼ਹਿਰ ਜਲਾਲਾਬਾਦ ਜ਼ਿਲਾ ਫਾਜ਼ਿਲਕਾ (ਉਦੋਂ ਫਿਰੋਜ਼ਪੁਰ) ਹੈ। ਭਗਵੰਤ ਕੌਰ ਦੀ ਕੁੱਖੋਂ ਜਨਮੇ ਰਾਜਿੰਦਰ ਸਿੰਘ ਦੇ ਪਿਤਾ ਬਲਵੰਤ ਸਿੰਘ ਆਪਣੇ ਸਮੇਂ ਦੇ ਵਾਲੀਬਾਲ ਖ਼ਿਡਾਰੀ ਰਹੇ ਹਨ। ਰਾਜਿੰਦਰ ਸਿੰਘ ਹੁਰੀਂ ਛੇ ਭਰਾ ਤੇ ਦੋ ਭੈਣਾਂ ਸਨ। ਰਾਜਿੰਦਰ ਦਾ ਵੱਡਾ ਭਰਾ ਜਸਵਿੰਦਰ ਸਿੰਘ ਕੰਬਾਈਡ ਯੂਨੀਵਰਸਿਟੀ ਟੀਮ ਵੱਲੋਂ ਹਾਕੀ ਖ਼ੇਡਿਆ, ਜਦੋਂ ਇਕ ਹੋਰ ਭਰਾ ਸਰਬਜੀਤ ਸਿੰਘ ਵੀ ਸਪੋਰਟਸ ਕਾਲਜ ਜਲੰਧਰ ਵੱਲੋਂ ਫੁਟਬਾਲ ਖੇਡਦਾ ਰਿਹਾ। ਘਰ ਵਿੱਚ ਖੇਡਾਂ ਵਾਲਾ ਮਾਹੌਲ ਸੀ। ਜਲਾਲਾਬਾਦ ਦੇ ਸਰਕਾਰੀ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਦਿਆਂ ਉਹ ਹਰ ਖ਼ੇਡ ਖ਼ੇਡਦਾ ਸੀ। ਹਾਕੀ, ਵਾਲੀਬਾਲ, ਫੁਟਬਾਲ। ਇਥੋਂ ਤੱਕ ਕਿ ਗੁੱਲੀ ਡੰਡਾ ਵਰਗੀਆਂ ਦੇਸੀ ਖੇਡਾਂ ਵਿੱਚ ਵੀ ਪੂਰੀ ਮੁਹਾਰਤ ਸੀ। ਵੱਡੇ ਭਰਾ ਨੂੰ ਦੇਖਦਿਆਂ ਸਪੋਰਟਸ ਸਕੂਲ ਜਲੰਧਰ ਵਿਖੇ ਨੌਵੀਂ ਕਲਾਸ ਵਿੱਚ ਦਾਖਲਾ ਲੈਣ ਤੋਂ ਬਾਅਦ ਉਸ ਨੇ ਹਾਕੀ ਨੂੰ ਆਪਣੀ ਮੁੱਖ ਖ਼ੇਡ ਵਜੋਂ ਚੁਣ ਲਿਆ। ਉਹ ਦੌਰ ਅਜਿਹਾ ਸੀ ਕਿ ਹਾਕੀ ਖ਼ੇਡ ਵਿੱਚ ਮੁਕਾਬਲੇ ਦਾ ਪੱਧਰ ਬਹੁਤ ਉੱਚਾ ਸੀ। ਜ਼ਿਲਾ/ਸਟੇਟ ਖ਼ੇਡਣੀ ਵੀ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਰਾਜਿੰਦਰ ਸਿੰਘ ਨੇ ਪੰਜਾਬ ਸਕੂਲ ਖ਼ੇਡਾਂ ਤੋਂ ਆਪਣੇ ਹਾਕੀ ਕਰੀਅਰ ਦਾ ਆਗਾਜ਼ ਕੀਤਾ। ਉਸ ਸਮੇਂ ਰਾਜਿੰਦਰ ਸਿੰਘ ਨੂੰ ਲੱਗਣ ਲੱਗਿਆ ਕਿ ਹਾਕੀ ਵਿੱਚ ਅੱਗੇ ਵਧਣਾ ਇੰਨਾ ਸੌਖਾ ਨਹੀਂ। ਉਸ ਤੋਂ ਬਾਅਦ ਉਸ ਨੇ ਮਿਹਨਤ ਦਾ ਅਜਿਹਾ ਪੱਲਾ ਫੜਿਆ ਕਿ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ।

ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਜਿੰਦਰ ਸਿੰਘ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਗਰੈਜੂਏਸ਼ਨ ਵਿੱਚ ਦਾਖਲਾ ਲੈ ਲਿਆ। 1976 ਵਿੱਚ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖ਼ੇਡਦਿਆਂ ਕੁੱਲ ਹਿੰਦ ਅੰਤਰ 'ਵਰਸਿਟੀ ਟੂਰਨਾਮੈਂਟ ਜਿੱਤਿਆ ਅਤੇ ਸਿੱਧਾ ਜੂਨੀਅਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ, ਜਿੱਥੋਂ ਉਹ ਅਗਾਂਹ ਫਰਾਂਸ ਵਿਖੇ ਜੂਨੀਅਰ ਵਿਸ਼ਵ ਕੱਪ ਵਿੱਚ ਖ਼ੇਡਣ ਗਿਆ। ਵੀਹ ਵਰ੍ਹਿਆਂ ਦੀ ਅੱਲ੍ਹੜ ਉਮਰੇ ਰਾਜਿੰਦਰ ਨੇ 1978 ਵਿੱਚ ਇੰਡੀਅਨ ਯੂਨੀਵਰਸਿਟੀਜ਼ ਟੀਮ ਵੱਲੋਂ ਨਹਿਰੂ ਹਾਕੀ ਚੈਂਪੀਅਨਸ਼ਿਪ ਅਤੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਉਸ ਵੇਲੇ ਕੰਬਾਈਡ ਇੰਡੀਅਨ ਯੂਨੀਵਰਸਿਟੀਜ਼ ਟੀਮ ਵੱਲੋਂ ਖ਼ੇਡਣਾ ਸੀਨੀਅਰ ਭਾਰਤੀ ਟੀਮ ਵਿੱਚ ਖ਼ੇਡਣ ਦੇ ਬਰਾਬਰ ਸੀ। ਇਸ ਤੋਂ ਬਾਅਦ ਰਾਜਿੰਦਰ ਨੇ ਸਿੱਧੀ ਛਲਾਂਗ ਸੀਨੀਅਰ ਟੀਮ ਵਿੱਚ ਲਗਾਉਂਦਿਆਂ ਭਾਰਤ ਵੱਲੋਂ 1979 ਵਿੱਚ ਪਰਥ (ਆਸਟਰੇਲੀਆ) ਵਿਖੇ ਹੋਏ ਅਸਾਂਡਾ ਕੱਪ ਵਿੱਚ ਹਿੱਸਾ ਲਿਆ।

