ਭਾਰਤੀ ਜੂਨੀਅਰ ਨਿਸ਼ਾਨੇਬਾਜ਼ਾਂ ਨੇ 11 ਤਮਗੇ ਕੀਤੇ ਆਪਣੇ ਨਾਂ

05/29/2017 7:51:27 PM

ਨਵੀਂ ਦਿੱਲੀ—ਭਾਰਤ ਦੇ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਚੇਕ ਗਣਰਾਜ ਦੇ ਪਲਾਜੇਨ 'ਚ ਹਾਲ ਹੀ 'ਚ ਖਤਮ ਹੋਈ ਨੌਜਵਾਨ ਨਿਸ਼ਾਨੇਬਾਜ਼ਾਂ ਦੇ ਮਸ਼ਹੂਰ ਅੰਤਰਾਸ਼ਟਰੀ ਮੁਕਾਬਲੇ 'ਚ 'ਮੀਟਿੰਗ ਆਫ ਸ਼ੂਟਿੰਗ ਹੋਪਸ' 'ਚ 11 ਤਮਗੇ ਜਿੱਤੇ। ਭਾਰਤ ਨੇ ਇਸ 4 ਰੋਜ਼ਾ ਮੁਕਾਬਲੇ 'ਚ 3 ਸੋਨੇ, 4 ਚਾਂਦੀ ਅਤੇ 4 ਕਾਂਸੀ ਤਮਗੇ ਜਿੱਤੇ। ਇਸ ਮੁਕਾਬਲੇ 'ਚ 23 ਦੇਸ਼ਾਂ ਦੇ ਕੁੱਲ 459 ਨਿਸ਼ਾਨੇਬਾਜ਼ਾਂ ਨੇ 14 ਰਾਈਫਲ ਅਤੇ ਪਿਸਟਲ ਮੁਕਾਬਲਿਆਂ 'ਚ ਆਪਣੀ ਕਿਸਮਤ ਅਜਮਾਈ ਸੀ। 
ਹਾਲ ਹੀ 'ਚ ਯੂਨਿਖ 'ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ 'ਚ ਭਾਗ ਲੈਣ ਵਾਲਾ ਅਨਮੋਲ ਜੈਨ ਸਭ ਤੋਂ ਸਫਲ ਭਾਰਤੀ ਰਿਹਾ। ਉਸ ਨੇ ਜੂਨੀਅਰ ਪੁਰਸ਼ ਵਰਗ ਦੀ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ 'ਚ ਕ੍ਰਮਵਾਰ ਸੋਨੇ ਅਤੇ ਚਾਂਦੀ ਤਮਗੇ ਜਿੱਤੇ। ਇਨ੍ਹਾਂ ਤੋਂ ਇਲਾਵਾ ਉਸ ਨੇ 50 ਮੀਟਰ ਪਿਸਟਲ 'ਚ ਵਿਅਕਤੀਗਤ ਚਾਂਦੀ ਤਮਗਾ ਵੀ ਹਾਸਲ ਕੀਤਾ। ਇਕ ਹੋਰ ਭਾਰਤੀ ਅਰਜੂਨ ਬਾਬੁਤਾ ਨੇ ਜੂਨੀਅਰ ਪੁਰਸ਼ 10 ਮੀਟਰ ਏਅਰ ਰਾਈਫਲ 'ਚ ਚਾਂਦੀ ਤਮਗਾ ਹਾਸਲ ਕੀਤਾ। ਉਹ ਫਾਈਨਲ 'ਚ ਰੂਸ ਦੇ ਇਵਗੇਨੀ ਇਸ਼ਚੇਂਕੋ ਨਾਲ ਕੇਵਲ ਅੱਧੇ ਅੰਕ ਤੋਂ ਹਾਰ ਗਿਆ ਸੀ। ਸੌਰਵ ਚੌਧਰੀ ਨੇ ਜੂਨੀਅਰ ਪੁਰਸ਼ 10 ਮੀਟਰ ਏਅਰ ਪਿਸਟਲ ਅਤੇ ਅਨੀਸ ਨੇ ਜੂਨੀਅਰ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ 'ਚ ਚੰਗਾ ਪ੍ਰਦਰਸ਼ਨ ਕੀਤਾ। ਇਨ੍ਹਾਂ ਦੋਵਾਂ ਨੇ ਵਿਅਕਤੀਗਤ ਕਾਂਸੀ ਤਮਗੇ ਜਿੱਤੇ।