ਵਿਸ਼ਵ ਦੀ ਨੰਬਰ ਇਕ ਵੋਜ਼ਨੀਆਕੀ ਨਾਲ ਟਕਰਾਏਗੀ ਕੇਰਬਰ

02/17/2018 10:16:51 AM

ਦੋਹਾ, (ਬਿਊਰੋ)— ਜਰਮਨੀ ਦੀ ਐਂਜੇਲਿਕ ਕੇਰਬਰ ਨੇ ਇਕ ਸੈੱਟ ਤੋਂ ਪਿੱਛੜਨ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਜੋਹਾਨਾ ਕੋਂਟ ਨੂੰ ਸ਼ੁੱਕਰਵਾਰ ਨੂੰ 1-6, 6-1, 6-3 ਨਾਲ ਹਰਾ ਕੇ ਕਤਰ ਟੋਟਲ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਜਿੱਥੇ ਉਸ ਦੇ ਸਾਹਮਣੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਕੈਰੋਲਿਨ ਵੋਜ਼ਨੀਆਕੀ ਦੀ ਚੁਣੌਤੀ ਹੋਵੇਗੀ। ਅਠਵਾਂ ਦਰਜਾ ਪ੍ਰਾਪਤ ਕੇਰਬਰ ਨੇ 11ਵੀਂ ਰੈਂਕਿੰਗ ਦੀ ਕੋਂਟਾ ਤੋਂ ਪਹਿਲਾ ਸੈਟ ਹਾਰਨ ਦੇ ਬਾਅਦ ਬਿਹਤਰੀਨ ਖੇਡ ਦਿਖਾਇਆ ਅਤੇ ਅਗਲੇ ਦੋ ਸੈਟ ਆਸਾਨੀ ਨਾਲ ਆਪਣੇ ਨਾਂ ਕਰ ਲਏ। 

ਜਰਮਨ ਖਿਡਾਰਨ ਦੇ ਸਾਹਮਣੇ ਹੁਣ ਵੋਜ਼ਨੀਆਕੀ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਮੋਨਿਕਾ ਨਿਕੋਲੇਸਕੂ ਨੂੰ 7-5, 6-1 ਨਾਲ ਹਰਾਇਆ। ਇਸ ਵਿਚਾਲੇ ਇਕ ਉਲਟਫੇਰ 'ਚ ਸਾਬਕਾ ਚੈਂਪੀਅਨ ਕੈਰੋਲਿਨਾ ਪਲਿਸਕੋਵਾ ਹਾਰ ਕੇ ਬਾਹਰ ਹੋ ਗਈ। ਅਮਰੀਕਨ ਕੁਆਲੀਫਾਇਰ ਸੀ.ਸੀ. ਬੇਲਿਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰਦੇ ਹੋਏ ਚੈਂਪੀਅਨ ਅਤੇ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰਨ ਪਲਿਸਕੋਵਾ ਨੂੰ ਇਕ ਘੰਟੇ 37 ਮਿੰਟ 'ਚ 7-6, 6-3 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ। ਬੇਲਿਸ ਦਾ ਅਗਲਾ ਮੁਕਾਬਲਾ ਦੂਜੀ ਸੀਡ ਸਿਮੋਨਾ ਹਾਲੇਪ ਨਾਲ ਹੋਵੇਗਾ।