ਵਿਲੀਅਮਸਨ ਨੇ ਸ਼ਾਨਦਾਰ ਪਾਰੀ ਖੇਡੀ : ਡੁਪਲੇਸਿਸ

06/20/2019 1:06:02 PM

ਬਰਮਿੰਘਮ— ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਨਿਊਜ਼ੀਲੈਂਡ ਖਿਲਾਫ ਆਈ.ਸੀ.ਸੀ. ਵਰਲਡ ਕੱਪ ਮੁਕਾਬਲੇ ਨੂੰ ਗੁਆਉਣ ਦੇ ਬਾਅਦ ਬੁੱਧਵਾਰ ਨੂੰ ਇੱਥੇ ਕਿਹਾ ਕਿ ਕੇਨ ਵਿਲੀਅਮਸਨ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਦੋਹਾਂ ਟੀਮਾਂ 'ਚ ਵੱਡਾ ਫਰਕ ਪੈਦਾ ਕੀਤਾ ਹੈ। ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ ਦੇ ਅਨੁਸ਼ਾਸਤ ਪ੍ਰਦਰਸ਼ਨ ਦੇ ਬਾਅਦ ਕਪਤਾਨ ਵਿਲੀਅਮਸਨ ਦੇ ਅਜੇਤੂ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਅੰਤਿਮ ਚਾਰ ਦੇ ਦਰਵਾਜ਼ੇ ਉਸ ਦੇ ਲਈ ਲਗਭਗ ਬੰਦ ਕਰ ਦਿੱਤੇ। ਇਸ ਜਿੱਤ ਨਾਲ ਪਿਛਲੀ ਵਾਰ ਦੀ ਉਪ ਜੇਤੂ ਨਿਊਜ਼ੀਲੈਂਡ ਪੰਜ ਮੈਚਾਂ 'ਚ 9 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ ਹੈ ਜਦਕਿ ਦੱਖਣੀ ਅਫਰੀਕਾ 6 ਮੈਚਾਂ 'ਚ ਤਿੰਨ ਅੰਕ ਦੇ ਨਾਲ 10 ਟੀਮਾਂ 'ਚ ਅੱਠਵੇਂ ਸਥਾਨ 'ਤੇ ਹੈ। ਦੱਖਣੀ ਅਫਰੀਕਾ ਦੇ 6 ਵਿਕਟਾਂ 'ਤੇ 241 ਦੌੜਾਂ ਦੇ ਜਵਾਬ 'ਚ ਨਿਊਜ਼ੀਲੈਂਡ ਨੇ ਤਿੰਨ ਗੇਂਦ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ। 

ਔਖੀ ਪਿੱਚ 'ਤੇ ਵਿਲੀਅਮਸਨ ਕਪਤਾਨੀ ਪਾਰੀ ਖੇਡਦੇ ਹੋਏ 138 ਗੇਂਦਾਂ 'ਤੇ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 106 ਦੌੜਾਂ ਬਣਾ ਕੇ ਅਜੇਤੂ ਰਹੇ। ਮੈਚ ਤੋਂ ਬਾਅਦ ਡੁਪਲੇਸਿਸ ਨੇ ਕਿਹਾ, ''ਕੇਨ ਨੇ ਸ਼ਾਨਦਾਰ ਪਾਰੀ ਖੇਡੀ, ਤੁਹਾਨੂੰ ਵੀ ਪਤਾ ਹੈ। ਸ਼ਾਇਦ ਦੋਹਾਂ ਟੀਮਾਂ 'ਚ ਇਹੋ ਫਰਕ ਸੀ, ਸਿਰਫ ਇਕ ਖਿਡਾਰੀ ਨੇ ਲਗਭਗ ਪਾਰੀ ਦੀ ਸ਼ੁਰੂਆਤ ਤੋਂ ਅੰਤ ਤਕ ਬੱਲੇਬਾਜ਼ੀ ਕੀਤੀ।'' ਦੱਖਣੀ ਅਫਰੀਕਾ ਦੇ ਕਪਤਾਨ ਨੇ ਕਿਹਾ, ''ਤੁਹਾਨੂੰ ਕੋਈ ਅਜਿਹਾ ਖਿਡਾਰੀ ਚਾਹੀਦਾ ਹੁੰਦਾ ਹੈ ਪਰ ਸਾਡੀ ਟੀਮ 'ਚ ਇਹ ਕੋਈ ਨਾ ਕਰ ਸਕਿਆ।'' ਦੱਖਣੀ ਅਫਰੀਕਾ ਕੋਲ ਹਾਲਾਂਕਿ ਵਿਲੀਅਮਸਨ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਟੀਮ ਨੇ ਡੀ.ਆਰ.ਐੱਸ. ਨਹੀਂ ਲੈ ਕੇ ਉਸ ਨੂੰ ਗੁਆ ਦਿੱਤਾ। ਇਮਰਾਨ ਤਾਹਿਰ ਦੀ ਗੇਂਦ ਵਿਲੀਅਮਸਨ ਦੇ ਬੱਲੇ ਦਾ ਕਿਨਾਰਾ ਲੈਂਦੇ ਹੋਏ ਵਿਕਟਕੀਪਰ ਕਵਿੰਟਨ ਡਿ ਕਾਕ ਦੇ ਦਸਤਾਨੇ 'ਚ ਚਲੀ ਗਈ ਸੀ ਪਰ ਡੁਪਲੇਸਿਸ ਨੇ ਡੀ.ਆਰ.ਐੱਸ. ਨਹੀਂ ਲਿਆ।

Tarsem Singh

This news is Content Editor Tarsem Singh