ਰਾਸ਼ਟਰਪਤੀ ਕੋਲੋਂ ਦਰੋਣਾਚਾਰੀਆ ਐਵਾਰਡ ਹਾਸਲ ਕਰਦਾ ਹੋਇਆ ਰਾਜਿੰਦਰ ਸਿੰਘ ਸੀਨੀਅਰ

ਰਾਜਿੰਦਰ ਸਿੰਘ ਸੀਨੀਅਰ ਦਾ ਖ਼ੇਡ ਜੀਵਨ 1980 ਵਿੱਚ ਸਿਖਰ ਉਤੇ ਪਹੁੰਚ ਗਿਆ, ਜਦੋਂ ਉਸ ਨੇ ਮਾਸਕੋ ਓਲੰਪਿਕ ਖ਼ੇਡਾਂ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ। ਓਲੰਪਿਕਸ ਵਿੱਚ ਇਹ ਭਾਰਤ ਦਾ ਅੱਠਵਾਂ ਸੋਨੇ ਦਾ ਤਮਗਾ ਅਤੇ ਕੁੱਲ ਮਿਲਾ ਕੇ 11ਵਾਂ ਤਮਗਾ ਸੀ। ਉਸ ਤੋਂ ਬਾਅਦ ਭਾਰਤੀ ਹਾਕੀ ਟੀਮ ਓਲੰਪਿਕ ਖ਼ੇਡਾਂ ਵਿੱਚੋਂ ਖ਼ਾਲੀ ਹੱਥ ਹੀ ਪਰਤੀ ਹੈ। ਇਸ ਟੀਮ ਵਿੱਚ ਰਾਜਿੰਦਰ ਸਿੰਘ ਮੁੱਖ ਫੁੱਲਬੈਕ ਸੀ, ਜਿਸ ਨੇ ਵਿਰੋਧੀ ਟੀਮਾਂ ਦੇ ਫਾਰਵਰਡਾਂ ਦੀ ਇਕ ਨਾ ਚੱਲਣ ਦਿੱਤੀ। ਇਸ ਟੀਮ ਵਿੱਚ ਤਿੰਨ ਹੋਰ ਪੰਜਾਬੀ ਖ਼ਿਡਾਰੀ ਵੀ ਸਨ। ਸੁਰਿੰਦਰ ਸੋਢੀ, ਗੁਰਮੇਲ ਸਿੰਘ ਤੇ ਦਵਿੰਦਰ ਗਰਚਾ। ਸੁਰਿੰਦਰ ਸਿੰਘ ਸੋਢੀ 15 ਗੋਲ ਕਰਕੇ ਟਾਪ ਸਕਰੋਰ ਰਿਹਾ ਸੀ। ਰਾਜਿੰਦਰ ਨੇ ਕਿਊਬਾ ਵਿਰੁੱਧ ਮੈਚ ਵਿੱਚ ਦੋ ਗੋਲ ਵੀ ਕੀਤੇ ਸਨ। 1981-82 ਵਿੱਚ ਪਹਿਲਾ ਏਸ਼ੀਆ ਕੱਪ ਪਾਕਿਸਤਾਨ ਦੀ ਧਰਤੀ 'ਤੇ ਖ਼ੇਡਿਆ ਗਿਆ। ਕਰਾਚੀ ਵਿਖੇ ਖ਼ੇਡੇ ਗਏ ਏਸ਼ੀਆ ਕੱਪ ਵਿੱਚ ਦੋ ਪੰਜਾਬੀ ਸਪੂਤਾਂ ਰਾਜਿੰਦਰ ਸਿੰਘ ਤੇ ਸੁਰਜੀਤ ਸਿੰਘ ਦੀ ਡਿਫੈਂਸ ਲਾਈਨ ਵਿਰੋਧੀ ਟੀਮਾਂ ਲਈ ਚੀਨ ਦੀ ਦੀਵਾਰ ਸਾਬਤ ਹੋਈ। ਰਾਜਿੰਦਰ ਸਿੰਘ ਟੀਮ ਲਈ ਦੋਹਰਾ ਕੰਮ ਆਉਂਦਾ ਸੀ। ਡਿਫੈਂਸ ਦੇ ਨਾਲ ਟੀਮ ਲਈ ਪੈਨਲਟੀ ਕਾਰਨਰ ਮੌਕੇ ਗੋਲ ਵੀ ਕਰ ਆਉਂਦਾ ਸੀ। ਪਾਕਿਸਤਾਨ ਪਲੇਠੇ ਏਸ਼ੀਆ ਕੱਪ ਜਾ ਜੇਤੂ ਰਿਹਾ ਅਤੇ ਭਾਰਤੀ ਟੀਮ ਉਪ ਜੇਤੂ ਰਹੀ। ਏਸ਼ੀਆ ਕੱਪ ਜਿੱਤਣ ਦੀ ਹਸਰਤ ਰਾਜਿੰਦਰ ਸਿੰਘ ਨੇ ਦੋ ਦਹਾਕਿਆਂ ਬਾਅਦ 2003 ਵਿੱਚ ਪੂਰੀ ਕੀਤੀ ਸੀ, ਜਦੋਂ ਉਸ ਨੇ ਆਪਣੀ ਕੋਚਿੰਗ ਵਿੱਚ ਭਾਰਤ ਨੂੰ ਕੁਆਲਾ ਲੰਪਰ ਵਿਖੇ ਪਲੇਠਾ ਏਸ਼ੀਆ ਕੱਪ ਜਿਤਾਇਆ ਸੀ।

ਰਾਜਿੰਦਰ ਸਿੰਘ ਸੀਨੀਅਰ

ਬੰਬਈ ਵਿਖੇ 1981-82 ਵਿੱਚ ਪੰਜਵਾਂ ਵਿਸ਼ਵ ਕੱਪ ਖ਼ੇਡਿਆ ਗਿਆ। ਭਾਰਤੀ ਟੀਮ ਫੁੱਲਬੈਕ ਸੁਰਜੀਤ ਸਿੰਘ ਦੀ ਕਪਤਾਨੀ ਹੇਠ ਨਿੱਤਰੀ ਸੀ। ਰਾਜਿੰਦਰ ਸਿੰਘ ਦੀ ਖੇਡ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਪੂਲ ਮੈਚਾਂ ਵਿੱਚ ਰਾਜਿੰਦਰ ਨੇ ਦੋ ਹੈਟ੍ਰਿਕਾਂ ਜੜੀਆ ਅਤੇ ਕੁੱਲ 12 ਗੋਲ ਕੀਤੇ। ਉਹ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਕਲੀਮਉਲਾ ਖਾਨ ਦੇ ਨਾਲ ਸਾਂਝੇ ਤੌਰ ਉਤੇ ਟਾਪ ਸਕੋਰਰ ਰਿਹਾ। ਰਾਜਿੰਦਰ ਦੇ ਗੋਲ ਭਾਰਤੀ ਟੀਮ ਦੇ ਕੰਮ ਨਾ ਆ ਸਕੇ। ਦੂਜੇ ਪਾਸੇ ਪਾਕਿਸਤਾਨ ਵਿਸ਼ਵ ਚੈਂਪੀਅਨ ਬਣ ਗਿਆ। ਇਕ ਅੰਕ ਦੇ ਫਰਕ ਨਾਲ ਭਾਰਤੀ ਟੀਮ ਸੈਮੀ ਫਾਈਨਲ ਖੇਡਣ ਤੋਂ ਖੁੰਝ ਗਈ। ਆਖ਼ਰੀ ਮੈਚ ਵਿੱਚ ਭਾਰਤ ਨੂੰ ਆਸਟਰੇਲੀਆ ਹੱਥੋਂ ਇਕ ਗੋਲ ਦੀ ਹਾਰ ਮਿਲੀ। ਜੇ ਉਹ ਮੈਚ ਬਰਾਬਰ ਵੀ ਹੋ ਜਾਂਦਾ ਤਾਂ ਭਾਰਤੀ ਟੀਮ ਸੈਮੀ ਫਾਈਨਲ ਖ਼ੇਡਦੀ। ਭਾਰਤ ਨੂੰ 5ਵਾਂ ਸਥਾਨ ਹਾਸਲ ਹੋਇਆ।

1982 ਵਿੱਚ ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਖ਼ੇਡੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਨੇ ਪਹਿਲੀ ਵਾਰ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਵਿਰੁੱਧ ਮੈਚ ਵਿੱਚ ਰਾਜਿੰਦਰ ਨੇ ਹੈਟ੍ਰਿਕ ਜੜੀ। ਰਾਜਿੰਦਰ ਵੱਲੋਂ 25ਵੇਂ, 30ਵੇਂ ਤੇ 46ਵੇਂ ਮਿੰਟ ਵਿੱਚ ਕੀਤੇ ਗੋਲਾਂ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 5-4 ਨਾਲ ਹਰਾਇਆ। ਇਹੋ ਮੈਚ ਫੈਸਲਾਕੁੰਨ ਸਾਬਤ ਹੋਇਆ ਅਤੇ ਭਾਰਤ ਨੇ ਪਹਿਲੀ ਵਾਰ ਇਸ ਵੱਕਾਰੀ ਟੂਰਨਾਮੈਂਟ ਵਿੱਚ ਕੋਈ ਤਮਗਾ ਜਿੱਤਿਆ। ਰਾਜਿੰਦਰ ਸਿੰਘ ਚੈਂਪੀਅਨਜ਼ ਟਰਾਫੀ ਦਾ ਇਕ ਬਹੁਤ ਦਿਲਚਸਪ ਕਿੱਸਾ ਸੁਣਾਉਂਦਾ ਹੈ। ਟੂਰਨਾਮੈਂਟ ਤੋਂ ਪਹਿਲਾਂ ਪਾਕਿਸਤਾਨ ਦੀ ਮਸ਼ਹੂਰ ਹਾਕੀ ਕੰਪਨੀ 'ਕਰਾਚੀ ਕਿੰਗ' ਦੇ ਖ਼ਵਾਜ਼ਾ ਨੇ ਰਾਜਿੰਦਰ ਨੂੰ ਆਪਣੀ ਕੰਪਨੀ ਦੀਆਂ ਹਾਕੀਆਂ ਭੇਂਟ ਕੀਤੀਆਂ। ਉਸੇ ਕਰਾਚੀ ਕਿੰਗ ਦੀ ਹਾਕੀ ਦਾ ਕ੍ਰਿਸ਼ਮਾ ਦਿਖਾਉਂਦਿਆਂ ਰਾਜਿੰਦਰ ਨੇ ਪਾਕਿਸਤਾਨ ਖਿਲਾਫ ਹੈਟ੍ਰਿਕ ਜੜੀ।

