ਟਾਟਾ ਓਪਨ ਮਹਾਰਾਸ਼ਟਰ ''ਚ ਫਿਰ ਦਿਸਣਗੇ ਸਟਾਰ ਖਿਡਾਰੀ ਕੇਵਿਨ ਐਂਡਰਸਨ
Wednesday, Oct 31, 2018 - 04:07 PM (IST)

ਪੁਣੇ : ਵਿਸ਼ਵ ਦੇ 6ਵੇਂ ਨੰਬਰ ਦੇ ਖਿਡਾਰੀ ਅਤੇ ਉਪ-ਜੇਤੂ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਅਗਲੇ ਸਾਲ ਹੋਣ ਵਾਲੇ ਟਾਟਾ ਉਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਦੂਜੇ ਸੈਸ਼ਨ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਸਾਲ 2018 ਦੇ ਉਪ-ਜੇਤੂ ਐਂਡਰਸਨ ਅਗਲੇ ਸਾਲ ਏ. ਟੀ. ਪੀ. 250 ਟੂਰਨਾਮੈਂਟ ਦੇ ਦੂਜੇ ਸੈਸ਼ਨ ਵਿਚ ਚੋਟੀ ਦਰਜਾ ਖਿਡਾਰੀ ਹੋਣਗੇ। ਐਂਡਰਸਨ 2 ਦਹਾਕਿਆਂ 'ਚ ਪਹਿਲੇ ਦੱਖਣੀ ਅਫਰੀਕੀ ਖਿਡਾਰੀ ਬਣੇ ਹਨ ਜਿਸ ਨੇ ਹਾਲ ਹੀ 'ਚ ਸੈਸ਼ਨ ਦੇ ਆਖਰੀ ਏ. ਟੀ. ਪੀ. ਟੂਰ ਫਾਈਨਲਸ ਲਈ ਕੁਆਲੀਫਾਈ ਕੀਤਾ ਹੈ। ਉਸ ਨੇ ਐਤਵਾਰ ਨੂੰ ਹੀ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਵਿਏਨਾ ਓਪਨ ਖਿਤਾਬ ਜਿੱਤਿਆ ਸੀ। 32 ਸਾਲਾਂ ਐਂਡਰਸਨ ਨੇ 5ਵੇਂ ਏ. ਟੀ. ਪੀ. ਖਿਤਾਬ ਦੇ ਨਾਲ ਹੀ ਰੈਂਕਿੰਗ ਵਿਚ 6ਵਾਂ ਸਥਾਨ ਹਾਸਲ ਕੀਤਾ ਹੈ ਅਤੇ ਉਹ ਸੈਸ਼ਨ ਦੇ ਆਖਰੀ ਏ. ਟੀ. ਪੀ. ਟੂਰ ਫਾਈਨਲਸ ਵਿਚ ਰਾਫੇਲ ਨਡਾਲ, ਨੋਵਾਕ ਜੋਕੋਵਿਚ, ਜੁਆਨ ਮਾਰਟਿਨ ਡੇਲ ਪੋਤਰੋ, ਰੋਜਰ ਫੈਡਰਰ ਅਤੇ ਅਲੈਗਜ਼ੈਂਡਰ ਜਵੇਰੇਵ ਦੇ ਨਾਲ ਖੇਡਣ ਉਤਰਨਗੇ।
ਮਹਾਲੁੰਗੇ ਬਾਲੇਵਾੜੀ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਟੂਰਨਾਮੈਂਟ ਦੇ ਡਾਇਰੈਕਟਰ ਪ੍ਰਸ਼ਾਂਤ ਸੁਤਾਰ ਨੇ ਕਿਹਾ, ''ਮੈਂ ਵਿੰਬਲਡਨ ਦੌਰਾਨ ਐਂਡਰਸਨ ਨਾਲ ਗੱਲ ਕੀਤੀ ਸੀ ਅਤੇ ਉਸ ਨੂੰ ਪੁਣੇ ਟਾਟਾ ਓਪਨ ਵਿਚ ਖੇਡਣ ਦੀ ਬੇਨਤੀ ਵੀ ਕੀਤੀ ਸੀ। ਸਾਨੂੰ ਖੁਸ਼ੀ ਹੈ ਕਿ ਉਸ ਨੇ ਇਸ ਦੇ ਲਈ ਆਪਣੀ ਪੁਸ਼ਟੀ ਕੀਤੀ ਹੈ ਅਤੇ ਉਹ ਟੂਰਨਾਮੈਂਟ ਵਿਚ ਸਾਡੇ ਸਟਾਰ ਖਿਡਾਰੀਆਂ ਨਾਲ ਹੋਣਗੇ। ਇਸ ਸਾਲ ਟਾਟਾ ਓਪਨ ਦੇ ਸੈਸ਼ਨ ਵਿਚ ਐਂਡਰਸਨ ਉਪ-ਜੇਤੂ ਰਹੇ ਸੀ ਅਤੇ ਉਸ ਦੇ ਨਾਲ ਮਾਰਿਨ ਸਿਲਿਚ, ਸਾਈਮਨ ਜਾਈਲਸ ਅਤੇ ਹੋਰ ਸਟਾਰ ਖਿਡਾਰੀ ਸਨ।