ਪਹਿਲਾ WC ਜਿੱਤਣ 'ਤੇ ਭਾਰਤੀ ਕ੍ਰਿਕਟਰਾਂ ਨੇ ਉਧਾਰ ਦੀ ਸ਼ੈਂਪੇਨ ਪੀ ਕੇ ਮਨਾਇਆ ਜਸ਼ਨ, ਸੋਣਾ ਪਿਆ ਭੁੱਖੇ

04/22/2019 5:20:05 PM

ਨਵੀਂ ਦਿੱਲੀ— ਵਿਸ਼ਵ ਕੱਪ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ। ਹਰ ਚਾਰ ਸਾਲ 'ਚ ਹੋਣ ਵਾਲੇ 'ਕ੍ਰਿਕਟ ਦੇ ਮਹਾਕੁੰਭ' ਦੀ ਮੇਜ਼ਬਾਨੀ ਇਸ ਵਾਰ ਇੰਗਲੈਂਡ-ਵੇਲਸ ਕਰ ਰਿਹਾ ਹੈ। ਪਹਿਲਾ ਵਿਸ਼ਵ ਕੱਪ 1975 'ਚ ਖੇਡਿਆ ਗਿਆ। ਜੇਤੂ ਰਹੀ ਵੈਸਟਇੰਡੀਜ਼ ਦੀ ਟੀਮ ਜਿਸ ਨੇ ਆਸਟਰੇਲੀਆ ਨੂੰ ਫਾਈਨਲ 'ਚ ਹਰਾਇਆ ਸੀ। 1979 'ਚ ਦੂਜੇ ਵਿਸ਼ਵ ਕੱਪ 'ਚ ਵੀ ਕੈਰੇਬੀਆਈ ਟੀਮ ਦਾ ਕਬਜ਼ਾ ਰਿਹਾ। 1983 ਵਿਸ਼ਵ ਕੱਪ 'ਚ ਜਾਨਲੇਵਾ ਤੇਜ਼ ਗੇਂਦਬਾਜਾਂ ਅਤੇ ਜਬਰਦਸਤ ਬੱਲੇਬਾਜ਼ਾਂ ਨਾਲ ਭਰੀ ਇਸ ਟੀਮ ਦੀ ਕਪਤਾਨੀ ਮਹਾਨ ਬੱਲੇਬਾਜ਼ ਕਲਾਈਵ ਲਾਇਡ ਕਰ ਰਹੇ ਸਨ। ਹਰ ਕੋਈ ਇਹ ਮੰਨ ਚੁੱਕਾ ਸੀ ਕਿ ਵੈਸਟਇੰਡੀਜ਼ ਵਰਲਡ ਕੱਪ ਦੀ ਜਿੱਤ ਦੀ ਹੈਟ੍ਰਿਕ ਬਣਾਵੇਗਾ ਕਿਉਂਕਿ ਉਸ ਦੇ ਸਾਹਮਣੇ ਭਾਰਤੀ ਟੀਮ ਸੀ ਜੋ ਇਕ ਕਮਜ਼ੋਰ ਟੀਮ ਮੰਨੀ ਜਾਂਦੀ ਸੀ। 

25 ਜੂਨ 1983 ਨੂੰ ਉਹ ਹੋਇਆ ਜਿਸ ਨੇ ਭਾਰਤੀ ਕ੍ਰਿਕਟ ਦੀ ਦਸ਼ਾ-ਦਿਸ਼ਾ ਬਦਲ ਦਿੱਤੀ। ਟੀਮ ਇੰਡੀਆ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ 183 ਦੌੜਾਂ ਦਾ ਸਕੋਰ ਬਚਾਇਆ ਜਦਕਿ ਧਾਕੜ ਕ੍ਰਿਕਟਰਾਂ ਨਾਲ ਸਜੀ ਵੈਸਟਇੰਡੀਜ਼ ਨੂੰ 140 ਦੌੜਾਂ 'ਤੇ ਸਮੇਟ ਦਿੱਤਾ। ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਕਪਿਲ ਦੇਵ ਦੀ ਅਗਵਾਈ ਵਾਲੀ ਇਹ ਟੀਮ ਲਗਾਤਾਰ 2 ਵਿਸ਼ਵ ਕੱਪ ਜਿੱਤ ਚੁੱਕੀ ਖੂੰਖਾਰ ਵੈਸਟਇੰਡੀਜ਼ ਨੂੰ ਹਰਾ ਪਾਵੇਗੀ। 