ਰਾਜਿੰਦਰ ਸਿੰਘ ਸੀਨੀਅਰ ਦੀ ਕੋਚਿੰਗ ਹੇਠ ਭਾਰਤੀ ਟੀਮ ਸਬ ਜੂਨੀਅਰ ਏਸ਼ੀਆ ਕੱਪ ਦੀ ਟਰਾਫੀ ਨਾਲ

ਇਸ ਮੈਚ ਦੌਰਾਨ ਰਾਜਿੰਦਰ ਨੇ ਇਕ ਮੌਕੇ ਇੰਨੀ ਜ਼ੋਰਦਾਰ ਹਿੱਟ ਜੜੀ ਕਿ ਪਾਕਿਸਤਾਨ ਦੇ ਸਟਾਰ ਸਟਰਾਈਕਰ ਕਲੀਮਉੱਲਾ ਖ਼ਾਨ ਦੀ ਬਾਂਹ ਟੁੱਟ ਗਈ ਜਿਸ ਨੂੰ ਕੁਰਲਾਉਂਦੇ ਹੋਏ ਮੈਚ ਛੱਡਣਾ ਪਿਆ। ਰਾਜਿੰਦਰ ਸਿੰਘ ਕਲੀਮਉੱਲਾ ਨੂੰ ਆਪਣਾ ਜਿਗਰੀ ਯਾਰ ਦੱਸਦਾ ਹੈ, ਜਿਸ ਦੀ ਬਾਂਹ ਦੀ ਹੱਡੀ ਟੁੱਟਣ ਦਾ ਉਸ ਨੂੰ ਵੀ ਦੁੱਖ ਹੋਇਆ। ਰਾਜਿੰਦਰ ਸਿੰਘ ਦੱਸਦਾ ਹੈ, ''ਕਲੀਮਉੱਲਾ ਫਾਰਵਰਡ ਤੇ ਮੈਂ ਫੁੱਲਬੈਕ ਹੋਣ ਕਰਕੇ ਹਰ ਭਾਰਤ-ਪਾਕਿਸਤਾਨ ਮੈਚ ਵਿੱਚ ਸਾਡਾ ਮੁਕਾਬਲਾ ਹੁੰਦਾ ਸੀ। ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਛੇੜਦੇ ਹੁੰਦੇ ਸੀ।'' ਰਾਜਿੰਦਰ ਸਿੰਘ ਉਸ ਨੂੰ ਛੇੜਦਾ ਹੋਇਆ ਕਹਿੰਦਾ ਹੁੰਦਾ ਸੀ, ''ਓਏ ਕਲੀਮਉੱਲਿਆ ਆਜਾ ਆ ਕੇ ਗੋਲ ਕਰ ਕੇ ਦੇਖ।'' ਅੱਗਿਓ ਉਹ ਵੀ ਜਵਾਬ ਦਿੰਦਾ ''ਆਜਾ ਸਰਦਾਰਾ ਤੈਨੂੰ ਵੀ ਦੇਖ ਲਵਾਂਗੇ।'' ਪਾਕਿਸਤਾਨ ਦਾ ਹਸਨ ਸਰਦਾਰ ਵੀ ਰਾਜਿੰਦਰ ਦੀ ਖੇਡ ਦਾ ਮੁਰੀਦ ਸੀ ਅਤੇ ਉਹ ਵੀ ਰਾਜਿੰਦਰ ਨੂੰ ਡਾਜ਼ ਦੇ ਕੇ ਗੋਲ ਕਰਨਾ ਦੇਣਾ ਟੇਢੀ ਖੀਰ ਸਮਝਦਾ ਸੀ।

ਰਾਜਿੰਦਰ ਸਿੰਘ ਨੇ ਆਖਰੀ ਵੱਡੇ ਟੂਰਨਾਮੈਂਟ 1982 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ। ਨਵੀਂ ਦਿੱਲੀ ਵਿਖੇ ਹੋਈਆਂ ਇੰਨਾਂ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਹੱਥੋਂ ਮਿਲੀ 1-7 ਦੀ ਹਾਰ ਉਸ ਨੂੰ ਕਦੇ ਨਹੀਂ ਭੁੱਲਦੀ। ਚਾਂਦੀ ਦਾ ਤਮਗਾ ਜਿੱਤ ਕੇ ਵੀ ਉਹ ਮਾਯੁਸ ਸਨ। ਰਾਜਿੰਦਰ ਨੇ ਇਸ ਹਾਰ ਦਾ ਆਪਣੇ ਉਪਰ ਪ੍ਰਭਾਵ ਨਹੀਂ ਪੈਣ ਦਿੱਤਾ ਅਤੇ ਬਾਅਦ ਵਿੱਚ ਕੋਚ ਵਜੋਂ ਟੀਮ ਨੂੰ ਮਨੋਵਿਗਿਆਨ ਤੌਰ ਉਤੇ ਬਹੁਤ ਤਕੜਾ ਤਿਆਰ ਕੀਤਾ। 1983 ਵਿੱਚ ਗੋਡੇ ਦੀ ਸੱਟ ਕਾਰਨ ਰਾਜਿੰਦਰ ਸਿੰਘ ਨੇ ਕੌਮਾਂਤਰੀ ਕਰੀਅਰ ਨੂੰ ਅਲਵਿਦਾ ਆਖ ਦਿੱਤੀ। ਉਹ 200 ਦੇ ਕਰੀਬ ਮੈਚ ਖੇਡਿਆ ਅਤੇ 40 ਦੇ ਕਰੀਬ ਗੋਲ ਕੀਤੇ। ਘਰੇਲੂ ਪੱਧਰ 'ਤੇ ਉਸ ਨੇ ਰੇਲਵੇ ਵੱਲੋਂ ਲੰਬਾ ਸਮਾਂ ਹਾਕੀ ਖੇਡੀ।

ਰਾਜਿੰਦਰ ਸਿੰਘ ਸੀਨੀਅਰ ਓਲੰਪੀਅਨ ਅਜੀਤ ਸਿੰਘ ਤੇ ਲੇਖਕ ਨਵਦੀਪ ਸਿੰਘ ਗਿੱਲ

ਖਿਡਾਰੀ ਵਜੋਂ ਆਪਣੀ ਪਾਰੀ ਖੇਡਣ ਤੋਂ ਬਾਅਦ ਰਾਜਿੰਦਰ ਸਿੰਘ ਨੇ ਐਨ.ਆਈ.ਐਸ. ਤੋਂ ਕੋਚਿੰਗ ਦਾ ਡਿਪਲੋਮਾ ਕਰ ਕੇ ਸਾਈ ਦੀ ਨੌਕਰੀ ਜੁਆਇੰਨ ਕਰ ਕੇ ਖਿਡਾਰੀਆਂ ਨੂੰ ਕੋਚਿੰਗ ਸ਼ੁਰੂ ਕਰ ਦਿੱਤੀ। ਰਾਜਿੰਦਰ ਸਿੰਘ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਰਾਹੀਂ ਆਸਟਰੇਲੀਆ ਤੋਂ ਐਫ.ਆਈ.ਐਚ. ਮਾਨਤਾ ਪ੍ਰਾਪਤ ਹਾਈ ਪਰਫਾਰਮੈਂਸ ਕੋਚਿੰਗ ਕੋਰਸ ਵੀ ਕੀਤਾ। ਰਾਜਿੰਦਰ ਸਿੰਘ ਨੇ ਸਬ ਜੂਨੀਅਰ ਪੱਧਰ ਤੋਂ ਭਾਰਤੀ ਹਾਕੀ ਨੂੰ ਤਰਾਸ਼ਣਾ ਸ਼ੁਰੂ ਕੀਤਾ। ਉਹ ਦੌਰ ਅਜਿਹਾ ਸੀ ਜਦੋਂ ਭਾਰਤੀ ਹਾਕੀ ਲਗਾਤਾਰ ਹੇਠਲੇ ਪੱਧਰ 'ਤੇ ਜਾ ਰਹੀ ਸੀ। ਰਾਜਿੰਦਰ ਸਿੰਘ ਦੀ ਕੋਚਿੰਗ ਹੇਠ ਭਾਰਤ ਸਬ ਜੂਨੀਅਰ ਏਸ਼ੀਆ ਕੱਪ ਚੈਂਪੀਅਨ ਬਣਿਆ। ਉਸ ਤੋਂ ਬਾਅਦ ਉਸ ਨੂੰ ਭਾਰਤ ਦੀ ਜੂਨੀਅਰ ਟੀਮ ਦੀ ਕਮਾਨ ਸੰਭਾਲ ਦਿੱਤੀ। ਅੱਗੇ ਭਾਰਤ ਸਾਹਮਣੇ 2001 ਦਾ ਜੂਨੀਅਰ ਵਿਸ਼ਵ ਕੱਪ ਸੀ। 1997 ਦੇ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਬਲਜੀਤ ਸਿੰਘ ਸੈਣੀ ਦੀ ਕਪਤਾਨੀ ਹੇਠ ਉਪ ਜੇਤੂ ਬਣੀ ਸੀ। ਭਾਰਤ ਹਾਲੇ ਤੱਕ ਆਪਣੇ ਪਲੇਠੇ ਜੂਨੀਅਰ ਵਿਸ਼ਵ ਕੱਪ ਖਿਤਾਬ ਨੂੰ ਤਰਸ ਰਿਹਾ ਸੀ।

