ਜਗਦੀਸ਼ 103ਵੇਂ ਸਥਾਨ ''ਤੇ ਰਿਹਾ, ਭਾਰਤ ਦੀ ਵਿੰਟਰ ਓਲੰਪਿਕ ਖੇਡਾਂ ''ਚ ਮੁਹਿੰਮ ਖਤਮ

02/16/2018 10:47:43 PM

ਪਯੋਂਗਚਾਂਗ— ਭਾਰਤ ਦਾ ਜਗਦੀਸ਼ ਸਿੰਘ ਅੱਜ ਇਥੇ ਪਯੋਂਗਚਾਂਗ ਵਿੰਟਰ ਓਲੰਪਿਕ ਖੇਡਾਂ ਦੀ 15 ਕਿ. ਮੀ. ਫ੍ਰੀ ਕਰਾਸ ਕੰਟਰੀ ਰੇਸ ਵਿਚ ਖਰਾਬ ਪ੍ਰਦਰਸ਼ਨ ਨਾਲ 103ਵੇਂ ਸਥਾਨ 'ਤੇ ਰਿਹਾ, ਜਿਸ ਨਾਲ ਭਾਰਤ ਦਾ ਇਨ੍ਹਾਂ ਖੇਡਾਂ 'ਚ ਸਫਰ ਇਕ ਵਾਰ ਫਿਰ ਨਿਰਾਸ਼ਾਜਨਕ ਰਿਹਾ। ਓਲੰਪਿਕ 'ਚ ਡੈਬਿਊ ਕਰ ਰਹੇ 26 ਸਾਲ ਦੇ ਜਗਦੀਸ਼ ਨੇ ਓਲਪੇਂਸੀਆ ਕ੍ਰਾਸ ਕੰਟਰੀ ਸਕੀਇੰਗ ਸੈਂਟਰ 'ਚ ਫਿਨਿਸ਼ ਲਾਈਨ ਪਾਰ ਕਰਨ 'ਚ 43.03 ਮਿੰਟ ਦਾ ਸਮਾਂ ਲਿਆ, ਜਿਸ ਨਾਲ ਉਹ 11 ਮੁਕਾਬਲੇਬਾਜ਼ਾਂ ਵਿਚਾਲੇ 103ਵੇਂ ਸਥਾਨ 'ਤੇ ਰਿਹਾ।
ਜਗਦੀਸ਼ ਨੇ ਜਿਹੜਾ ਸਮਾਂ ਲਿਆ, ਉਹ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਡੈਰੀਓ ਕੋਲੋਗਨ ਤੋਂ 9 :16.4 ਮਿੰਟ ਜ਼ਿਆਦਾ ਸੀ। ਸਵਿਸ ਖਿਡਾਰੀ ਨੇ 33 : 43.9 ਮਿੰਟ ਨਾਲ ਲਗਾਤਾਰ ਤੀਜਾ ਸੋਨ ਤਮਗਾ ਜਿੱਤਿਆ। 
ਦੱਖਣੀ ਕੋਰੀਆ ਦੇ ਪਯੋਂਗਚਾਂਗ 'ਚ ਹੋ ਰਹੀਆਂ ਓਲੰਪਿਕ ਖੇਡਾਂ ਵਿਚ ਸਿਰਫ 2 ਭਾਰਤੀ ਖਿਡਾਰੀਆਂ ਨੇ ਭਾਰਤ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਸ਼ਿਵਾ ਕੇਸ਼ਵਨ ਆਪਣੀਆਂ ਛੇਵੀਆਂ ਤੇ ਆਖਰੀ ਵਿੰਟਰ ਓਲੰਪਿਕ ਖੇਡਾਂ  ਦੀ ਪੁਰਸ਼ ਲਿਊਜ ਸਿੰਗਲਜ਼ ਪ੍ਰਤੀਯੋਗਿਤਾ 'ਚ 34ਵੇਂ ਸਥਾਨ 'ਤੇ ਰਿਹਾ ਸੀ। ਭਾਰਤ ਹੁਣ ਤਕ ਵਿੰਟਰ ਓਲੰਪਿਕ ਖੇਡਾਂ ਵਿਚ ਕਦੇ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਕਿਉਂਕਿ ਇੱਥੇ ਇਨ੍ਹਾਂ ਖੇਡਾਂ ਨੂੰ ਵੱਧ ਤਵੱਜੋ ਨਹੀਂ ਦਿੱਤੀ ਜਾਂਦੀ। ਕੇਸ਼ਵਨ ਦੀ ਛੇ ਓਲੰਪਿਕ ਖੇਡਾਂ ਵਿਚ ਹਿੱਸੇਦਾਰੀ ਹੀ ਦੇਸ਼ ਲਈ ਇਕ ਤਰ੍ਹਾਂ ਨਾਲ ਉਪਲੱਬਧੀ ਹੈ। 
ਭਾਰਤ ਨੇ ਪਹਿਲੀ ਵਾਰ 1964 'ਚ ਆਸਟ੍ਰੀਆ ਦੇ ਇਨਸਬ੍ਰਕ 'ਚ ਹੋਈਆਂ ਵਿੰਟਰ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ, ਜਿਥੇ ਪੋਲਿਸ਼ ਮੂਲ ਦੀ ਅਲਪਾਈਨ ਸਕੀਇੰਗ ਖਿਡਾਰਨ ਜੇਰੇਮੀ ਬੁਜਾਕੋਸਕੀ ਨੇ ਦੇਸ਼ ਦੀ ਅਗਵਾਈ ਕੀਤੀ ਸੀ। ਉਸ ਨੇ 1968 ਵਿਚ ਗ੍ਰੇਨੋਬਲ (ਫਰਾਂਸ) ਓਲੰਪਿਕ ਖੇਡਾਂ 'ਚ ਵੀ ਦੇਸ਼ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਕੈਨੇਡਾ ਦੇ ਕੈਲਗਰੀ 'ਚ 1988 ਵਿਚ ਹੋਈਆਂ ਵਿੰਟਰ ਓਲੰਪਿਕ ਖੇਡਾਂ ਵਿਚ ਸ਼ੈਲਜਾ ਕੁਮਾਰ, ਗੁਲਦੇਵ ਤੇ ਕਿਸ਼ੋਰ ਰਾਏ (ਤਿੰਨੋਂ ਅਲਪਾਈਨ ਸਕੀਇੰਗ ਖਿਡਾਰੀ) ਨੇ ਹਿੱਸਾ ਲਿਆ ਸੀ। ਕੇਸ਼ਵਨ 1998 ਵਿਚ ਜਾਪਾਨ ਦੇ ਨਾਗਾਨੋ ਵਿਚ ਹੋਈਆਂ ਓਲੰਪਿਕ ਤੋਂ ਲੈ ਕੇ ਇਸ ਵਾਰ  ਪਯੋਂਗਚਾਂਗ ਵਿੰਟਰ ਓਲੰਪਿਕ ਖੇਡਾਂ ਤਕ ਦੇਸ਼ ਦੀ ਅਗਵਾਈ ਕਰਦਾ ਰਿਹਾ।