Junior World C''ship:  ਨਿਸ਼ਾਨੇਬਾਜ਼ ਐਸ਼ਵਰਿਆ ਨੇ ਵਿਸ਼ਵ ਰਿਕਾਰਡ ਬਣਾ ਕੇ ਜਿੱਤਿਆ ਸੋਨ ਤਮਗ਼ਾ

10/06/2021 11:38:14 AM

ਸਪੋਰਟਸ ਡੈਸਕ- ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਮਰਦਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਦੇ ਫਾਈਨਲ ਵਿਚ ਵਿਸ਼ਵ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ। ਤੋਮਰ ਨੇ ਸੋਮਵਾਰ ਨੂੰ ਕੁਆਲੀਫਿਕੇਸ਼ਨ ਵਿਚ 1185 ਦਾ ਸਕੋਰ ਬਣਾ ਕੇ ਜੂਨੀਅਰ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਨੌਜਵਾਨ ਖਿਡਾਰੀ ਨੇ ਇਸ ਤੋਂ ਬਾਅਦ ਫਾਈਨਲ ਵਿਚ 463.4 ਅੰਕ ਬਣਾ ਕੇ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ।

ਉਹ ਫਰਾਂਸ ਦੇ ਲੁਕਾਸ ਕ੍ਰਾਈਜਸ ਤੋਂ ਲਗਭਗ ਸੱਤ ਅੰਕ ਅੱਗੇ ਰਹੇ ਜਿਨ੍ਹਾਂ ਨੇ 456.5 ਅੰਕ ਬਣਾ ਕੇ ਸਿਲਵਰ ਮੈਡਲ ਜਿੱਤਿਆ। ਅਮਰੀਕਾ ਦੇ ਗੇਵਿਨ ਬਾਰਨਿਕ ਨੇ 446.6 ਅੰਕ ਹਾਸਲ ਕਰ ਕੇ ਕਾਂਸੇ ਦਾ ਮੈਡਲ ਜਿੱਤਿਆ। ਭਾਰਤ ਦੇ ਹੋਰ ਨਿਸ਼ਾਨੇਬਾਜ਼ਾਂ ਵਿਚ ਸੰਸਕਾਰ ਹਵੇਲੀਆ 1160 ਦੇ ਸਕੋਰ ਨਾਲ 11ਵੇਂ, ਪੰਕਜ ਮੁਖੇਜਾ 1157 ਨਾਲ 15ਵੇਂ, ਸਰਤਾਜ ਟਿਵਾਣਾ 1157 ਨਾਲ 16ਵੇਂ ਤੇ ਗੁਰਮਨ ਸਿੰਘ 1153 ਦੇ ਸਕੋਰ ਨਾਲ 22ਵੇਂ ਸਥਾਨ 'ਤੇ ਰਹੇ। ਇਸ ਚੈਂਪੀਅਨਸ਼ਿਪ ਵਿਚ ਹੁਣ ਭਾਰਤ ਅੱਠ ਗੋਲਡ, ਛੇ ਸਿਲਵਰ ਤੇ ਤਿੰਨ ਕਾਂਸੇ ਦੇ ਮੈਡਲਾਂ ਨਾਲ ਕੁੱਲ 17 ਮੈਡਲ ਹਾਸਲ ਕਰ ਕੇ ਸੂਚੀ ਵਿਚ ਚੋਟੀ 'ਤੇ ਚੱਲ ਰਿਹਾ ਹੈ। ਇਹ ਟੋਕੀਓ ਓਲੰਪਿਕ ਤੋਂ ਬਾਅਦ ਪਹਿਲੀ ਅਜਿਹੀ ਚੈਂਪੀਅਨਸ਼ਿਪ ਹੈ ਜਿਸ ਵਿਚ ਕਈ ਮੁਕਾਬਲੇ ਸ਼ਾਮਲ ਹਨ। ਚੈਂਪੀਅਨਸ਼ਿਪ ਵਿਚ 32 ਦੇਸ਼ਾਂ ਦੇ ਲਗਭਗ 370 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ।

Tarsem Singh

This news is Content Editor Tarsem Singh