ਰਾਜਿੰਦਰ ਨੇ ਹਾਕੀ ਦੇ ਦੂਜੇ ਸੁਨਹਿਰੀ ਦੌਰ ਦੀ ਸ਼ੁਰੂਆਤ ਕਰਦਿਆਂ ਅਜਿਹੇ ਛਵੀਆਂ ਵਰਗੇ ਮੁੰਡੇ ਤਿਆਰ ਕੀਤੇ ਜਿਨ੍ਹਾਂ ਨੇ ਹੋਬਾਰਟ ਵਿਖੇ ਜੂਨੀਅਰ ਵਿਸ਼ਵ ਕੱਪ ਜਿੱਤ ਕੇ ਹੀ ਦਮ ਲਿਆ। ਰਾਜਿੰਦਰ ਸਿੰਘ ਤੇ ਸਹਾਇਕ ਕੋਚ ਐਨ.ਐਸ. ਸੋਢੀ ਦੀ ਦੇਖ-ਰੇਖ ਹੇਠ ਕਪਤਾਨ ਗਗਨਅਜੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਕੰਵਲਪ੍ਰੀਤ ਸਿੰਘ, ਵਿਰੇਨ ਰਸਕਿਨਾ, ਬਿਮਲ ਲਾਕੜਾ, ਇਗਨੇਸ਼ ਟਿਰਕੀ, ਅਰਜੁਨ ਹਾਲੱਪਾ, ਤੇਜਬੀਰ ਸਿੰਘ, ਇੰਦਰਜੀਤ ਚੱਢਾ, ਰਾਜਪਾਲ ਸਿੰਘ, ਬਿਕਰਮਜੀਤ ਕਾਕਾ ਤੇ ਗੋਲਚੀ ਦਿਵੇਸ਼ ਜੀਅ ਜਾਨ ਲਾ ਕੇ ਖੇਡੇ। ਉਸ ਟੀਮ ਦੇ ਕਰੀਬ ਸਾਰੇ ਖਿਡਾਰੀ ਮੇਰੇ ਨਿੱਜੀ ਦੋਸਤ ਹਨ। ਉਹ ਜਦੋਂ ਵੀ ਮਿਲਦੇ ਹਨ ਤਾਂ ਕੋਚ ਰਾਜਿੰਦਰ ਸਿੰਘ ਦੇ ਹੀ ਸੋਹਲੇ ਗਾਉਂਦੇ ਹਨ। ਕੰਵਲਪ੍ਰੀਤ ਸਿੰਘ ਦੱਸਦਾ ਹੈ ਕਿ ਕੋਚ ਸਾਹਬ ਅੰਦਰ ਅਜਿਹੀ ਪਾਜ਼ੇਟਿਵ ਐਨਰਜੀ ਸੀ ਕਿ ਟੀਮ ਦਾ ਮਾਹੌਲ ਹੀ ਬਦਲ ਜਾਂਦਾ ਸੀ। ਰਾਜਿੰਦਰ ਸਿੰਘ ਨੇ ਵੱਡੀਆਂ ਟੀਮਾਂ ਤੋਂ ਡਰਨਾ ਹਟਾਇਆ। ਆਸਟਰੇਲੀਆ, ਹਾਲੈਂਡ, ਜਰਮਨੀ ਖਿਲਾਫ ਮੈਚਾਂ ਵਿੱਚ ਜਦੋਂ ਟੀਮ ਨੇ ਡਰਨਾ ਤਾਂ ਉਹ ਅੱਗੋਂ ਕਹਿੰਦੇ, ''ਸਾਹਮਣੇ ਵਾਲੇ ਖਿਡਾਰੀ ਜਹਾਜ਼ ਤਾਂ ਨੀ, ਜਿਹੜੇ ਉਤੋਂ ਉਡ ਕੇ ਨਿਕਲ ਜਾਣਗੇ। ਨਿਕਲਣਾ ਤਾਂ ਥੋਡੀਆਂ ਲੱਤਾਂ ਦੇ ਹੇਠੋਂ ਹੀ ਪੈਣਾ, ਫੇਰ ਡਰਦੇ ਕਿਉਂ ਹੋ।'' ਕੋਚ ਦੇ ਇਹੋ ਬੋਲ ਟੀਮ ਨੂੰ ਤਕੜਾ ਬਣਾ ਦਿੰਦੇ। ਰਾਜਿੰਦਰ ਸਿੰਘ ਨੇ ਏਸ਼ੀਅਨ ਸਟਾਈਲ ਵਿੱਚ ਟੀਮ ਖਿਡਾਈ। ਭਾਰਤੀ ਟੀਮ ਦਾ ਜਾਦੂ ਸਿਰ ਚੜ੍ਹ ਬੋਲਿਆ। ਹਰ ਟੀਮ ਨੂੰ ਭਾਰਤ ਨੇ ਪਟਕਨੀ ਦਿੱਤੀ।

ਬੰਬਈ ਹਾਕੀ ਵਿਸ਼ਵ ਕੱਪ ਦੀ ਇਕ ਤਸਵੀਰ

ਉਸ ਵਿਸ਼ਵ ਕੱਪ ਦਾ ਫਾਰਮੈਟ ਵੀ ਬਹੁਤ ਗੁੰਝਲਦਾਰ ਸੀ। ਟੀਮਾਂ ਵੀ 16 ਖੇਡੀਆਂ ਸਨ। ਤਕੜੀ ਟੀਮ ਹੀ ਨਿੱਤਰ ਸਕਦੀ ਸੀ, ਕਿਸੇ ਇਕ-ਅੱਧ ਮੈਚ ਦੀ ਜਿੱਤ ਨਾਲ ਗੱਲ ਨਹੀਂ ਬਣਨੀ ਸੀ। ਪਹਿਲੇ ਪੂਲ ਦੇ ਭਾਰਤ ਨੇ ਸਾਰੇ ਮੈਚ ਜਿੱਤੇ। ਦੂਜੇ ਪੂਲ ਵਿੱਚ ਭਾਰਤੀ ਟੀਮ ਥੋੜਾਂ ਥਿੜਕੀ ਜਿਸ ਨੂੰ ਰਾਜਿੰਦਰ ਸਿੰਘ ਦੀ ਸੂਝ-ਬੂਝ ਨੇ ਛੇਤੀ ਸੰਭਾਲ ਲਿਆ। ਨਾਕ ਆਊਟ ਸਟੇਜ ਵਿੱਚ ਭਾਰਤ ਨੇ ਸੈਮੀ ਫਾਈਨਲ ਵਿੱਚ ਜਰਮਨੀ ਨੂੰ 3-2 ਅਤੇ ਫਾਈਨਲ ਵਿੱਚ ਅਰਜਨਟੀਨਾ ਨੂੰ 6-1 ਨਾਲ ਮਾਤ ਦਿੱਤੀ। ਮੇਰੇ 21 ਅਕਤੂਬਰ 2001 ਦਾ ਉਹ ਦਿਨ ਭਲੀਭਾਂਤ ਚੇਤੇ ਹੈ ਜਦੋਂ ਭਾਰਤ ਨੇ ਇਹ ਵਿਸ਼ਵ ਕੱਪ ਜਿੱਤਿਆ। ਉਸ ਦਿਨ ਲੁਧਿਆਣੇ ਪ੍ਰੋ.ਮੋਹਨ ਸਿੰਘ ਮੇਲਾ ਚੱਲ ਰਿਹਾ ਸੀ। ਮੈਚ ਦੀ ਸਿਰਫ ਰੇਡੀਓ ਉਪਰ ਕੁਮੈਂਟਰੀ ਆ ਰਹੀ ਸੀ। ਟੀ.ਵੀ. ਉਪਰ ਕੋਈ ਸਿੱਧਾ ਪ੍ਰਸਾਰਨ ਨਹੀਂ ਆਇਆ। ਮੋਹਨ ਸਿੰਘ ਮੇਲੇ ਦੌਰਾਨ ਨਾਲੋਂ-ਨਾਲ ਕੁਮੈਂਟਰੀ ਸੁਣ ਰਹੇ ਹਾਕੀ ਪ੍ਰੇਮੀਆਂ ਨੇ ਜਦੋਂ ਖੁਸ਼ੀ ਵਿੱਚ ਚੀਕਾਂ ਛੱਡੀਆਂ ਤਾਂ ਪ੍ਰਬੰਧਕ ਵੀ ਹੈਰਾਨ ਹੋ ਗਏ ਸਨ। ਉਸ ਵੇਲੇ ਮੈਂ ਭਾਰਤੀ ਟੀਮ ਦੀ ਜਿੱਤ ਉਤੇ 'ਨਿੱਕਿਆਂ ਨੇ ਕੀਤਾ ਮਾਣ ਬਹਾਲ' ਸਿਰਲੇਖ ਹੇਠ ਆਰਟੀਕਲ ਲਿਖਿਆ ਸੀ। ਦੀਪਕ ਠਾਕੁਰ 10 ਗੋਲਾਂ ਨਾਲ ਟਾਪ ਸਕੋਰਰ ਰਿਹਾ ਸੀ। ਜੁਗਰਾਜ ਨੇ ਸੱਤ, ਪ੍ਰਭਜੋਤ ਤੇ ਕੰਵਲਪ੍ਰੀਤ ਨੇ ਪੰਜ-ਪੰਜ ਗੋਲ ਕੀਤੇ।

