ਬਿਗ ਬੈਸ਼ ਲੀਗ ''ਚ ਕੇਵਿਨ ਪੀਟਰਸਨ ਦਾ ਧਮਾਕਾ, ਟੀਮ ਨੂੰ ਦਿਵਾਈ ਜਿੱਤ

01/13/2018 11:00:42 AM

ਮੈਲਬੋਰਨ (ਬਿਊਰੋ)— ਇੰਗਲੈਂਡ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਕੇਵਿਨ ਪੀਟਰਸਨ ਨੇ ਹਾਲ ਹੀ ਵਿਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਪਰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਵੇਖ ਕੇ ਅਜਿਹਾ ਲੱਗ ਨਹੀਂ ਰਿਹਾ ਕਿ ਉਨ੍ਹਾਂ ਨੂੰ ਅਜੇ ਸੰਨਿਆਸ ਲੈਣ ਦੀ ਜ਼ਰੂਰਤ ਹੈ। ਦਰਅਸਲ, ਕੇਵਿਨ ਪੀਟਰਸਨ ਆਸਟਰੇਲੀਆ ਵਿਚ ਚੱਲ ਰਹੀ ਬਿਗ ਬੈਸ਼ ਲੀਗ ਟੀ20 ਟੂਰਨਾਮੈਂਟ ਵਿਚ ਖੇਡ ਰਹੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਬੱਲੇ ਦਾ ਜੌਹਰ ਵਿਖਾਇਆ। ਮੈਲਬੋਰਨ ਸਟਾਰਸ ਲਈ ਖੇਡਦੇ ਹੋਏ ਕੇਵਿਨ ਪੀਟਰਸਨ ਨੇ ਸਿਰਫ਼ 46 ਗੇਂਦਾਂ ਵਿਚ 74 ਦੌੜਾਂ ਬਣਾ ਕੇ ਵਿਰੋਧੀ ਟੀਮ ਮੈਲਬੋਰਨ ਰੇਨੀਗੇਡਸ ਨੂੰ ਹਰਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਕੇਵਿਨ ਪੀਟਰਸਨ ਨੇ ਆਪਣੀ ਅਰਧ ਸੈਂਕੜੀਏ ਪਾਰੀ ਵਿਚ 5 ਛੱਕੇ ਅਤੇ 4 ਚੌਕੇ ਲਗਾਏ ਅਤੇ ਉਨ੍ਹਾਂ ਦਾ ਸਟਰਾਇਕ ਰੇਟ 160.87 ਰਿਹਾ। ਉਂਝ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਪੀਟਰਸਨ ਨੇ ਕਵਰਸ ਉੱਤੇ ਜ਼ਬਰਦਸਤ ਕੈਚ ਵੀ ਝਪਟਿਆ, ਜਿਸਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਟੀਮ ਦੇ ਨਾਂ ਦਰਜ ਹੋਈ ਪਹਿਲੀ ਜਿੱਤ
ਕੇਵਿਨ ਪੀਟਰਸਨ ਦੀ ਇਸ ਪਾਰੀ ਦੇ ਦਮ ਉੱਤੇ ਮੈਲਬੋਰਨ ਸਟਾਰਸ ਨੇ ਬਿਗ ਬੈਸ਼ ਲੀਗ ਦੇ ਇਸ ਸੀਜ਼ਨ ਵਿਚ ਪਹਿਲੀ ਜਿੱਤ ਦਰਜ ਕੀਤੀ। ਪਿਛਲੇ 5 ਮੈਚਾਂ ਵਿਚ ਮੈਲਬੋਰਨ ਸਟਾਰਸ ਨੂੰ ਹਾਰ ਮਿਲੀ ਸੀ ਪਰ ਆਪਣੇ 6ਵੇਂ ਮੈਚ ਵਿਚ ਉਸਨੇ ਰੇਨੀਗੇਡਸ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਮੈਲਬੋਰਨ ਸਟਾਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ ਉੱਤੇ 167 ਦੌੜਾਂ ਬਣਾਈਆਂ। ਮੈਲਬੋਰਨ ਸਟਾਰਸ ਵਲੋਂ ਪੀਟਰਸਨ ਦੇ ਇਲਾਵਾ ਪੀਟਰ ਹੈਂਡਸਕਾਂਬ ਨੇ 41 ਦੌੜਾਂÎ ਦੀ ਅਹਿਮ ਪਾਰੀ ਖੇਡੀ। ਪੀਟਰਸਨ ਅਤੇ ਹੈਂਡਸਕਾਂਬ ਦਰਮਿਆਨ ਦੂਜੇ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਹੋਈ।

168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੈਲਬੋਰਨ ਰੇਨੀਗੇਡਸ ਦੀ ਟੀਮ ਇਕ ਵੀ ਵਾਰ ਟੀਚੇ ਦੇ ਮੁਤਾਬਕ ਖੇਡਦੀ ਨਜ਼ਰ ਨਹੀਂ ਆਈ। ਰੇਨੀਗੇਡਸ ਨੇ ਮਾਰਕਸ ਹੈਰਿਸ, ਟਿਮ ਲਿਊਡਮੈਨ ਅਤੇ ਮੈਥਿਊ ਦਾ ਵਿਕਟ ਪਹਿਲੇ 6 ਓਵਰਾਂ ਵਿਚ ਹੀ ਗੁਆ ਦਿੱਤਾ। ਟਾਮ ਕੂਪਰ ਵੀ 19 ਗੇਂਦਾਂ ਵਿਚ 19 ਦੌੜਾਂ ਬਣਾ ਸਕੇ। ਕਪਤਾਨ ਡਵੇਨ ਬਰਾਵੋ ਅਤੇ ਮੁਹੰਮਦ ਨਬੀ ਨੇ ਕੁਝ ਤੇਜ ਪਾਰੀ ਖੇਡਣ ਦੀ ਕੋਸ਼ਿਸ਼ ਜਰੂਰ ਕੀਤੀ, ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲਿਜਾ ਸਕੇ। ਬਰਾਵੋ ਨੇ 18 ਗੇਂਦਾਂ ਵਿਚ 26 ਅਤੇ ਨਬੀ ਨੇ 17 ਗੇਂਦਾਂ ਵਿੱਚ 23 ਦੌੜਾਂ ਬਣਾਈਆਂ। ਮੈਲਬੋਰਨ ਸਟਾਰਸ ਵਲੋਂ ਜੈਕਸਨ ਕੋਲਮੈਨ ਨੇ 3, ਡੇਨੀਅਲ ਵਾਰੇਲ ਅਤੇ ਕਪਤਾਨ ਜਾਨ ਹੇਸਟਿੰਗਸ ਨੇ 2-2 ਵਿਕਟਾਂ ਹਾਸਲ ਕੀਤੀਆਂ।