ਜੋਹਾਨਾ ਕੋਂਟਾ ਤੇ ਸ਼ਾਰਾਪੋਵਾ ਕੈਨੇਡਾ ਓਪਨ ''ਚੋਂ ਬਾਹਰ

08/07/2019 1:11:02 AM

ਟੋਰਾਂਟੋ— ਬਰਤਾਨਵੀ ਮਹਿਲਾ ਟੈਨਿਸ ਖਿਡਾਰਨ ਜੋਹਾਨਾ ਕੋਂਟਾ ਤੇ ਰੂਸੀ ਸਟਾਰ ਮਾਰੀਆ ਸ਼ਾਰਾਪੋਵਾ ਨੂੰ ਇੱਥੇ ਕੈਨੇਡਾ ਮਾਸਟਰਜ਼ 'ਚ ਆਪੋ-ਆਪਣੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਦੇ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।13ਵਾਂ ਦਰਜਾ ਕੋਂਟਾ ਨੂੰ ਯੂਕਰੇਨ ਦੀ ਡਾਇਨਾ ਯਾਸਟ੍ਰੇਮਸਕਾ ਹੱਥੋਂ ਸਿੱਧੇ ਸੈੱਟਾਂ 'ਚ 3-6, 2-6 ਨਾਲ ਮਾਤ ਮਿਲੀ। ਉਥੇ ਸ਼ਾਰਾਪੋਵਾ ਨੂੰ ਤਿੰਨ ਸੈੱਟਾਂ ਵਿਚ ਮਾਤ ਮਿਲੀ। ਸ਼ਾਰਾਪੋਵਾ ਨੂੰ ਏਸਟੋਨੀਆ ਦੀ ਏਨੇਟ ਕੋਂਟਾਵੇਟ ਨੇ 4-6, 6-3, 6-4 ਨਾਲ ਹਰਾਇਆ। ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸ਼ਾਰਾਪੋਵਾ ਨੇ ਇਸ ਟੂਰਨਾਮੈਂਟ 'ਚ ਵਾਈਲਡ ਕਾਰਡ ਰਾਹੀਂ ਪ੍ਰਵੇਸ਼ ਕੀਤਾ ਸੀ। ਸ਼ਾਰਾਪੋਵਾ ਸੱਟ ਕਾਰਨ ਇਸ ਸੈਸ਼ਨ ਵਿਚ ਜ਼ਿਆਦਾਤਰ ਟੂਰਨਾਮੈਂਟਾਂ 'ਚੋਂ ਬਾਹਰ ਰਹੀ ਸੀ। ਹਾਲਾਂਕਿ ਸ਼ਾਰਾਪੋਵਾ ਨੇ ਕੋਂਟਾਵੇਟ ਖ਼ਿਲਾਫ਼ ਪਹਿਲਾ ਸੈੱਟ 6-4 ਨਾਲ ਜਿੱਤਣ ਤੋਂ ਬਾਅਦ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਹ ਖਿਡਾਰਨ ਅਗਲੇ ਦੋਵਾਂ ਸੈੱਟਾਂ ਵਿਚ ਆਪਣੀ ਇਸ ਲੈਅ ਨੂੰ ਜਾਰੀ ਨਹੀਂ ਰੱਖ ਸਕੀ ਤੇ ਉਨ੍ਹਾਂ ਨੂੰ ਦੋ ਘੰਟੇ ਤੇ 41 ਮਿੰਟ ਤਕ ਚੱਲੇ ਮੈਚ ਵਿਚ ਮਾਤ ਦਾ ਸਾਹਮਣਾ ਕਰਨਾ ਪਿਆ। ਹੋਰ ਮਹਿਲਾ ਸਿੰਗਲਜ਼ ਦੇ ਮੁਕਾਬਲਿਆਂ ਵਿਚ ਰੂਸ ਦੀ ਡਾਰੀਆ ਕਸਾਤਕੀਨਾ ਨੇ ਪਹਿਲਾ ਸੈੱਟ ਇਕਤਰਫਾ ਅੰਦਾਜ਼ 'ਚ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ 12ਵਾਂ ਦਰਜਾ ਏਂਜੇਲਿਕ ਕਰਬਰ ਨੂੰ 0-6, 6-2, 6-4 ਨਾਲ ਹਰਾ ਦਿੱਤਾ ਜਦਕਿ ਲਾਤਵੀਆ ਦੀ ਜੇਲੇਨਾ ਓਸਤਾਪੇਂਕੋ ਨੇ 15ਵਾਂ ਦਰਜਾ ਕੈਰੋਲੀਨਾ ਗਾਰਸੀਆ ਨੂੰ 6-3, 6-3 ਨਾਲ ਹਰਾ ਦਿੱਤਾ। ਉਥੇ ਕੈਰੋਲੀਨਾ ਵੋਜਨਿਆਕੀ ਨੇ ਯੂਲੀਆ ਪੁਤਿੰਤਸੇਵਾ ਨੂੰ ਸਿੱਧੇ ਸੈੱਟਾਂ ਵਿਚ 6-4, 6-2 ਨਾਲ ਹਰਾ ਕੇ ਅਗਲੇ ਗੇੜ ਵਿਚ ਥਾਂ ਬਣਾਈ। ਰੂਸ ਦੀ ਅਨੇਸਤੇਸੀਆ ਪੋਤਾਪੋਵਾ ਨੂੰ ਸਵਿਟਜ਼ਰਲੈਂਡ ਦੀ 11ਵਾਂ ਦਰਜਾ ਬੇਲਿੰਡਾ ਬੇਂਕਿਕ ਨੇ 6-2, 6-1 ਨਾਲ ਆਸਾਨੀ ਨਾਲ ਹਰਾਇਆ। ਬੈਲਜੀਅਮ ਦੀ ਇਲਿਸ ਮਟੇਂਸ ਬੇਲਾਰੂਸ ਦੀ ਅਲੇਕਸਾਂਦਰਾ ਸਰਨੋਵਿਕ ਨੂੰ ਤਿੰਨ ਸੈੱਟ ਤਕ ਚੱਲੇ ਮੁਕਾਬਲੇ ਵਿਚ 3-6, 6-3, 6-1 ਨਾਲ ਹਰਾਉਣ ਵਿਚ ਕਾਮਯਾਬ ਹੋਈ।

Gurdeep Singh

This news is Content Editor Gurdeep Singh