ਏਸ਼ੀਆ ਕੱਪ ਦੌਰਾਨ ਪਾਕਿਸਤਾਨ ਦਾ ਰਾਸ਼ਟਰਪਤੀ ਜ਼ਿਆ ਉਲ ਹੱਕ ਸੁਰਜੀਤ ਸਿੰਘ ਤੇ ਰਾਜਿੰਦਰ ਸਿੰਘ ਸੀਨੀਅਰ ਨੂੰ ਮਿਲਦੇ ਹੋਏ

ਰਾਜਿੰਦਰ ਸਿੰਘ ਨੇ ਜੂਨੀਅਰ ਟੀਮ ਅਜਿਹੀ ਚੰਡੀ ਕਿ ਸਾਰੇ ਨਿੱਕੀ ਉਮਰ ਦੇ ਖਿਡਾਰੀ ਸੀਨੀਅਰ ਟੀਮ ਦਾ ਹਿੱਸਾ ਬਣ ਗਏ। 2002 ਵਿੱਚ ਸੀਨੀਅਰ ਵਿਸ਼ਵ ਕੱਪ ਖੇਡਣ ਵਾਲੀ ਟੀਮ ਦੇ ਅੱਧੇ ਤੋਂ ਬਾਅਦ ਖਿਡਾਰੀ 2001 ਦਾ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। 2002 ਦੇ ਵਿਸ਼ਵ ਕੱਪ ਤੋਂ ਬਾਅਦ ਰਾਜਿੰਦਰ ਸਿੰਘ ਨੂੰ ਭਾਰਤੀ ਸੀਨੀਅਰ ਟੀਮ ਦਾ ਚੀਫ ਕੋਚ ਲਗਾ ਦਿੱਤਾ। ਸ਼ਾਹਬਾਦ ਮਾਰਕੰਡਾ ਵਾਲੇ ਬਲਦੇਵ ਸਿੰਘ ਉਨ੍ਹਾਂ ਦੇ ਸਹਾਇਕ ਕੋਚ ਸਨ। ਉਸ ਟੀਮ ਵਿੱਚ ਨਵੀਂ ਉਮਰ ਦੇ ਖਿਡਾਰੀ ਵੀ ਸਨ ਅਤੇ ਧਨਰਾਜ ਪਿੱਲੈ, ਬਲਜੀਤ ਸਿੰਘ ਢਿੱਲੋਂ, ਦਿਲੀਪ ਟਿਰਕੀ ਤੇ ਬਲਜੀਤ ਸਿੰਘ ਸੈਣੀ ਜਿਹੇ ਸੀਨੀਅਰ ਖਿਡਾਰੀ ਵੀ। 2002 ਵਿੱਚ ਬੁਸਾਨ ਵਿਖੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਰਾਜਿੰਦਰ ਸਿੰਘ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਲਈ ਕੁਆਲੀਫਾਈ ਦੌਰ ਤੋਂ ਲੈ ਕੇ ਓਲੰਪਿਕਸ ਦੀ ਤਿਆਰੀ ਲਈ ਤਕੜੀ ਟੀਮ ਤਿਆਰ ਕਰਨੀ ਚਾਹੁੰਦੇ ਸਨ। ਰਾਜਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਟੀਮ ਨੂੰ ਇਕਜੁੱਟ ਕਰਨ ਅਤੇ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਲਈ ਕਮਾਂਡੋ ਕੈਂਪ ਲਗਾਉਣ ਦਾ ਫੈਸਲਾ ਕੀਤਾ।

ਹਰਿਆਣਾ ਦੇ ਗੁੜਗਾਉਂ ਜ਼ਿਲੇ ਵਿੱਚ ਪੈਂਦੇ ਮਾਨੇਸਰ ਸਥਿਤ ਐੱਨ.ਐੱਸ.ਜੀ.ਟਰੇਨਿੰਗ ਸੈਂਟਰ ਵਿਖੇ ਇਸ ਕੈਂਪ ਨੂੰ ਲਗਾਉਣ ਦੀ ਵਿਉਂਤ ਉਲੀਕੀ ਗਈ। ਰਾਜਿੰਦਰ ਸਿੰਘ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਸੀਨੀਅਰ ਖਿਡਾਰੀ ਟੈਂਟਾਂ ਵਿੱਚ ਰਹਿਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਉਹ ਵਾਪਸ ਦਿੱਲੀ ਚਲੇ ਗਏ। ਰਾਜਿੰਦਰ ਸਿੰਘ ਨੇ ਭਾਰਤੀ ਹਾਕੀ ਫੈਡਰੇਸ਼ਨ ਦੇ ਉਸ ਵੇਲੇ ਦੇ ਪ੍ਰਧਾਨ ਕੇ.ਪੀ.ਐੱਸ.ਗਿੱਲ ਨੂੰ ਦੱਸਿਆ ਤਾਂ ਫੇਰ ਸਾਰੇ ਖਿਡਾਰੀ ਵਾਪਸ ਆਏ। ਉਥੇ ਖਿਡਾਰੀਆਂ ਨੂੰ ਆਮ ਰੱਖਿਆ ਬਲਾਂ ਜਵਾਨਾਂ ਵਾਂਗ ਬੈਰਕਾਂ ਵਿੱਚ ਰੱਖਿਆ ਗਿਆ। ਠੰਢ ਦਾ ਮੌਸਮ ਸੀ। ਬਾਲਟੀ ਵਿੱਚ ਪਾਣੀ ਤੱਤਾ ਕਰਕੇ ਨਹਾਉਣਾ ਪੈਂਦਾ। ਬਾਥਰੂਮ ਜਾਣ ਲਈ ਲਾਈਨਾਂ ਵਿੱਚ ਖੜ੍ਹਨਾ ਪੈਂਦਾ। ਉਪਰੋਂ ਦਿਨ ਭਰ ਸਖਤ ਅਭਿਆਸ। ਹੌਲੀ-ਹੌਲੀ ਪੂਰੀ ਟੀਮ ਮਾਹੌਲ ਵਿੱਚ ਅਜਿਹੀ ਢਲ ਗਈ ਕਿ ਐਨ.ਐਸ.ਜੀ. ਕਮਾਂਡੋ ਵਾਲੀਆਂ 26 ਰੁਕਾਵਟਾਂ ਵਿੱਚੋਂ 20 ਤੋਂ ਵੱਧ ਰੁਕਾਵਟਾਂ ਨੂੰ ਹਾਕੀ ਖਿਡਾਰੀਆਂ ਨੇ ਪਾਰ ਕਰ ਲਿਆ।