183 ਦੌੜਾਂ ਦੇ ਸਕੋਰ ਬਚਾਉਣ ਉੱਤਰੀ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਨੇ ਡਰੈਸਿੰਗ ਰੂਮ 'ਚ ਆਪਣੇ ਖਿਡਾਰੀਆਂ 'ਚ ਉਹ ਜੋਸ਼ ਭਰਿਆ ਕਿ ਕਲਾਈਵ ਲਾਇਡ, ਵਿਵੀਅਨ ਰਿਚਰਡਸ, ਡੇਸਮੰਡ ਹੇਲਸ ਜਿਹੇ ਧਾਕੜ ਬੱਲੇਬਾਜ਼ਾਂ ਨਾਲ ਲੈਸ ਵੈਸਟਇੰਡੀਜ਼ ਦੀ ਟੀਮ ਦੇ 7 ਖਿਡਾਰੀ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੇ ਸਨ। ਉਸ ਇਤਿਹਾਸਕ ਜਿੱਤ ਦੇ ਬਾਅਦ ਟੀਮ ਇੰਡੀਆ ਨੇ ਆਪਣੇ ਡਰੈਸਿੰਗ ਰੂਮ 'ਚ ਰੱਜ ਕੇ ਜਸ਼ਨ ਮਨਾਇਆ ਸੀ। ਆਓ ਅਸੀਂ ਤੁਹਾਡੇ ਨਾਲ ਵੀ ਉਸ ਨਾਲ ਜੁੜੀ ਕੁਝ ਮਜ਼ੇਦਾਰ ਯਾਦਾਂ ਨੂੰ ਸ਼ੇਅਰ ਕਰਦੇ ਹਨ। ਉਸ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਤੇ ਤੇਜ਼ ਗੇਂਦਬਾਜ਼ ਰਹੇ ਮਦਨ ਲਾਲ ਨੇ ਖੁਦ ਦੱਸਿਆ ਸੀ ਕਿ ਕਿਵੇਂ ਪੂਰੀ ਟੀਮ ਨੇ ਸ਼ੈਂਪੇਨ ਨਾਲ ਉਸ ਰਾਤ ਜਸ਼ਨ ਮਨਾਇਆ ਸੀ।

ਮਦਨ ਲਾਲ ਮੁਤਾਬਕ, ''ਕਪਿਲ ਵਰਲਡ ਕੱਪ ਫਾਈਨਲ ਜਿੱਤਣ ਦੇ ਬਾਅਦ ਵੈਸਟਇੰਡੀਜ਼ ਦੇ ਡਰੈਸਿੰਗ ਰੂਮ 'ਚ ਸਾਰੇ ਖਿਡਾਰੀਆਂ ਨਾਲ ਹੱਥ ਮਿਲਾਉਣ ਪਹੁੰਚੇ। ਉਸ ਕਮਰੇ 'ਚ ਚੁੱਪੀ ਫੈਲੀ ਹੋਈ ਸੀ। ਉਨ੍ਹਾਂ ਨੂੰ ਉੱਥੇ ਸ਼ੈਂਪੇਨ ਦੀਆਂ ਬੋਤਲਾਂ ਦਿਖਾਈ ਦੇ ਰਹੀਆਂ ਸਨ। ਭਾਰਤ ਨੂੰ 183 'ਚ ਸਮੇਟਨ ਦੇ ਬਾਅਦ ਵੈਸਟਇੰਡੀਜ਼ ਨੇ ਆਪਣੀ ਜਿੱਤ ਪੱਕੀ ਮੰਨਦੇ ਹੋਏ ਕਾਫੀ ਸਾਰੀਆਂ ਸ਼ੈਂਪੇਨ ਦੀਆਂ ਬੋਤਲਾਂ ਮੰਗਵਾ ਲਈਆਂ ਸਨ। ਜੋ ਉਨ੍ਹਾਂ ਦੀ ਹਾਰ ਦੇ ਬਾਅਦ ਕਿਸੇ ਕੰਮ ਦੀ ਨਹੀਂ ਸੀ। ਕਪਿਲ ਦੇਵ ਨੇ ਲਾਇਡ ਤੋਂ ਪੁੱਛਿਆ, ਕੀ ਮੈਂ ਸ਼ੈਂਪੇਨ ਦੀਆਂ ਕੁਝ ਬੋਤਲਾਂ ਲੈ ਜਾ ਸਕਦਾ ਹਾਂ? ਅਸੀਂ ਇਕ ਵੀ ਨਹੀਂ ਮੰਗਵਾਈ ਹੈ। ਕਲਾਈਵ ਨੇ ਕਪਿਲ ਨੂੰ ਇਸ਼ਾਰਾ ਕੀਤਾ ਅਤੇ ਜਾ ਕੇ ਕੋਨੇ 'ਚ ਬੈਠ ਗਏ। ਕਪਿਲ ਅਤੇ ਮੋਹਿੰਦਰ ਨਾਥ ਨੇ ਬੋਤਲਾਂ ਚੁੱਕੀਆਂ ਅਤੇ ਟੀਮ ਇੰਡੀਆ ਨੇ ਪੂਰੀ ਰਾਤ ਜਸ਼ਨ ਮਨਾਇਆ। ਜਸ਼ਨ 'ਚ ਡੁੱਬੇ ਭਾਰਤੀ ਖਿਡਾਰੀਆਂ ਨੂੰ ਹਾਲਾਂਕਿ ਉਸ ਰਾਤ ਨੂੰ ਖਾਣਾ ਨਹੀਂ ਮਿਲਿਆ। ਦਰਅਸਲ, ਕਿਚਨ ਰਾਤ 9 ਵਜੇ ਬੰਦ ਹੋ ਜਾਂਦੇ ਸਨ। ਜਸ਼ਨ ਮਨਾਉਣ ਦੇ ਬਾਅਦ ਜਦੋਂ ਭਾਰਤੀ ਟੀਮ ਹੋਟਲ ਪਹੁੰਚੀ, ਖਾਣਾ ਖਤਮ ਹੋ ਚੁੱਕਾ ਸੀ ਫਿਰ ਟੀਮ ਨੂੰ ਭੁੱਖੇ ਹੀ ਸੋਣਾ ਪਿਆ।

