ਦੁਨੀਆ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਮੋਮੋਟਾ ਹਾਦਸੇ ''ਚ ਜ਼ਖਮੀ, ਡ੍ਰਾਈਵਰ ਦੀ ਮੌਤ

01/13/2020 5:04:45 PM

ਕੁਆਲਾਲੰਪੁਰ— ਦੁਨੀਆ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਕੇਂਟੋ ਮੋਮੋਟਾ ਮਲੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਣ ਦੇ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਇੱਥੇ ਇਕ ਹਾਦਸੇ 'ਚ ਜ਼ਖਮੀ ਹੋ ਗਏ ਜਦਕਿ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜਾਪਾਨ ਦੇ ਇਸ 25 ਸਾਲਾ ਸਟਾਰ ਖਿਡਾਰੀ ਦੀ ਨੱਕ 'ਚ ਫ੍ਰੈਕਟਰ ਹੈ ਅਤੇ ਨਾਲ ਹੀ ਉਸ ਦੇ ਚਿਹਰੇ 'ਤੇ ਕੱਟ ਲੱਗੇ ਹਨ। ਉਹ ਜਿਸ ਵੈਨ 'ਚ ਤੜਕੇ ਹਵਾਈ ਅੱਡੇ ਜਾ ਰਹੇ ਸਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਸ ਦੇ ਇਸ ਸਾਲ ਹੋਣ ਵਾਲੇ ਓਲੰਪਿਕ ਦੀਆਂ ਤਿਆਰੀਆਂ ਨੂੰ ਝਟਕਾ ਲੱਗਾ ਹੈ। ਵੈਨ ਹਾਈਵੇਅ 'ਤੇ ਹੌਲੀ ਚਲ ਰਹੀ ਸੀ ਅਤੇ ਲਾਰੀ ਨਾਲ ਟਕਰਾਅ ਗਈ ਜਿਸ ਨਾਲ ਡ੍ਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ।

ਇਕ ਸਹਾਇਕ ਕੋਚ, ਫਿਜ਼ੀਓਥੈਰੇਪਿਸਟ ਅਤੇ ਬੈਡਮਿੰਟਨ ਅਧਿਕਾਰੀ ਨੂੰ ਵੀ ਮਾਮੂਲੀ ਸੱਟਾਂ ਆਈਅ ਹਨ। ਮੋਮੋਟਾ ਨੇ ਐਤਵਾਰ ਨੂੰ ਕੁਆਲਾਲੰਪੁਰ 'ਚ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਨੂੰ 24-22, 21-11 ਨਾਲ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਕੇ 2020 ਸੈਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹ ਹਾਦਸੇ ਦਾ ਸ਼ਿਕਾਰ ਹੋਏ। ਰਾਜਧਾਨੀ ਦੇ ਦੱਖਣੀ ਹਿੱਸੇ 'ਚ ਹਸਪਤਾਲ 'ਚ ਜ਼ਖਮੀਆਂ ਤੋਂ ਮਿਲਣ ਤੋਂ ਬਾਅਦ ਮਲੇਸ਼ੀਆ ਦੇ ਖੇਡ ਮੰਤਰੀ ਸਈਅਦ ਸਾਦਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕਾਫੀ ਦੁਖਦ ਹਾਦਸਾ ਹੈ, ਖਾਸ ਕਰਕੇ ਮੋਮੋਟਾ ਜਿਹੇ ਧਾਕੜ ਬੈਡਮਿੰਟਨ ਖਿਡਾਰੀ ਦੇ ਇਸ 'ਚ ਸ਼ਾਮਲ ਹੋਣ ਦੇ ਕਾਰਨ।''ਖੇਡ ਮੰਤਰੀ ਨੇ ਹਾਲਾਂਕਿ ਦੱਸਿਆ ਕਿ ਸਾਰੇ ਜ਼ਖਮੀ ਸੱਟਾਂ ਤੋਂ ਉਭਰ ਰਹੇ ਹਨ ਅਤੇ ਸਾਰਿਆਂ ਦੀ ਸਥਿਤੀ ਸਥਿਰ ਹੈ। ਪੁਲਸ ਮੁਤਾਬਕ ਹੋਰਨਾਂ ਦੇ ਚਿਹਰੇ, ਪੈਰ, ਹੱਥ ਅਤੇ ਸਿਰ 'ਤੇ ਸੱਟਾਂ ਲਗੀਆਂ ਹਨ।

Tarsem Singh

This news is Content Editor Tarsem Singh