Ashes 2019: ਡੈਨਲੀ ਸੈਂਕੜੇ ਤੋਂ ਖੁੰਝਿਆ, ਤੀਜੇ ਦਿਨ ਮੇਜ਼ਬਾਨ ਨੇ ਬਣਾਈ 382 ਦੌੜਾਂ ਦੀ ਕੁਲ ਬੜ੍ਹਤ

09/15/2019 11:21:51 AM

ਸਪੋਰਟਸ ਡੈਸਕ— ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਏਸ਼ੇਜ਼ ਦੇ 5ਵੇਂ ਅਤੇ ਆਖਰੀ ਏਸ਼ੇਜ਼ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੰਗਲੈਂਡ ਦਾ ਦਬਦਬਾ ਦੇਖਣ ਨੂੰ ਮਿਲਿਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋ ਡੈਨਲੀ (94) ਤੇ ਬੇਨ ਸਟੋਕਸ (67) ਦੇ ਅਰਧ ਸੈਂਕੜਿਆਂ ਤੇ ਜੋਸ ਬਟਲਰ ਦੀਆਂ 47 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਸਟਰੇਲੀਆ 'ਤੇ 382 ਦੌੜਾਂ ਦੀ ਮਜ਼ਬੂਤ ਸਥਿਤੀ ਹਾਸਲ ਕਰ ਲਈ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਮੇਜ਼ਬਾਨ ਨੇ 8 ਵਿਕਟਾਂ 'ਤੇ 313 ਦੌੜਾਂ ਬਣਾ ਲਈਆਂ ਸਨ ਜਦਕਿ ਉਸ ਦੀਆਂ ਅਜੇ ਦੋ ਵਿਕਟਾਂ ਬਾਕੀ ਹਨ। ਇੰਗਲੈਂਡ ਵਲੋਂ ਜੋਫਰਾ ਆਰਚਰ (ਅਜੇਤੂ 03) ਤੇ ਜੈਕ ਲੀਚ (ਅਜੇਤੂ 05) ਆਸਟਰੇਲੀਆਈ ਗੇਂਦਬਾਜ਼ਾਂ ਦੇ ਸਾਹਮਣੇ ਡਟੇ ਹੋਏ ਸਨ।
ਆਸਟਰੇਲੀਆ ਵਲੋਂ ਸਪਿਨਰ ਨਾਥਨ ਲਿਓਨ ਨੇ 65 ਦੌੜਾਂ 'ਤੇ 3 ਵਿਕਟਾਂ ਲਈਆਂ ਜਦਕਿ ਪੀਟਰ ਸਿਡਲ ਤੇ ਮਿਸ਼ੇਲ ਮਾਰਸ਼ ਨੇ 2-2 ਤੇ ਪੈਟ ਕਮਿੰਸ ਨੇ ਇਕ ਵਿਕਟ ਲਈ। ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਡੈਨਲੀ ਸ਼ਾਨਦਾਰ ਪਾਰੀ ਖੇਡਣ ਦੇ ਬਾਵਜੂਦ ਬਦਕਿਸਮਤੀ ਨਾਲ ਆਪਣਾ ਸੈਂਕੜਾ ਪੂਰਾ ਨਾ ਕਰ ਸਕਿਆ ਅਤੇ ਪੀਟਰ ਸਿਡਲ ਦੀ ਗੇਂਦ 'ਤੇ ਸਮਿਥ ਹੱਥੋਂ ਕੈਚ ਆਊਟ ਕਰਵਾ ਕੇ 6 ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਰੋਕ ਦਿੱਤਾ। ਡੈਨਲੀ ਨੇ ਆਪਣੀ 94 ਦੌੜਾਂ ਦੀ ਪਾਰੀ ਵਿਚ 206 ਗੇਂਦਾਂ ਦਾ ਸਾਹਮਣਾ ਕਰਦਿਆਂ 14 ਚੌਕੇ ਤੇ 1 ਛੱਕਾ ਲਾਇਆ। ਇੰਗਲੈਂਡ ਦੇ ਵਨ ਡੇ ਵਰਲਡ ਕੱਪ ਜਿੱਤ ਦੇ ਹੀਰੋ ਰਹੇ ਸਟੋਕਸ ਨੇ ਆਪਣੀ ਪਾਰੀ 'ਚ 5 ਚੌਕੇ ਤੇ 2 ਛੱਕੇ ਲਾਏ ਜਦਕਿ ਬਟਲਰ 3 ਦੌੜਾਂ ਨਾਲ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਆਪਣੀ 47 ਦੌੜਾਂ ਦੀ ਪਾਰੀ ਵਿਚ 63 ਗੇਂਦਾਂ ਦਾ ਸਾਹਮਣਾ ਕਰਦਿਆਂ 6 ਸ਼ਾਨਦਾਰ ਚੌਕੇ ਲਾਏ।
ਵਰਲਡ ਕੱਪ ਜੇਤੂ ਇੰਗਲੈਂਡ ਦੀਆਂ ਨਜ਼ਰਾਂ ਸੀਰੀਜ਼ 'ਚ 2-2 ਦੀ ਬਰਾਬਰੀ ਕਰਨ 'ਤੇ ਹੈ ਹਾਲਾਂਕਿ ਆਸਟਰੇਲੀਆ ਨੇ ਪਹਿਲਾਂ ਹੀ ਏਸ਼ੇਜ਼ ਟਰਾਫੀ ਆਪਣੇ ਕੋਲ ਰੱਖਣੀ ਤੈਅ ਕਰ ਲਈ ਹੈ। ਦੂਜੇ ਪਾਸੇ ਆਸਟਰੇਲੀਆ 18 ਸਾਲ ਵਿਚ ਪਹਿਲੀ ਵਾਰ ਇੰਗਲੈਂਡ 'ਚ ਏਸ਼ੇਜ਼ ਲੜੀ ਜਿੱਤਣ ਦੀ ਉਮੀਦ ਬਣਾਈ ਹੋਈ ਹੈ। ਇਸ ਤੋਂ ਪਹਿਲਾਂ ਕੱਲ ਜੋਫਰਾ ਆਰਚਰ ਨੇ 6 ਵਿਕਟਾਂ ਲੈ ਕੇ ਆਸਟਰੇਲੀਆ ਨੂੰ 225 ਦੌੜਾਂ 'ਤੇ ਆਊਟ ਕਰ ਦਿੱਤਾ ਸੀ, ਜਿਸ ਨਾਲ ਇੰਗਲੈਂਡ ਨੂੰ 69 ਦੌੜਾਂ ਦੀ ਬੜ੍ਹਤ ਮਿਲੀ ਸੀ। ਸਟੀਵ ਸਮਿਥ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ ਅਤੇ ਏਸ਼ੇਜ਼ ਵਿਚ 6 ਪਾਰੀਆਂ ਵਿਚ ਉਸ ਦੀਆਂ 751 ਦੌੜਾਂ ਹੋ ਗਈਆਂ ਹਨ।