ਉਸੇ ਜਿੱਤ ਨਾਲ ਭਾਰਤੀ ਕ੍ਰਿਕਟ ਦਾ ਸੂਰਜ ਚੜ੍ਹਿਆ। ਭਾਰਤੀ ਟੀਮ ਨੂੰ ਨਾ ਸਿਰਫ ਸਪਾਨਸਰ ਮਿਲਣੇ ਸ਼ੁਰੂ ਹੋ ਗਏ ਸਗੋਂ ਵਿਸ਼ਵ ਕ੍ਰਿਕਟ ਨੇ ਵੀ ਟੀਮ ਇੰਡੀਆ ਦੇ ਦਮ-ਖ਼ਮ ਨੂੰ ਪਛਾਣਿਆ। ਹਾਕੀ ਦੇ ਇਸ ਦੇਸ਼ ਦੇ ਨੌਜਵਾਨ ਕ੍ਰਿਕਟ ਵੱਲ ਆਕਰਸ਼ਿਤ ਹੋਣ ਲੱਗੇ ਅਤੇ ਅੱਜ ਟੀਮ ਇੰਡੀਆ ਵਿਸ਼ਵ ਕ੍ਰਿਕਟ ਦੀ ਮਹਾਸ਼ਕਤੀ ਬਣ ਚੁੱਕਾ ਹੈ। ਇਸ ਤੋਂ ਬਾਅਦ ਭਾਰਤ 2003 ਵਿਸ਼ਵ ਕੱਪ ਫਾਈਨਲ 'ਚ ਪਹੁੰਚ ਕੇ ਖਿਤਾਬ ਨਾ ਜਿੱਤ ਸਕਿਆ। ਹਾਲਾਂਕਿ 2011 'ਚ ਐੱਮ.ਐੱਸ. ਧੋਨੀ ਦੀ ਅਗਵਾਈ 'ਚ ਭਾਰਤੀ ਟੀਮ 28 ਸਾਲਾਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਜੇਤੂ ਬਣੀ ਸੀ। ਹੁਣ ਦੇਖਣਾ ਹੋਵੇਗਾ ਕਿ ਕੀ ਕਪਤਾਨ ਕੋਹਲੀ ਆਪਣੀ ਅਗਵਾਈ 'ਚ 2019 'ਚ ਵਰਲਡ ਕੱਪ ਜਿੱਤ ਪਾਉਣਗੇ।

Tarsem Singh

This news is Content Editor Tarsem Singh