6ਵੀਂ ਵਾਰ ਨੰਬਰ-1 ਟੈਸਟ ਗੇਂਦਬਾਜ਼ ਬਣੇ ਜੇਮਸ ਐਂਡਰਸਨ, ਤੀਜੇ ਸਭ ਤੋਂ ਵਧ ਉਮਰ ਵਾਲੇ ਕ੍ਰਿਕਟਰ

02/24/2023 2:44:53 PM

ਖੇਡ ਡੈਸਕ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਆਪਣੇ 41ਵੇਂ ਜਨਮਦਿਨ ਤੋਂ 5 ਮਹੀਨੇ ਪਹਿਲਾਂ ਹੀ ਵਿਸ਼ਵ ਟੈਸਟ ਰੈਂਕਿੰਗ ਵਿਚ ਟਾਪ ਉੱਤੇ ਪਹੁੰਚ ਗਏ ਹਨ। ਐਂਡਰਸਨ ਨੇ ਇਹ ਉਪਲੱਬਧੀ ਉਸ ਉਮਰ ਵਿਚ ਹਾਸਲ ਕੀਤੀ ਹੈ, ਜਦੋਂ ਜ਼ਿਆਦਾਤਰ ਬੱਲੇਬਾਜ਼ ਜਾਂ ਗੇਂਦਬਾਜ਼ ਖੇਡਣਾ ਛੱਡ ਦਿੰਦੇ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਵਿਚ 6ਵੀਂ ਵਾਰ ਨੰਬਰ-1 ਦਾ ਤਮਗਾ ਹਾਸਲ ਕੀਤਾ ਹੈ। ਮਾਊਂਟ ਮਾਊਂਗਾਨੁਈ ਵਿਚ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਵਿਚ 7 ਵਿਕਟਾਂ ਲੈ ਕੇ ਉਹ ਨਵੇਂ ਸਿਖਰ ਉੱਤੇ ਪੁੱਜਣ ਜਾ ਰਹੇ ਹਨ। ਸਿਰਫ 18 ਵਿਕਟਾਂ ਲੈ ਕੇ ਉਹ ਟੈਸਟ ਫਾਰਮੈੱਟ ਵਿਚ 700 ਵਿਕਟਾਂ ਪੂਰੀਆਂ ਕਰ ਲੈਣਗੇ। ਉਹ ਸੰਭਵਿਕ ਸ਼ੇਨ ਵਾਰਨ (708) ਦਾ ਰਿਕਾਰਡ ਤੋਡ਼ ਦੇਣਗੇ ਪਰ ਮੁਥੈਯਾ ਮੁਰਲੀਧਰਨ (800 ਵਿਕਟਾਂ) ਦਾ ਰਿਕਾਰਡ ਤੋੜਨਾ ਉਨ੍ਹਾਂ ਲਈ ਚੁਣੌਤੀ ਹੋਵੇਗਾ।

ਐਂਡਰਸਨ ਆਸਟਰੇਲੀਆ ਦੇ ਕਲੇਰੀ ਗ੍ਰਿਮੇਟ ਤੋਂ ਬਾਅਦ ਰੈਂਕਿੰਗ ਵਿਚ ਸਿਖਰ ਉੱਤੇ ਪੁੱਜਣ ਵਾਲੇ ਸਭ ਤੋਂ ਵਧ ਉਮਰ ਦੇ ਖਿਡਾਰੀਆਂ ਦੀ ਲਿਸਟ ਵਿਚ ਤੀਜੇ ਨੰਬਰ ਉੱਤੇ ਹਨ। ਗ੍ਰਿਮੇਟ 1930 ਦੇ ਦਹਾਕੇ ਦੇ ਗੇਂਦਬਾਜ਼ ਸਨ। ਇਸ ਲਿਸਟ ਵਿਚ ਪਹਿਲੇ ਨੰਬਰ ਉੱਤੇ ਬਰਟ ਆਇਰਨਮਾਂਗਰ ਹਨ, ਜੋਕਿ 50 ਸਾਲ ਦੀ ਉਮਰ ਵਿਚ ਨੰਬਰ-1 ਗੇਂਦਬਾਜ਼ ਬਣੇ ਸਨ। ਉਥੇ ਹੀ, ਐਂਡਰਸਨ ਦੀ ਗੱਲ ਕੀਤੀ ਜਾਵੇ ਤਾਂ ਉਹ ਪਾਰਟਨਰ ਸਟੁਅਰਟ ਬਰਾਡ ਦੇ ਨਾਲ ਮਿਲ ਕੇ ਟੈਸਟ ਫਾਰਮੈੱਟ ਵਿਚ ਸਭ ਤੋਂ ਜ਼ਿਆਦਾ 1,009 ਵਿਕਟਾਂ ਲੈ ਚੁੱਕੇ ਹਨ। ਇਥੋਂ ਤੱਕ ਪੁੱਜਣ ਲਈ ਉਨ੍ਹਾਂ ਨੂੰ ਪ੍ਰਤਿਭਾ, ਫਿਟਨੈੱਸ ਜਾਂ ਖਾਣੇ ਪ੍ਰਤੀ ਪੂਰੀ ਵਚਨਬੱਧਤਾ ਅਤੇ ਜਨੂੰਨ ਦੀ ਜ਼ਰੂਰਤ ਰਹੀ ਪਰ ਐਂਡਰਸਨ ਨੇ ਇਸ ਨੂੰ ਇਕ ਕਾਰੀਗਰ ਦੀ ਤਰ੍ਹਾਂ ਹਾਸਲ ਕਰ ਲਿਆ। ਯਾਰਕਸ਼ਾਇਰ ਅਤੇ ਇੰਗਲੈਂਡ ਦੇ ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਰੇਆਨ ਸਾਈਡਬਾਟਮ ਵੀ ਉਮਰ ਵਧਣ ਨਾਲ ਬਿਹਤਰ ਹੁੰਦੇ ਦਿਸ ਰਹੇ ਹਨ। ਉਹ ਅਜੇ ਵੀ ਸਰਗਰਮ ਹਨ ਪਰ ਐਂਡਰਸਨ ਦਾ ਪ੍ਰਦਰਸ਼ਨ ਸਾਰਿਆਂ ਨੂੰ ਪਿੱਛੇ ਛੱਡ ਰਿਹਾ ਹੈ। ਉਨ੍ਹਾਂ ਦਾ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਜੇਕਰ ਉਹ 45 ਸਾਲ ਦੀ ਉਮਰ ਤੱਕ ਖੇਡੇ ਤਾਂ ਮੌਜੂਦਾ ਫਾਰਮ ਦੇ ਨਾਲ ਉਹ 1,000 ਟੈਸਟ ਵਿਕਟਾਂ ਵੀ ਪੂਰੀਆਂ ਕਰ ਸਕਦੇ ਹਨ।