ਰਾਸ਼ਟਰਪਤੀ ਕੋਲੋਂ ਅਰਜੁਨਾ ਐਵਾਰਡ ਹਾਸਲ ਕਰਦਾ ਹੋਇਆ ਰਾਜਿੰਦਰ ਸਿੰਘ ਸੀਨੀਅਰ

ਰਾਜਿੰਦਰ ਸਿੰਘ ਦੀ ਮਿਹਨਤ ਰੰਗ ਲਿਆਈ ਅਤੇ ਅਗਲੇ ਦੋ ਸਾਲ ਭਾਰਤੀ ਟੀਮ ਦੀ ਗੁੱਡੀ ਸਿਖਰਾਂ 'ਤੇ ਚੜ੍ਹ ਗਈ। ਸਾਲ 2003 ਤੇ ਸਾਲ 2004 ਦਾ ਪਹਿਲਾ ਅੱਧ ਭਾਰਤੀ ਹਾਕੀ ਦੀ ਮੁੜ ਸੁਰਜੀਤੀ ਦਾ ਦੌਰ ਸੀ। ਰਾਜਿੰਦਰ ਸਿੰਘ ਦੀ ਕੋਚਿੰਗ ਹੇਠ ਭਾਰਤ ਨੇ ਅੱਠ ਟੂਰਨਾਮੈਂਟ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਪੰਜ ਵਿੱਚ ਜਿੱਤ ਪ੍ਰਾਪਤ ਕੀਤੀ। ਭਾਰਤ ਨੇ ਆਸਟਰੇਲੀਆ ਨੂੰ ਆਸਟਰੇਲੀਆ ਦੇ ਵਿਹੜੇ ਅਤੇ ਜਰਮਨੀ ਨੂੰ ਜਰਮਨੀ ਦੇ ਵਿਹੜੇ ਹਰਾਇਆ। ਹਾਲੈਂਡ, ਪਾਕਿਸਤਾਨ ਦੀਆਂ ਟੀਮਾਂ ਵੀ ਭਾਰਤ ਸਾਹਮਣੇ ਊਣੀਆਂ ਸਾਬਤ ਹੋਣ ਲੱਗੀਆਂ। ਭਾਰਤ ਨੇ 2003 ਦਾ ਏਸ਼ੀਆ ਕੱਪ ਜਿੱਤਿਆ ਅਤੇ ਫੇਰ 2003 ਵਿੱਚ ਹੈਦਰਾਬਾਦ ਵਿਖੇ ਹੋਈਆਂ ਪਹਿਲੀਆਂ ਅਤੇ ਹੁਣ ਤੱਕ ਦੀਆਂ ਇਕਲੌਤੀਆਂ ਐਫਰੋ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਹਾਲੈਂਡ ਅਤੇ ਆਸਟਰੇਲੀਆ ਵਿਖੇ ਖੇਡੇ ਗਏ ਚਾਰ ਦੇਸ਼ੀ ਟੂਰਨਾਮੈਂਟ ਜਿੱਤੇ। ਇਸ ਸਮੇਂ ਦੌਰਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਵਿੱਚ ਲੱਗੀ ਸੱਟ ਦਾ ਭਾਰਤੀ ਟੀਮ ਨੂੰ ਬਹੁਤ ਵੱਡਾ ਘਾਟਾ ਪਿਆ। ਜੁਗਰਾਜ ਨੂੰ ਪੈਨਲਟੀ ਕਾਰਨਰ ਲਈ ਤਰਾਸ਼ਿਆ ਗਿਆ ਸੀ ਜਿਸ ਦੀ ਦਮਦਾਰ ਡਰੈਗ ਫਲਿੱਕ ਗੋਲ ਦੀ ਪੱਕੀ ਗਾਰੰਟੀ ਹੁੰਦੀ ਸੀ। ਜੁਗਰਾਜ ਸਿੰਘ ਦੀ ਸੱਟ ਦੇ ਸਦਮੇ ਤੋਂ ਉਭਰਦਿਆਂ ਭਾਰਤੀ ਹਾਕੀ ਟੀਮ ਨੇ ਏਥਨਜ਼ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਹੁਣ ਸਿਰਫ ਓਲੰਪਿਕਸ ਲਈ ਕੁਝ ਸਮਾਂ ਰਹਿ ਗਿਆ ਸੀ।

ਭਾਰਕੀ ਹਾਕੀ ਦੇ ਘੜੰਮ ਚੌਧਰੀਆਂ ਨੇ ਸਰਪੱਟ ਦੌੜਦੀ ਭਾਰਤੀ ਹਾਕੀ ਨੂੰ ਅਜਿਹਾ ਲੀਹੋਂ ਲਾਹਿਆ ਕਿ ਫੇਰ ਕਈ ਸਾਲ ਪੱਟੜੀ 'ਤੇ ਚੜ੍ਹਨ ਨੂੰ ਲੱਗ ਗਏ। ਸਪੀਡ ਫੜਨੀ ਤਾਂ ਬਹੁਤ ਦੂਰ ਦੀ ਗੱਲ ਸੀ। ਭਾਰਤੀ ਟੀਮ ਦੇ ਦੋ ਤਜ਼ਰਬੇਕਾਰ ਖਿਡਾਰੀ ਕੰਵਲਪ੍ਰੀਤ ਸਿੰਘ ਤੇ ਬਿਮਲ ਲਾਕੜਾ ਟੀਮ ਵਿੱਚੋਂ ਬਾਹਰ ਕਰ ਦਿੱਤਾ। ਰਾਜਿੰਦਰ ਸਿੰਘ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਉਸ ਨੇ ਫੈਡਰੇਸ਼ਨ ਖਿਲਾਫ ਬਗਾਵਤ ਕਰ ਦਿੱਤੀ। ਭਾਰਤੀ ਹਾਕੀ ਦੀ ਕਮਾਨ ਰਾਜਿੰਦਰ ਸਿੰਘ ਦੇ ਸਹਾਇਕ ਕੋਚ ਗੈਰਹਾਰਡ ਰੈਕ ਹਵਾਲੇ ਕਰ ਦਿੱਤੀ। ਉਸ ਤੋਂ ਬਾਅਦ ਭਾਰਤੀ ਹਾਕੀ ਸਿੱਧਾ ਅਰਸ਼ ਤੋਂ ਫਰਸ਼ ਅਜਿਹੀ ਡਿੱਗੀ ਕਿ 2008 ਵਿੱਚ ਜਾ ਕੇ ਤਾਂ ਭਾਰਤ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੁਆਲੀਫਾਈ ਦੌਰ ਵਿੱਚੋਂ ਹੀ ਬਾਹਰ ਹੋ ਗਿਆ। ਰਾਜਿੰਦਰ ਦੀ ਗੈਰ ਹਾਜ਼ਰੀ ਨਾਲ ਹੀ ਭਾਰਤੀ ਹਾਕੀ ਖਿਡਾਰੀਆਂ ਦਾ ਬੈਚ ਲਾਵਾਰਸ ਹੋ ਗਿਆ। ਸਾਰੇ ਖਿਡਾਰੀ ਇਕ-ਇਕ ਕਰਕੇ ਟੀਮ ਵਿੱਚੋਂ ਬਾਹਰ ਹੁੰਦੇ ਗਏ ਜਾਂ ਖੇਡ ਛੱਡਦੇ ਗਏ। ਕਈਆਂ ਦਾ ਕਰੀਅਰ ਅੱਧ ਵਿਚਾਲੇ ਹੀ ਖਤਮ ਹੋ ਗਿਆ। ਰਾਜਿੰਦਰ ਸਿੰਘ ਨੂੰ ਹੁਣ ਵੀ ਭਾਰਤੀ ਹਾਕੀ ਫੈਡਰੇਸ਼ਨ ਦੇ ਇਸ ਰਵੱਈਏ ਦਾ ਰੰਜ ਹੈ ਜਿਨ੍ਹਾਂ ਨੇ ਚੰਗੀ ਭਲੀ ਤਿਆਰ ਕੀਤੀ ਟੀਮ ਦਾ ਸੈਟ ਤੋੜ ਦਿੱਤਾ।

