CWC 2019 : ਖਿਤਾਬ ਦੇ ਦਾਅਵੇਦਾਰਾਂ ''ਚ ਅੱਗੇ ਨਿਕਲੇ ਕੰਗਾਰੂ

05/28/2019 6:51:17 PM

ਨਵੀਂ ਦਿੱਲੀ— 5 ਵਾਰ ਦੀ ਜੇਤੂ ਤੇ ਸਾਬਕਾ ਚੈਂਪੀਅਨ ਆਸਟਰੇਲੀਆ ਟੀਮ ਵਿਸ਼ਵਕੱਪ ਤੋਂ ਪਹਿਲਾਂ ਦੇ ਦੋ ਅਭਿਆਸ ਮੈਚਾਂ ਵਿਚ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਖਿਤਾਬ ਦੇ ਦਾਅਵੇਦਾਰਾਂ ਵਿਚ ਸਭ ਤੋਂ ਅੱਗੇ ਨਿਕਲ ਗਈ।  ਹਾਲਾਂਕਿ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਆਖਰੀ-11 ਨੂੰ ਲੈ ਕੇ ਫੈਸਲੇ ਕਰਨੇ ਪੈਣਗੇ। ਆਸਟਰੇਲੀਆ ਨੇ ਪਹਿਲੇ ਅਭਿਆਸ ਮੈਚ ਵਿਚ ਮੇਜਬਾਨ ਤੇ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਨੂੰ ਹਰਾਇਆ ਤੇ ਫਿਰ ਦੂਜੇ ਅਭਿਆਸ ਮੈਚ ਵਿਚ ਸ਼੍ਰੀਲੰਕਾ ਨੂੰ ਹਰਾ ਦਿੱਤਾ। ਵਿਸ਼ਵ ਕੱਪ ਵਿਚ ਉਤਰਨ ਤੋਂ ਪਹਿਲਾਂ ਆਸਟਰੇਲੀਆ ਨੇ ਭਾਰਤ ਵਿਚ ਵਨ ਡੇ ਸੀਰੀਜ਼ 3-2 ਨਾਲ ਤੇ ਪਾਕਿਸਤਾਨ ਤੋਂ ਵਨ ਡੇ ਸੀਰੀਜ਼ 5-0 ਨਾਲ ਜਿੱਤੀ ਸੀ।

ਆਸਟਰੇਲੀਆ ਦੇ ਪਿਛਲੇ ਤਿੰਨ ਮਹੀਨਿਆਂ ਦੇ ਪ੍ਰਦਰਸਨ ਨੇ ਉਸ ਨੂੰ ਖਿਤਾਬ ਦੇ ਦਾਅਵੇਦਾਰਾਂ ਵਿਚ ਇੰਗਲੈਂਡ ਤੇ ਭਾਰਤ ਤੋਂ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਤਿੰਨ ਮਹੀਨੇ ਪਹਿਲਾਂ ਤਕ ਕੋਈ ਵੀ ਆਸਟਰੇਲੀਆਈ ਟੀਮ ਨੂੰ ਖਿਤਾਬ ਦਾ ਦਾਅਵੇਦਾਰ ਨਹੀ ਮੰਨ ਰਿਹਾ ਸੀ। ਭਾਰਤ ਨੇ ਆਸਟਰੇਲੀਆ ਦੌਰੇ ਵਿਚ ਟੈਸਟ ਤੇ ਵਨ ਡੇ ਸੀਰੀਜ਼ ਜਿੱਤੀ ਸੀ, ਜਿਸ ਤੋਂ ਬਾਅਦ ਆਸਟਰੇਲੀਆਈ ਟੀਮ 'ਤੇ ਸਵਾਲ ਉਠਾਏ ਜਾ ਰਹੇ ਸਨ ਪਰ ਬਾਲ ਟੈਂਪਰਿੰਗ ਦੀ ਪਾਬੰਦੀ ਤੋਂ ਬਾਹਰ ਨਿਕਲਣ ਤੋਂ ਬਾਅਦ ਸਟੀਵ ਸਮਿਥ  ਤੇ ਡੇਵਿਡ ਵਾਰਨਰ ਦੀ ਵਾਪਸੀ ਨੇ ਟੀਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।

ਵਿਸ਼ਵ ਕੱਪ ਦੇ ਇਤਿਹਾਸ ਵਿਚ ਆਸਟਰੇਲੀਆ ਸਭ ਤੋਂ ਸਪਲ ਟੀਮ ਹੈ। ਉਸ ਨੇ 1987, 1999, 2003, 2007 ਤੇ 2015 ਵਿਚ ਵਿਸ਼ਵ ਕੱਪ ਖਿਤਾਬ ਜਿੱਤਿਆ। ਆਸਟਰੇਲੀਆ ਨੇ ਪਿਚਲੇ ਵਿਸ਼ਵ ਕੱਪ ਵਿਚ ਮੇਜ਼ਬਾਨੀ ਕੀਤੀ ਸੀ ਤੇ ਮਾਈਕਲ ਕਲਾਰਕ ਦੀ ਕਪਤਾਨੀ ਵਿਚ ਸਾਂਝੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਪਿਛਲੇ ਇਖ ਸਾਲ ਵਿਚ ਆਸਟਰੇਲੀਆ ਦੇ ਪ੍ਰਦਰਸਨ ਵਿਚ ਗਿਰਾਵਟ ਆਈ ਸੀ ਅਤੇ ਸਮਿਥ ਤੇ ਵਾਰਨਰ 'ਤੇ ਲੱਗੀ ਪਾਬੰਦੀ ਨਾਲ ਉਸਦੀ ਬੱਲੇਬਾਜ਼ੀ ਕਮਜ਼ੋਰ ਹੋਈ ਸੀ। 

ਭਾਰਤ ਵਿਚ ਹੋਏ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਨੇ ਸਮਿਥ ਤੇ ਵਾਰਨਰ ਨੂੰ ਜਿਵੇਂ ਨਵਾਂ ਜੀਵਨਦਾਨ ਦਿੱਤਾ। ਦੋਵਾਂ ਨੂੰ ਇਸ ਟੂਰਨਾਮੈਂਟ ਤੋਂ ਬੱਲੇਬਾਜ਼ੀ ਦਾ ਵਧਿਆ ਅਭਿਆਸ ਮਿਲਿਆ। ਵਾਰਨਰ ਨੇ ਤਾਂ ਟੂਰਨਾਮੈਂਟ ਵਿਚ ਸਭ ਤੋਂ ਵੱਧ 700 ਦੇ ਨੇੜੇ-ਤੇੜੇ ਦੌੜਾਂ ਬਣਾਈਆਂ ਜਦਕਿ ਸਮਿਥ ਨੇ ਵੀ ਕੁਝ ਚੰਗੀਆਂ ਪਾਰੀਆਂ ਖੇਡੀਆਂ। ਸਮਿਥ ਨੇ ਇੰਗਲੈਂਡ ਵਿਰੱਧ ਪਹਿਲੇ ਅਭਿਆਸ ਮੈਚ ਵਿਚ ਸ਼ਾਨਦਾਰ ਸੈਂਕੜਾ (116) ਬਣਾਇਆ ਸੀ। ਅਭਿਆਸ ਮੈਚਾਂ ਵਿਚ ਆਸਟਰੇਲੀਆ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਹੀ ਬਿਹਤਰ ਰਹੀ ਹੈ। ਆਸਟਰੇਲੀਆ ਨੂੰ ਵਿਸ਼ਵ ਕੱਪ ਵਿਚ ਆਪਣਾ ਪਹਿਲਾ ਮੁਕਾਬਲਾ ਅਫਗਾਨਿਸਤਾਨ ਨਾਲ 1 ਜੂਨ ਨੂੰ ਖੇਡਣਾ ਹੈ।