ਅਜੇ ਐਂਡਰਸਨ ਦੀਆਂ ਨਜ਼ਰਾਂ ਜੁਲਾਈ ਵਿਚ ਹੋਣ ਵਾਲੇ ਏਸ਼ੇਜ਼ ਉੱਤੇ ਰਹਿਣਗੀਆਂ, ਜਿੱਥੇ ਉਹ ਆਪਣੇ ਪੁਰਾਣੇ ਸਾਥੀ ਸਟੁਅਰਟ ਬਰਾਡ ਦੇ ਨਾਲ ਚੱਲਣ ਨੂੰ ਬੇਤਾਬ ਹੋਣਗੇ। ਜੂਨ ਵਿਚ 37 ਸਾਲ ਦੇ ਹੋਣ ਵਾਲੇ ਬਰਾਡ ਵੀ 571 ਵਿਕਟਾਂ ਕੱਢ ਚੁੱਕੇ ਹਨ। ਉਹ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲਿਆਂ ਦੀ ਸੂਚੀ ਵਿਚ 5ਵੇਂ ਸਥਾਨ ਉੱਤੇ ਹਨ।ਉਹ ਅਨਿਲ ਕੁੰਬਲੇ (612 ਵਿਕਟਾਂ) ਦਾ ਰਿਕਾਰਡ ਤੋਡ਼ਨ ਉੱਤੇ ਨਜ਼ਰਾਂ ਟਿਕਾਈ ਬੈਠੇ ਹਨ ਕਿਉਂਕਿ ਉਨ੍ਹਾਂ ਨੇ ਬੀਤੇ ਦਿਨੀਂ ਹੀ ਗਲੇਨ ਮੈਕਗ੍ਰਾ (563 ਵਿਕਟਾਂ) ਦਾ ਰਿਕਾਰਡ ਤੋੜਿਆ ਸੀ। ਐਂਡਰਸਨ ਦਾ ਇਕ ਫਾਇਦਾ 2015 ਤੋਂ ਬਾਅਦ ਵਨ-ਡੇ ਫਾਰਮੈੱਟ ਨਾ ਖੇਡਣ ਦਾ ਵੀ ਹੋਇਆ ਹੈ। ਉਹ 2019 ਤੋਂ ਬਾਅਦ ਤੋਂ ਕੋਈ ਲਿਸਟ-ਏ ਕ੍ਰਿਕਟ ਨਹੀਂ ਖੇਡੇ। ਉਨ੍ਹਾਂ ਨੇ ਆਖਰੀ ਟੀ-20 ਮੁਕਾਬਲਾ 2014 ਵਿਚ ਖੇਡਿਆ ਸੀ। ਲੰਬੇ ਸਮੇਂ ਤੋਂ ਟੈਸਟ ਫਾਰਮੈੱਟ ਉੱਤੇ ਫੋਕਸ ਨੇ ਉਨ੍ਹਾਂ ਨੂੰ ਆਪਣੇ ਗੇਂਦਬਾਜ਼ੀ ਹੁਨਰ ਨੂੰ ਸੁਧਾਰਨ ’ਚ ਮਦਦ ਕੀਤੀ। ਇੰਨੀ ਉਮਰ ਵਿਚ ਟੈਸਟ ਫਾਰਮੈੱਟ ਵਿਚ ਨੰਬਰ-1 ਤੇਜ਼ ਗੇਂਦਬਾਜ਼ ਹੋਣਾ ਆਸਾਨ ਨਹੀਂ ਹੈ। ਯਕੀਨਣ ਐਂਡਰਸਨ ਕ੍ਰਿਕਟ ਜਗਤ ਦਾ ਹੀਰਾ ਹੈ।

cherry

This news is Content Editor cherry