ਸੀਨੀਅਰ ਭਾਰਤੀ ਹਾਕੀ ਟੀਮ ਦੇ ਚੀਫ ਕੋਚ ਬਣਨ ਤੋਂ ਬਾਅਦ ਰਾਜਿੰਦਰ ਸਿੰਘ ਟੀਮ ਦੇ ਨਾਲ

ਰਾਜਿੰਦਰ ਸਿੰਘ ਆਪਣੇ ਹਾਕੀ ਜੀਵਨ ਦੀਆਂ ਤਿੰਨ ਕੌੜੀਆਂ ਯਾਦਾਂ ਨੂੰ ਸਦਾ ਲਈ ਭੁੱਲਣਾ ਚਾਹੁੰਦਾ ਹੈ। ਪਹਿਲੀ ਉਸ ਦੇ ਕਰੀਬੀ ਦੋਸਤ ਅਤੇ ਸੀਨੀਅਰ ਖਿਡਾਰੀ ਸੁਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ, ਦੂਜੀ ਜੁਗਰਾਜ ਸਿੰਘ ਦੀ ਸੱਟ ਅਤੇ ਤੀਜੀ ਏਥਨਜ਼ ਓਲੰਪਿਕਸ ਤੋਂ ਪਹਿਲਾਂ ਟੀਮ ਨਾਲ ਹੋਏ ਧੱਕੇਸ਼ਾਹੀ। ਸੁਰਜੀਤ ਸਿੰਘ ਬਾਰੇ ਰਾਜਿੰਦਰ ਸਿੰਘ ਦੱਸਦਾ ਹੈ ਕਿ ਉਹ ਦੋਵੇਂ ਇਕੋ ਕਮਰੇ ਵਿੱਚ ਰਹਿੰਦੇ ਸੀ। ਸੁਰਜੀਤ ਉਸ ਤੋਂ ਵੱਡਾ ਹੋਣ ਕਰਕੇ ਉਸ ਨੂੰ ਬਹੁਤ ਹੱਲਾਸ਼ੇਰੀ ਦੇ ਕੇ ਖਿਡਾਉਂਦਾ ਸੀ। ਦੋਵੇਂ ਫੁੱਲਬੈਕ ਦੀ ਪੁਜੀਸ਼ਨ ਉਤੇ ਖੇਡਦੇ ਸਨ। ਬੰਬਈ ਵਿਸ਼ਵ ਕੱਪ ਵਿੱਚ ਟਾਪ ਸਕੋਰਰ ਬਣਨ ਦਾ ਸਿਹਰਾ ਰਾਜਿੰਦਰ ਸਿੰਘ ਸੁਰਜੀਤ ਸਿਰ ਹੀ ਬੰਨ੍ਹਦਾ ਹੈ ਜਿਸ ਨੇ ਉਸ ਨੂੰ ਹਰ ਮੌਕੇ ਉਤੇ ਅੱਗੇ ਹੋ ਕੇ ਖੇਡਣ ਲਈ ਕਿਹਾ। ਸੁਰਜੀਤ ਸਿੰਘ ਦੇ ਬੋਲਾਂ ਨੇ ਹੀ ਰਾਜਿੰਦਰ ਵਿੱਚ ਆਤਮ ਵਿਸ਼ਵਾਸ ਅਤੇ ਹੌਸਲਾ ਵਧਾਇਆ। ਪਾਕਿਸਤਾਨ ਟੀਮ ਵਿੱਚ ਸੁਰਜੀਤ ਦਾ ਖੌਫ ਰਾਜਿੰਦਰ ਨੇ ਅੱਖੀਂ ਵੇਖਿਆ ਹੈ। ਜੁਗਰਾਜ ਬਾਰੇ ਰਾਜਿੰਦਰ ਦੱਸਦਾ ਹੈ ਕਿ ਜਦੋਂ ਕੰਵਲਪ੍ਰੀਤ ਨੇ ਉਸ ਨੂੰ ਹਾਦਸੇ ਦੀ ਖਬਰ ਸੁਣਾਈ ਤਾਂ ਉਹ ਸੁੰਨ ਹੀ ਹੋ ਗਿਆ ਸੀ। ਰਾਜਿੰਦਰ ਸਿੰਘ ਲਈ ਜੁਗਰਾਜ, ਕੰਵਲਪ੍ਰੀਤ, ਗਗਨਅਜੀਤ, ਦੀਪਕ ਠਾਕੁਰ, ਪ੍ਰਭਜੋਤ ਸਭ ਇਕ ਪਰਿਵਾਰ ਵਾਂਗ ਸੀ।

ਉਹ ਹਮੇਸ਼ਾ ਆਪਣੇ ਖਿਡਾਰੀਆਂ ਦੇ ਹੱਕ ਵਿੱਚ ਹੀ ਖੜ੍ਹਿਆ। ਇਸੇ ਲਈ 2004 ਵਿੱਚ ਕੰਵਲਪ੍ਰੀਤ ਤੇ ਬਿਮਲ ਲਾਕੜਾ ਨਾਲ ਹੋਏ ਧੱਕੇ ਸਮੇਂ ਉਹ ਖਿਡਾਰੀਆਂ ਵਾਲੇ ਪਾਲੇ ਵਿੱਚ ਖੜ੍ਹਾ ਸੀ। ਰਾਜਿੰਦਰ ਸਿੰਘ ਆਪਣਾ ਕੋਈ ਇਕ ਲਾਡਲਾ ਸ਼ਾਗਿਰਦ ਪੁੱਛੇ ਜਾਣ 'ਤੇ ਇਹੋ ਕਹਿੰਦਾ ਹੈ ਕਿ ਉਸ ਦੇ ਸਾਰੇ ਹੀ ਲਾਡਲੇ ਸੀ। ਇਸੇ ਤਰ੍ਹਾਂ ਕਿਸੇ ਇਕ ਵਿਗੜੇ ਹੋਏ ਖਿਡਾਰੀ ਬਾਰੇ ਪੁੱਛੇ ਜਾਣ 'ਤੇ ਵੀ ਉਹ ਕਿਸੇ ਦਾ ਨਾਂ ਨਹੀਂ ਲੈਂਦਾ। ਹਾਲਾਂਕਿ ਧਨਰਾਜ ਪਿੱਲੈ ਤੇ ਰਾਜਿੰਦਰ ਸਿੰਘ ਸੀਨੀਅਰ ਵਿਚਾਲੇ ਖੇਡਣ ਸਮੇਂ ਆਪਸੀ ਤਕਰਾਰ ਦੀਆਂ ਬਹੁਤ ਸੁਰਖੀਆਂ ਬਣੀਆਂ ਸਨ ਪਰ ਜਦੋਂ ਰਾਜਿੰਦਰ ਸਿੰਘ ਨੂੰ ਪਿੱਲੈ ਬਾਰੇ ਪੁੱਛੀਦਾਂ ਤਾਂ ਉਹ ਕਦੇ ਵੀ ਖੁੱਲ੍ਹ ਕੇ ਉਸ ਖਿਲਾਫ ਨਹੀਂ ਬੋਲਦਾ। ਉਹ ਇਹੋ ਕਹਿੰਦਾ ਹੈ ਕਿ ਉਸ ਦੇ ਸਮਿਆਂ ਦਾ ਧਨਰਾਜ ਪਿੱਲੈ ਸਭ ਤੋਂ ਮਹਾਨ ਖਿਡਾਰੀ ਹੋਇਆ।

ਰਾਜਿੰਦਰ ਸਿੰਘ ਸੀਨੀਅਰ ਦੀ ਕੋਚਿੰਗ ਹੇਠ ਭਾਰਤੀ ਟੀਮ ਜੂਨੀਅਰ ਵਿਸ਼ਵ ਕੱਪ ਦੀ ਟਰਾਫੀ ਨਾਲ

ਰਾਜਿੰਦਰ ਸਿੰਘ ਕਦੇ ਐਵਾਰਡਾਂ ਪਿੱਛੇ ਨਹੀਂ ਪਿਆ। ਉਸ ਨੇ ਅੱਸੀ ਦੇ ਦਹਾਕੇ ਵਿੱਚ ਹਾਕੀ ਖੇਡੀ ਪਰ ਅਰਜੁਨਾ ਐਵਾਰਡ ਉਸ ਨੂੰ 1997 ਵਿੱਚ ਆ ਕੇ ਮਿਲਿਆ। ਉਸ ਨੇ ਕਦੇ ਪਛਤਾਵਾ ਨਹੀਂ ਕੀਤਾ। ਸਾਲ 2003 ਵਿੱਚ ਉਸ ਨੂੰ ਕੋਚਿੰਗ ਕਰਕੇ ਦਰੋਣਾਚਾਰੀਆ ਐਵਾਰਡ ਮਿਲਿਆ। ਰੇਲਵੇ ਨੇ ਉਸ ਨੂੰ ਸਨਮਾਨਤ ਕੀਤਾ। ਵਿਸ਼ਵ ਹਾਕੀ ਸੀਰੀਜ਼ ਵਿੱਚ ਸ਼ੇਰ-ਏ-ਪੰਜਾਬ ਟੀਮ ਦੀ ਕੋਚਿੰਗ ਕਰਦਿਆਂ ਉਸ ਨੂੰ 'ਬੈਸਟ ਕੋਚ' ਦਾ ਐਵਾਰਡ ਮਿਲਿਆ। ਰਾਜਿੰਦਰ ਸਿੰਘ ਸੀਨੀਅਰ ਨੇ ਐਨ.ਆਈ.ਐਸ. ਪਟਿਆਲਾ ਵਿਖੇ ਚੀਫ ਕੋਚ ਵਜੋਂ ਰਿਟਾਇਰ ਹੋਣ ਤੋਂ ਪਹਿਲਾਂ ਉਥੇ ਚੰਗਾ ਸਮਾਂ ਗੁਜ਼ਾਰਿਆ। ਮੁੰਡਿਆਂ ਦੇ ਨਾਲ ਕੁੜੀਆਂ ਦੀ ਵੀ ਚੰਗੀ ਟੀਮ ਖੜ੍ਹੀ ਕੀਤੀ। ਰਾਜਿੰਦਰ ਸਿੰਘ ਦੀ ਕੋਚਿੰਗ ਹੇਠ ਖੇਡੀਆਂ ਰੀਨਾ, ਰਿਤੂ ਸ਼ਾਹ, ਮੋਨਿਕਾ, ਸਵਾਤੀ ਹੁਰਾਂ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ। ਐਨ.ਆਈ.ਐਸ. ਵਿੱਚ ਸੀਨੀਅਰ ਕੋਚ ਲੱਗੇ ਅਤੇ ਮੇਰੇ ਮਿੱਤਰ ਦੀ ਪਤਨੀ ਬਲਜੀਤ ਕੌਰ ਅਕਸਰ ਰਾਜਿੰਦਰ ਸਿੰਘ ਦੀਆਂ ਸਿਫਤਾਂ ਸੁਣਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਿੰਦਰ ਸਿੰਘ ਅੰਦਰ ਖਿਡਾਰੀਆਂ ਨੂੰ ਮੋਟੀਵੇਟ ਕਰਨ ਦੀ ਅਦਭੁੱਤ ਸ਼ਕਤੀ ਹੈ। ਉਹ ਹਰ ਉਮਰ ਵਰਗ ਅਤੇ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੂੰ ਆਪਸ ਵਿੱਚ ਮਿਲਾ ਕੇ ਪ੍ਰੈਕਟਿਸ ਕਰਵਾਉਂਦੇ।

