ਬਿਸ਼ਨ ਸਿੰਘ ਬੇਦੀ ਦੀ ਮੌਤ ਨਾਲ ਸਦਮੇ 'ਚ ਕਪਿਲ ਦੇਵ, ਰੋਂਦਿਆਂ ਆਖੀਆਂ ਇਹ ਗੱਲਾਂ

10/25/2023 1:43:41 PM

ਨਵੀਂ ਦਿੱਲੀ (ਬਿਊਰੋ) : ਬੀਤੇ ਦਿਨੀਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਅਤੇ ਬਾਲੀਵੁੱਡ ਅਦਾਕਾਰ ਅੰਗਦ ਬੇਦੀ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਬਿਸ਼ਨ ਸਿੰਘ ਬੇਦੀ ਨੇ 77 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਮਹਾਨ ਸਪਿੰਨਰ ਨੂੰ ਬੀਤੇ ਦਿਨੀਂ ਪੰਜ ਤੱਤਾਂ 'ਚ ਵਿਲੀਨ ਕੀਤਾ ਗਿਆ। ਉਨ੍ਹਾਂ ਦੇ ਅਦਾਕਾਰ ਪੁੱਤਰ ਅੰਗਦ ਬੇਦੀ ਅਤੇ ਨੂੰਹ ਨੇਹਾ ਧੂਪੀਆ ਨੇ ਰੋਂਦਿਆਂ ਅੰਤਿਮ ਰਸਮਾਂ ਨਿਭਾਈਆਂ। ਇਸ ਮੌਕੇ ਕ੍ਰਿਕਟ ਜਗਤ ਦੇ ਦਿੱਗਜ਼ਾਂ ਅਤੇ ਰਿਸ਼ਤੇਦਾਰਾਂ ਪਹੁੰਚੇ ਸਨ, ਜਿਨ੍ਹਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਕਪਿਲ ਦੇਵ ਨੇ ਆਖੀ ਵੱਡੀ ਗੱਲ
ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ 'ਚ ਕੀਤਾ ਗਿਆ। ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਕਿਹਾ ਕਿ, ''ਅਸੀਂ ਸਾਰਿਆਂ ਨੇ ਕ੍ਰਿਕਟ ਖੇਡੀ ਹੈ ਅਤੇ ਅਸੀਂ ਸਾਰੇ ਇੱਕ ਦਿਨ ਛੱਡ ਦੇਵਾਂਗੇ ਪਰ ਬਹੁਤ ਸਾਰੇ ਲੋਕ ਇੱਕ ਕਿਰਦਾਰ ਲੈ ਕੇ ਆਉਂਦੇ ਹਨ, ਜਿਨ੍ਹਾਂ ਕੋਲ ਇੱਕ ਕਿਰਦਾਰ ਹੁੰਦਾ ਹੈ, ਉਹ ਸਫ਼ਲ ਬਣ ਜਾਂਦੇ ਹਨ। ਇਹ ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਨੁਕਸਾਨ ਹੈ ਪਰ ਇਸ ਤੋਂ ਵੀ ਵੱਧ ਉਹ ਇੱਕ ਮਹਾਨ ਇਨਸਾਨ ਸਨ। ਉਹ ਮੇਰਾ ਕਪਤਾਨ, ਮੇਰਾ ਸਲਾਹਕਾਰ, ਮੇਰਾ ਸਭ ਕੁਝ ਸੀ।''

ਕ੍ਰਿਕਟ ਜਗਤ ਦੇ ਦਿੱਗਜ਼ਾਂ ਨੇ ਪਹੁੰਚ ਦਿੱਤੀ ਸਰਧਾਂਜਲੀ
ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅੰਗਦ ਬੇਦੀ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਕਾਫ਼ੀ ਭਾਵੁਕ ਨਜ਼ਰ ਆਏ। ਇਸ ਦੌਰਾਨ ਅੰਗਦ ਬੇਦੀ ਦੇ ਨਾਲ ਉਨ੍ਹਾਂ ਦੀ ਪਤਨੀ ਨੇਹਾ ਧੂਪੀਆ ਵੀ ਅੰਤਿਮ ਸੰਸਕਾਰ ਦੀਆਂ ਕੁਝ ਰਸਮਾਂ ਨਿਭਾਉਂਦੀ ਹੋਈ ਨਜ਼ਰ ਆਈ। ਤਸਵੀਰਾਂ 'ਚ ਨੇਹਾ ਅਤੇ ਅੰਗਦ ਤੋਂ ਇਲਾਵਾ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਵੀ ਨਜ਼ਰ ਆ ਰਹੀ ਹੈ। ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਗ੍ਰਹਿ ਵਿਖੇ ਕਈ ਲੋਕ ਪਹੁੰਚੇ ਸਨ। ਰੋਹਨ ਜੇਤਲੀ, ਵਰਿੰਦਰ ਸਹਿਵਾਗ, ਜ਼ਹੀਰ ਖ਼ਾਨ, ਮੁਹੰਮਦ ਅਜ਼ਹਰੂਦੀਨ, ਕੀਰਤੀ ਆਜ਼ਾਦ, ਕਪਿਲ ਦੇਵ, ਸੰਸਦ ਮੈਂਬਰ ਰਮੇਸ਼ ਬਿਧੂੜੀ, ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ ਕਈ ਲੋਕ ਪਹੁੰਚੇ ਸਨ। ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ਕਾਰਨ ਨਾ ਸਿਰਫ਼ ਕ੍ਰਿਕਟ ਜਗਤ ਸਗੋਂ ਬਾਲੀਵੁੱਡ 'ਚ ਵੀ ਸੋਗ ਦੀ ਲਹਿਰ ਹੈ। ਇਸ ਦੁੱਖ ਦੀ ਘੜੀ 'ਚ ਕਈ ਕਲਾਕਾਰਾਂ ਅੰਗਦ ਬੇਦੀ ਅਤੇ ਨੇਹਾ ਧੂਪੀਆ ਨੂੰ ਦਿਲਾਸਾ ਦੇ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਅਨੁਪਮ ਖੇਰ ਅਤੇ ਅਮਿਤਾਭ ਬੱਚਨ ਵਰਗੀਆਂ ਫਿਲਮੀ ਹਸਤੀਆਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਨੇ ਵੀ ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦਿੱਤੀ ।

ਬਿਸ਼ਨ ਸਿੰਘ ਬੇਦੀ ਦੀਆਂ ਮਹਾਨ ਉਪਲਬਧੀਆਂ
ਦੱਸਣਯੋਗ ਹੈ ਕਿ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਨੇ 1967 ਅਤੇ 1979 ਦੇ ਵਿਚਕਾਰ ਭਾਰਤ ਲਈ 67 ਟੈਸਟ ਮੈਚ ਖੇਡ ਕੇ 266 ਵਿਕਟਾਂ ਲਈਆਂ ਸਨ। ਉਨ੍ਹਾਂ ਨੇ 10 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ 'ਚ 7 ਵਿਕਟਾਂ ਹਾਸਲ ਕੀਤੀਆਂ ਸਨ। ਬਿਸ਼ਨ ਸਿੰਘ ਬੇਦੀ ਆਪਣੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਲਈ ਜਾਣੇ ਜਾਂਦੇ ਸਨ। ਉਨ੍ਹਾਂ 22 ਟੈਸਟ ਮੈਚਾਂ 'ਚ ਭਾਰਤ ਦੀ ਕਪਤਾਨੀ ਵੀ ਕੀਤੀ।

ਬਿਸ਼ਨ ਬੇਦੀ 1966 ਤੋਂ 1979 ਤੱਕ ਭਾਰਤ ਲਈ ਖੇਡੇ ਸਨ। ਉਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਿਸ਼ਨ ਸਿੰਘ ਬੇਦੀ 60 ਅਤੇ 70 ਦੇ ਦਹਾਕੇ ਦੇ ਮਸ਼ਹੂਰ ਭਾਰਤੀ ਸਪਿਨ ਗੇਂਦਬਾਜ਼ਾਂ 'ਚੋਂ ਇੱਕ ਸਨ, ਜਿਨ੍ਹਾਂ ਨੇ ਦੁਨੀਆ ਭਰ ਦੇ ਬੱਲੇਬਾਜ਼ਾਂ 'ਚ ਖੌਫ ਪੈਦਾ ਕਰ ਦਿੱਤਾ ਸੀ।

sunita

This news is Content Editor sunita