ਘਰ ਵਾਲਿਆਂ ਦੀ ਮਰਜ਼ੀ ਖਿਲਾਫ ਕਰਦੀ ਸੀ ਕ੍ਰਿਕਟ ਪ੍ਰੈਕਟਿਸ, ਹੁਣ ਚੈਲੰਜਰਜ਼ ਕੱਪ ''ਚ ਖੇਡੇਗੀ ਕਨਿਕਾ ਆਹੂਜਾ

12/12/2019 3:47:02 AM

ਪਟਿਆਲਾ (ਪ੍ਰਤਿਭਾ)- ਘਰ ਵਾਲਿਆਂ ਨੂੰ ਸਕੇਟਿੰਗ ਪਸੰਦ ਸੀ ਅਤੇ ਕਨਿਕਾ ਆਹੂਜਾ ਨੇ ਕ੍ਰਿਕਟ ਸਮੇਤ ਦੋਵਾਂ ਹੀ ਖੇਡਾਂ ਲਈ ਮਿਹਨਤ ਕੀਤੀ। ਸਕੇਟਿੰਗ ਵਿਚ ਨੈਸ਼ਨਲ ਰੋਲਡ ਸਕੇਟਿੰਗ ਪ੍ਰਤੀਯੋਗਤਾ ਵਿਚ ਖੇਡ ਕੇ ਮਾਤਾ-ਪਿਤਾ ਨੂੰ ਖੁਸ਼ ਕੀਤਾ ਅਤੇ ਕ੍ਰਿਕਟ ਵਿਚ ਖੁਦ ਨੂੰ ਸਾਬਤ ਕਰਦੇ ਹੋਏ ਹੁਣ ਪੁਡੂਚੇਰੀ ਵਿਚ ਹੋਣ ਵਾਲੇ ਚੈਲੰਜਰਜ਼ ਕੱਪ ਟੀ-20 ਵਿਚ ਹੱਥ ਅਜ਼ਮਾਏਗੀ। ਸ਼ਾਹੀ ਸ਼ਹਿਰ ਦੀ ਕਨਿਕਾ ਆਹੂਜਾ ਦੇ ਖੇਡ ਕਰੀਅਰ ਦੀ ਕਹਾਣੀ ਵੀ ਦਿਲਚਸਪ ਹੈ। ਸੱਜੇ ਹੱਥ ਦੀ ਇਸ ਆਲਰਾਊਂਡਰ ਬੱਲੇਬਾਜ਼ ਨੇ 12 ਸਾਲ ਦੀ ਉਮਰ ਵਿਚ ਬੱਲਾ ਫੜਿਆ। ਖੱਬੇ ਹੱਥ ਦੀ ਆਫ ਸਪਿਨਰ ਗੇਂਦਬਾਜ਼ ਅਤੇ ਪੰਜਾਬ ਅੰਡਰ-19 ਟੀਮ ਦੀ ਕਪਤਾਨ ਕਨਿਕਾ ਕੋਲ ਸਿਰਫ ਸ਼ਾਮ ਦਾ ਸਮਾਂ ਹੁੰਦਾ ਸੀ ਕਿ ਉਹ ਕ੍ਰਿਕਟ ਦੀ ਪ੍ਰੈਕਟਿਸ ਕਰ ਸਕੇ ਕਿਉਂਕਿ ਸਵੇਰੇ ਉਹ ਸਕੇਟਿੰਗ ਕਰਦੀ ਸੀ। ਲਗਭਗ 5 ਸਾਲ ਵਿਚ ਹੀ ਉਸ ਨੇ ਕ੍ਰਿਕਟ ਦੀ ਦੁਨੀਆ ਵਿਚ  ਨਾਂ ਕਮਾ ਲਿਆ। ਪੰਜਾਬ ਤੋਂ ਉਹ ਇਕਲੌਤੀ ਕ੍ਰਿਕਟਰ ਹੈ, ਜੋ ਕਿ ਚੈਲੰਜਰਜ਼ ਕੱਪ ਲਈ ਚੁਣੀ ਗਈ।
ਰੋਲਰ ਸਕੇਟਿੰਗ 'ਚ ਕਰੀਅਰ ਦਾ ਬਦਲ ਨਹੀਂ ਸੀ
ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿਚ 12ਵੀਂ ਕਲਾਸ ਵਿਚ ਪੜ੍ਹ ਰਹੀ ਕਨਿਕਾ ਨੂੰ ਸਕੇਟਿੰਗ ਵਿਚ ਉਸ ਦਾ ਕੋਚ ਵਿਨੋਦ ਕੁਮਾਰ ਲੈ ਕੇ ਆਇਆ। ਬਕੌਲ ਕਨਿਕਾ ਰੋਲਰ ਸਕੇਟਿੰਗ ਵਿਚ ਭਾਵੇਂ ਨੈਸ਼ਨਲ ਪੱਧਰ 'ਤੇ ਖੇਡ ਕੇ ਕਾਂਸੀ ਮੈਡਲ ਜਿੱਤ ਚੁੱਕੀ ਸੀ ਪਰ ਇਸ 'ਚ ਕਰੀਅਰ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਸੀ। ਉਥੇ ਕੁਝ ਸਾਲ ਪਹਿਲਾਂ ਤੱਕ ਪਟਿਆਲਾ 'ਚ ਲੜਕੀਆਂ ਲਈ ਕ੍ਰਿਕਟ ਵਿਚ ਕੋਈ ਸੁਵਿਧਾ ਹੀ ਨਹੀਂ ਸੀ। ਇਸ ਕਾਰਣ ਕ੍ਰਿਕਟ ਵਿਚ ਨਹੀਂ ਆ ਸਕੀ ਪਰ ਕੋਚ ਦੇ ਕਹਿਣ 'ਤੇ ਕ੍ਰਿਕਟ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਸੀ। ਸ਼ਾਮ ਨੂੰ ਪ੍ਰੈਕਟਿਸ ਕਰਦੀ ਸੀ। ਇਸ ਦਾ ਫਾਇਦਾ ਮਿਲਿਆ ਕਿ ਕ੍ਰਿਕਟ ਵਿਚ ਕਰੀਅਰ ਵਧੀਆ ਹੋ ਗਿਆ ਅਤੇ ਹੁਣ ਉਸਦਾ ਭਾਰਤੀ ਟੀਮ ਲਈ ਖੇਡਣਾ ਹੀ ਸੁਪਨਾ ਹੈ। ਇਸ ਸਮੇਂ ਕਨਿਕਾ ਕੋਚ ਕਮਲਪ੍ਰੀਤ ਸੰਧੂ ਕੋਲ ਪ੍ਰੈਕਟਿਸ ਕਰ ਰਹੀ ਹੈ। ਉਸੇ ਗਰਾਊਂਡ ਵਿਚ ਹੀ ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਕੌਰ ਵੀ ਪ੍ਰੈਕਟਿਸ ਕਰਦੀ ਹੈ। ਉਹ ਹਰਮਨਪ੍ਰੀਤ ਤੋਂ ਕ੍ਰਿਕਟ ਦੇ ਟਿਪਸ ਲੈਂਦੀ ਰਹਿੰਦੀ ਹੈ।
ਟੀ-20 ਕ੍ਰਿਕਟ ਟੂਰਨਾਮੈਂਟ 'ਚ ਕਨਿਕਾ ਦਾ ਰਿਹਾ ਵਧੀਆ ਪ੍ਰਦਰਸ਼ਨ
ਹਾਲ ਹੀ ਵਿਚ ਵੱਖ-ਵੱਖ ਰਾਜਾਂ 'ਚ ਖੇਡੇ ਗਏ ਟੀ-20 ਕ੍ਰਿਕਟ ਟੂਰਨਾਮੈਂਟ ਅੰਡਰ 23 ਵਿਚ ਕਨਿਕਾ ਨੇ ਮਜ਼ਬੂਤ ਟੀਮ ਰੇਲਵੇ ਖਿਲਾਫ ਅਜੇਤੂ 63 ਦੌੜਾਂ ਬਣਾਈਆਂ। ਇਸ ਟੂਰਨਾਮੈਂਟ ਦੇ 6 ਮੈਚ ਕਨਿਕਾ ਨੇ ਖੇਡੇ ਅਤੇ ਇਸ ਵਿਚ ਤਿੰਨ ਅਰਧ ਸੈਂਕੜੇ ਲਾਏ। ਨਾਲ ਹੀ 6 ਵਿਕਟਾਂ ਵੀ ਹਾਸਲ ਕੀਤੀਆਂ। ਉਸ ਦੇ ਇਸ ਪ੍ਰਦਰਸ਼ਨ ਨਾਲ ਹੀ ਉਸ ਦੀ ਚੋਣ ਚੈਲੰਜਰਜ਼ ਕੱਪ ਲਈ ਹੋਈ ਹੈ। ਇਸ ਸੀਰੀਜ਼ 'ਚ ਜੇਕਰ ਕਨਿਕਾ ਵਧੀਆ ਪ੍ਰਦਰਸ਼ਨ ਕਰਦੀ ਹੈ ਤਾਂ ਫਿਰ ਉਸ ਨੂੰ ਭਾਰਤੀ ਮਹਿਲਾ ਟੀਮ ਵਿਚ ਜਗ੍ਹਾ ਬਣਾਉਣ ਦਾ ਮੌਕਾ ਵੀ ਮਿਲ ਜਾਵੇਗਾ। ਚੈਲੰਜਰਜ਼ ਕੱਪ ਲਈ 3 ਟੀਮਾਂ ਏ, ਬੀ ਅਤੇ ਸੀ ਬਣਾਈਆਂ ਗਈਆਂ ਹਨ। ਇਨ੍ਹਾਂ ਦੇ ਆਪਸੀ ਮੁਕਾਬਲੇ ਤੋਂ ਬਾਅਦ ਦੋ ਟੀਮਾਂ ਬਣਾਈਆਂ ਜਾਣਗੀਆਂ ਅਤੇ ਫਿਰ ਇਨ੍ਹਾਂ ਟੀਮਾਂ ਨੂੰ ਵਿਦੇਸ਼ੀ ਟੂਰ 'ਤੇ ਮੁਕਾਬਲੇ ਲਈ ਭੇਜਿਆ ਜਾਵੇਗਾ। ਇਸ ਨਾਲ ਕ੍ਰਿਕਟਰਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ।

Gurdeep Singh

This news is Content Editor Gurdeep Singh