ਕਪਿਲ ਦੇਵ ਲੈ ਕੇ ਆ ਰਹੇ ਹਨ ਗੋਲਫ ਲੀਗ, ਸੈਲਿਬ੍ਰਿਟੀ ਗੋਲਫਰ ਵੀ ਲੈਣਗੇ ਹਿੱਸਾ, ਇਸ ਤਾਰੀਖ ਤੋਂ ਹੋਵੇਗੀ ਸ਼ੁਰੂ

09/19/2022 9:36:17 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਕਪਿਲ ਦੇਵ ਨੇ ਸੋਮਵਾਰ ਨੂੰ ਗ੍ਰਾਂਟ ਥਾਰਨਟਨ ਇੰਡੀਆ ਅਤੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ. ਜੀ. ਟੀ. ਆਈ.) ਦੇ ਸਹਿਯੋਗ ਨਾਲ 'ਕਪਿਲ ਦੇਵ-ਗ੍ਰਾਂਟ ਥਾਰਨਟਨ ਇਨਵੀਟੇਸ਼ਨਲ' ਟੂਰਨਾਮੈਂਟ ਦੇ ਆਯੋਜਨ ਦਾ ਐਲਾਨ ਕੀਤਾ, ਜਿਸ 'ਚ ਪੇਸ਼ੇਵਰ ਗੋਲਫਰਾਂ, ਸ਼ੌਕੀਨ ਗੋਲਫਰਾਂ, ਕਾਰਪੋਰੇਟ ਅਤੇ ,ਸੈਲੀਬ੍ਰਿਟੀ ਗੋਲਫਰ ਵੀ ਹਿੱਸਾ ਲੈਣਗੇ। ਕਪਿਲ ਦੇਵ ਨੇ ਕਿਹਾ ਕਿ ਮੈਂ ਇਸ ਟੂਰਨਾਮੈਂਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਭਾਰਤ ਦੇ ਗੋਲਫ ਇਤਿਹਾਸ ਵਿੱਚ ਇੱਕ ਇਤਿਹਾਸਕ ਘਟਨਾ ਦੀ ਸ਼ੁਰੂਆਤ ਕਰਨ ਲਈ ਗ੍ਰਾਂਟ ਥਾਰਨਟਨ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.), ਖਾਸ ਤੌਰ 'ਤੇ ਚੰਡੀਓਕ ਦਾ ਧੰਨਵਾਦ ਕਰਨਾ ਚਾਹਾਂਗਾ।

ਉਨ੍ਹਾਂ ਨੇ ਦੱਸਿਆ ਕਿ 27-30 ਸਤੰਬਰ 2022 ਤੱਕ ਹੋਣ ਵਾਲਾ ਟੂਰਨਾਮੈਂਟ ਡੀ. ਐਲ. ਐਫ. ਗੋਲਫ ਐਂਡ ਕੰਟਰੀ ਕਲੱਬ, ਗੁਰੂਗ੍ਰਾਮ ਦੇ ਗੈਰੀ ਪਲੇਅਰ ਕੋਰਸ ਵਿੱਚ ਖੇਡਿਆ ਜਾਣ ਵਾਲਾ ਪਹਿਲਾ ਫੁੱਲ ਫੀਲਡ ਪੀ. ਜੀ. ਟੀ. ਆਈ. ਈਵੈਂਟ ਹੋਵੇਗਾ। ਇੱਕ ਕਰੋੜ ਰੁਪਏ ਦੀ ਕੁੱਲ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿੱਚ 126 ਪੇਸ਼ੇਵਰ ਖਿਡਾਰੀ ਹਿੱਸਾ ਲੈਣਗੇ। ਗ੍ਰਾਂਟ ਥਾਰਨਟਨ ਇੰਡੀਆ ਦੇ ਸੀ. ਈ. ਓ. ਵਿਸ਼ੇਸ਼ ਚੰਡੀਓਕ ਨੇ ਕਿਹਾ, “ਅਸੀਂ ਗੋਲਫ ਨੂੰ ਹਰਮਨਪਿਆਰਾ, ਸਮਾਵੇਸ਼ੀ ਅਤੇ ਸਾਰਿਆਂ ਦੀ ਪਹੁੰਚ ਲਈ ਆਸਾਨ ਬਣਾਉਣਾ ਚਾਹੁੰਦੇ ਹਾਂ। ਇਸ ਟੂਰਨਾਮੈਂਟ ਦੀ ਨੁਮਾਇੰਦਗੀ ਕਰਨ ਅਤੇ ਪੇਸ਼ੇਵਰ ਅਤੇ ਸ਼ੌਕੀਨ ਖਿਡਾਰੀਆਂ ਦੋਵਾਂ ਲਈ ਇੱਕ ਸਮਾਵੇਸ਼ੀ ਪਲੇਟਫਾਰਮ ਬਣਾਉਣ ਲਈ ਕਪਿਲ ਦੇਵ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ ਸੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸ਼੍ਰੇਸ਼ਠ ਰਾਸ਼ਟਰੀ ਗੋਲਫ ਆਯੋਜਨ ਰਾਹੀਂ ਹੋਰ ਲੋਕ ਗੋਲਫ ਨੂੰ ਖੇਡਣ ਲਈ ਆਕਰਸ਼ਿਤ ਹੋਣਗੇ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ

ਸ਼ੁਰੂਆਤੀ 126 ਖਿਡਾਰੀਆਂ ਵਿੱਚੋਂ ਚੋਟੀ ਦੇ 50 ਖਿਡਾਰੀ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨਗੇ। ਤੀਜੇ ਅਤੇ ਚੌਥੇ ਦੌਰ ਵਿੱਚ ਸ਼ੌਕੀਨ ਅਤੇ ਪੇਸ਼ੇਵਰ ਖਿਡਾਰੀ ਇੱਕ ਟੀਮ ਵਜੋਂ ਖੇਡਣਗੇ ਅਤੇ ਟੀਮ ਇਨਾਮ ਲਈ ਮੁਕਾਬਲਾ ਕਰਨਗੇ। ਇਸ ਈਵੈਂਟ ਤੋਂ ਹਾਸਲ ਕੀਤੇ ਅੰਕ ਖਿਡਾਰੀਆਂ ਦੀ ਪੀ. ਜੀ. ਟੀ. ਆਈ. ਰੈਂਕਿੰਗ ਨੂੰ ਵੀ ਪ੍ਰਭਾਵਿਤ ਕਰਨਗੇ।

ਪੀ. ਜੀ. ਟੀ. ਆਈ. ਦੇ ਸੀ. ਈ. ਓ. ਉੱਤਮ ਸਿੰਘ ਮੁੰਡੀ ਨੇ ਕਿਹਾ, “ਅਸੀਂ ਕਪਿਲ ਦੇਵ ਗ੍ਰਾਂਟ ਥਾਰਨਟਨ ਇਨਵੀਟੇਸ਼ਨਲ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਹਾਂ। ਅਸੀਂ ਭਾਰਤ ਵਿੱਚ ਗੋਲਫ ਨੂੰ ਉਤਸ਼ਾਹਿਤ ਕਰਨ ਲਈ ਕਪਿਲ ਦੇਵ, ਗ੍ਰਾਂਟ ਥੋਰਨਟਨ ਇੰਡੀਆ ਅਤੇ ਹੋਰ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ। ਮੁੰਡੀ ਨੇ ਮੁਕਾਬਲੇ ਦੇ ਵਿਲੱਖਣ ਫਾਰਮੈਟ ਬਾਰੇ ਕਿਹਾ ਕਿ ਇਸ ਟੂਰਨਾਮੈਂਟ ਦਾ ਅਨੋਖਾ ਫਾਰਮੈਟ ਬਹੁਤ ਆਕਰਸ਼ਕ ਹੈ। ਇਹ ਸ਼ੌਕੀਨ ਖਿਡਾਰੀਆਂ ਲਈ ਪੇਸ਼ੇਵਰ ਖਿਡਾਰੀਆਂ ਦੇ ਨਾਲ ਖੇਡਣ ਅਤੇ ਟੀਮ ਭਾਵਨਾ ਦਾ ਅਨੁਭਵ ਕਰਨ ਦਾ ਸ਼ਾਨਦਾਰ ਮੌਕਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh