ਭਾਰਤੀ ਟੀਮ ਦੇ ਇਸ ਆਲਰਾਊਂਡਰ ਨੇ ਟੈਸਟ 'ਚ ਖੇਡੀ ਇਕ ਹੋਰ ਬੈਸਟ ਪਾਰੀ, ਅੰਕੜੇ ਹੋਏ ਬਿਹਤਰ

08/24/2019 12:09:14 PM

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਜਿੱਥੇ ਇਕ ਪਾਸੇ ਕਈ ਭਾਰਤੀ ