ਇੰਗਲੈਂਡ ਦੇ ਬੱਲੇਬਾਜ਼ ਨੇ ਟੀ-10 ਲੀਗ 'ਚ ਬਣਾਇਆ ਰਿਕਾਰਡ, ਲਾਏ 6 ਚੌਕੇ, 8 ਛੱਕੇ

Saturday, Dec 01, 2018 - 05:00 PM (IST)

ਸ਼ਾਰਜਾਹ— ਯੂ.ਏ.ਈ. 'ਚ ਚਲ ਰਹੀ ਟੀ-10 ਕ੍ਰਿਕਟ ਲੀਗ 'ਚ ਇੰਗਲੈਂਡ ਦੇ ਧਾਕੜ ਬੱਲੇਬਾਜ਼ ਅਤੇ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਵਾਲੇ ਜਾਨੀ ਬੇਅਰਸਟਾਅ ਦਾ ਕਹਿਰ ਦੇਖਣ ਨੂੰ ਮਿਲਿਆ। ਬੇਅਰਸਟਾਅ ਨੇ ਲੀਗ ਦੇ 22ਵੇਂ ਮੈਚ 'ਚ ਕੇਰਲਾ ਨਾਈਟਸ ਲਈ ਖੇਡਦੇ ਹੋਏ ਬੰਗਾਲ ਟਾਈਗਰਸ ਦੇ ਖਿਲਾਫ ਸਿਰਫ 24 ਗੇਂਦਾਂ 'ਚ 84 ਦੌੜਾਂ ਦੀ ਅਜੇਤੂ ਪਾਰੀ ਖੇਡੀ ਜੋ ਕਿ ਟੀ-10 ਕ੍ਰਿਕਟ ਲੀਗ ਦੀ ਅਜੇ ਤੱਕ ਦੀ ਸਭ ਤੋਂ ਵੱਡੀ ਪਾਰੀ ਸਾਬਤ ਹੋਈ।

ਖੂਬ ਲੱਗੇ ਚੌਕੇ-ਛੱਕੇ 
ਬੇਅਰਸਟਾਅ ਨੇ ਬੰਗਾਲ ਦੇ ਗੇਂਦਬਾਜ਼ਾਂ ਦਾ ਖੂਬ ਕੁੱਟਾਪਾ ਚਾੜ੍ਹਿਆ। ਉਨ੍ਹਾਂ ਨੇ 6 ਚੌਕੇ ਅਤੇ 8 ਛੱਕੇ ਦੀ ਮਦਦ ਨਾਲ 350 ਦੀ ਸਟ੍ਰਾਈਕ ਰੇਟ ਨਾਲ ਰਿਕਾਰਡ ਪਾਰੀ ਖੇਡੀ। ਇੰਨਾ ਹੀ ਨਹੀਂ ਬੇਅਰਸਟਾਅ ਨੇ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਨ ਦੇ ਬਾਵਜੂਦ ਆਪਣੀ ਟੀਮ ਨੂੰ ਕੁੱਲ 8.4 ਓਵਰ 'ਚ ਹੀ ਜਿੱਤ ਦਿਵਾ ਦਿੱਤੀ।

ਜਿੱਤ ਦੇ ਬਾਵਜੂਦ ਵੀ ਮਿਲੀ ਨਿਰਾਸ਼ਾ
ਕੇਰਲਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ। ਬੰਗਾਲ ਟਾਈਗਰਸ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਉਸ ਦੇ ਕੈਰੇਬੀਆਈ ਓਪਨਰ ਸੁਨੀਲ ਨਰੇਨ ਨੇ 25 ਗੇਂਦਾਂ 'ਤੇ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਦਕਿ ਰਦਰਫੋਰਡ ਨੇ 17 ਗੇਂਦਾਂ 'ਤੇ 39 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਪਾਰੀਆਂ ਦੇ ਦਮ 'ਤੇ ਬੰਗਾਲ ਟਾਈਗਰਸ ਨੇ 10 ਓਵਰਾਂ 'ਚ 5 ਵਿਕਟਾਂ ਗੁਆਉਂਦੇ ਹੋਏ 123 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ।

ਜਵਾਬ 'ਚ ਕ੍ਰਿਸ ਗੇਲ ਸਿਰਫ 19 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ, ਜਦਕਿ 4.1 ਓਵਰ 'ਚ 56 ਦੌੜਾਂ ਦੇ ਅੰਦਰ ਉਨ੍ਹਾਂ ਦੀ ਟੀਮ ਨੇ 3 ਵਿਕਟਾਂ ਗੁਆ ਦਿੱਤੀਆਂ। ਕਪਤਾਨ ਇਓਨ ਮਾਰਗਨ ਵੀ 0 'ਤੇ ਆਊਟ ਹੋ ਗਏ। ਹੁਣ ਸਾਰੀ ਜ਼ਿੰਮੇਵਾਰੀ ਜਾਨੀ ਬੇਅਰਸਟਾਅ ਦੇ ਉੱਪਰ ਸੀ ਅਤੇ ਬੇਅਰਸਟਾਅ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ 8 ਗੇਂਦਾਂ ਬਾਕੀ ਰਹਿੰਦੇ ਕੇਰਲਾ ਨਾਈਟਸ ਨੂੰ ਜਿੱਤ ਦਿਵਾ ਦਿੱਤੀ। ਮੰਦਭਾਗੀ ਗੱਲ ਇਹ ਰਹੀ ਕਿ ਇਸ ਸ਼ਾਨਦਾਰ ਜਿੱਤ ਦੇ ਬਾਵਜੂਦ ਕੇਰਲਾ ਨਾਈਟਸ ਟੀਮ ਅਗਲੇ ਰਾਊਂਡ (ਪਲੇਆਫ) 'ਚ ਜਗ੍ਹਾ ਨਹੀਂ ਬਣਾ ਸਕੀ।


Tarsem Singh

Content Editor

Related News