ਐੱਨ.ਆਈ.ਐੱਸ. ਪਟਿਆਲਾ ਵਿਖੇ ਸਾਥੀ ਕੋਚਿੰਗ ਸਟਾਫ ਨਾਲ ਚੀਫ ਕੋਚ ਰਾਜਿੰਦਰ ਸਿੰਘ ਸੀਨੀਅਰ

ਕੋਈ ਨਾ ਕੋਈ ਮੈਚ ਜਾਂ ਲੀਗ ਖਿਡਾਈ ਰੱਖਣੀ। ਰਾਜਿੰਦਰ ਸਿੰਘ ਖੇਡ ਨੂੰ ਸਮਰਪਿਤ ਇਨਸਾਨ ਹੈ ਜਿਹੜਾ ਪ੍ਰੈਕਟਿਸ ਕਰਦਾ ਕਦੇ ਸਮਾਂ ਨਹੀਂ ਦੇਖਦਾ ਸੀ। ਉਹ ਹਰ ਖਿਡਾਰੀ ਨੂੰ ਨਾਲ ਲੈ ਕੇ ਚੱਲਦਾ। ਉਸ ਨੇ ਹਮੇਸ਼ਾ ਰਵਾਇਤੀ 5-3-2 ਸ਼ੈਲੀ ਦੀ ਹਾਕੀ ਖਿਡਾਈ ਅਤੇ ਚੰਗੇ ਨਤੀਜੇ ਹਾਸਲ ਕੀਤੇ। ਉਨ੍ਹਾਂ ਦੀਆਂ ਤਕਨੀਕਾਂ ਨਵੇਂ ਦੌਰ ਦੇ ਕੋਚਾਂ ਉਤੇ ਵੀ ਭਾਰੂ ਪੈਂਦੀਆਂ ਹਨ। ਉਹ ਪ੍ਰੈਕਟੀਕਲ ਖੇਡ ਵਿੱਚ ਵਿਸ਼ਵਾਸ ਰੱਖਣ ਵਾਲਾ ਕੋਚ ਹੈ। ਜੂਨੀਅਰ ਕੋਚ ਅਤੇ ਡਿਪਲੋਮਾ ਵਾਲੇ ਕੋਚ ਕਦੇ ਵੀ ਉਸ ਤੋਂ ਭੈਅ ਨਹੀਂ ਖਾਂਦੇ ਸਨ। ਰਾਜਿੰਦਰ ਸਿੰਘ ਨੂੰ ਆਪਣੇ ਆਲੇ-ਦੁਆਲੇ ਅਜਿਹਾ ਮਾਹੌਲ ਬਣਾਉਣਾ ਆਉਂਦਾ ਸੀ ਕਿ ਸਾਰੇ ਹੀ ਸੁਖਾਵਾਂ ਮਹਿਸੂਸ ਕਰਦੇ। ਐਨ.ਆਈ.ਐਸ. ਵਿੱਚ ਉਸ ਦਾ ਬਹੁਤ ਸਨਮਾਨ ਰਿਹਾ। ਕੋਈ ਵੀ ਸਮਾਗਮ ਹੋਣਾ ਹੋਵੇ ਤਾਂ ਕਾਰਜਕਾਰੀ ਡਾਇਰੈਕਟਰ ਦੇ ਨਾਲ ਉਸ ਦੀ ਕੁਰਸੀ ਲੱਗਦੀ।

ਰਾਜਿੰਦਰ ਸਿੰਘ ਰਿਟਾਇਰਮੈਂਟ ਤੋਂ ਬਾਅਦ ਆਪਣੀ ਪਤਨੀ ਨਿੰਮੀ ਸਿੱਧੂ ਤੇ ਬੇਟੀ ਰੋਮਨ ਸਿੱਧੂ ਨਾਲ ਮੁਹਾਲੀ ਦੇ ਸੈਕਟਰ 79 ਵਿਖੇ ਰਹਿਣ ਲੱਗ ਗਿਆ। ਹਾਕੀ ਵਿੱਚ ਉਸ ਵਰਗਾ ਸਿਰੜੀ, ਮਿਹਨਤੀ ਤੇ ਕ੍ਰਿਸ਼ਮੇ ਵਾਲਾ ਕੋਚ ਕਿੱਥੋਂ ਲੱਭਣਾ। ਭੋਪਾਲ ਵਿਖੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਚਲਾਈ ਜਾਂਦੀ ਹਾਕੀ ਅਕੈਡਮੀ ਲਈ ਉਸ ਨੂੰ ਸਲਾਹਕਾਰ ਕੰਸਲਟੈਂਟ ਨਿਯੁਕਤ ਕਰ ਲਿਆ। ਰਾਜਿੰਦਰ ਸਿੰਘ ਨੇ ਮੱਧ ਪ੍ਰਦੇਸ਼ ਜਾਂਦਿਆਂ ਹੀ ਆਪਣੀ ਕੋਚਿੰਗ ਦਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹ ਤਾਂ ਪਾਰਸ ਹੈ ਜਿਸ ਨੂੰ ਵੀ ਛੂਹਦਾ ਹੈ, ਉਹ ਚੀਜ ਸੋਨਾ ਬਣ ਜਾਂਦੀ ਹੈ। ਰਾਜਿੰਦਰ ਸਿੰਘ ਦੀ ਕੋਚਿੰਗ ਹੇਠ ਹਾਲ ਹੀ ਵਿੱਚ ਮੱਧ ਪ੍ਰਦੇਸ਼ ਨੇ ਸਬ ਜੂਨੀਅਰ ਤੇ ਜੂਨੀਅਰ ਨਹਿਰੂ ਟੂਰਨਾਮੈਂਟ ਜਿੱਤਿਆ। ਪੁਣੇ ਵਿਖੇ ਐੱਸ.ਐੱਨ.ਬੀ.ਪੀ. ਟੂਰਨਾਮੈਂਟ ਜਿੱਤਿਆ। ਛਤੀਸਗੜ੍ਹ ਵਿਖੇ ਖ਼ੇਡਿਆ ਜਾਂਦਾ ਏ ਗਰੇਡ ਦਾ ਸੀਨੀਅਰ ਪੱਧਰ ਦਾ ਰਾਜਨੰਦਗਾਓ ਟੂਰਨਾਮੈਂਟ ਜਿੱਤਿਆ। ਇਹੋ ਰਾਜਿੰਦਰ ਸਿੰਘ ਦਾ ਜਲਵਾ ਹੈ। ਭਾਰਤੀ ਹਾਕੀ ਨੂੰ ਹਾਲੇ ਵੀ ਉਸ ਵਰਗਾ ਕੋਚ ਨਹੀਂ ਮਿਲਿਆ।

ਲੇਖਕ ਨਵਦੀਪ ਸਿੰਘ ਗਿੱਲ ਰਾਜਿੰਦਰ ਸਿੰਘ ਸੀਨੀਅਰ, ਓਲੰਪੀਅਨ ਅਸ਼ੋਕ ਕੁਮਾਰ (ਧਿਆਨ ਚੰਦ ਦਾ ਬੇਟਾ), ਓਲੰਪੀਅਨ ਅਜੀਤ ਸਿੰਘ ਨਾਲ ਖਾਣੇ ਦੇ ਟੇਬਲ ਉਤੇ ਸੈਲਫੀ ਲੈਂਦਾ ਹੋਇਆ

rajwinder kaur

This news is Content Editor rajwinder kaur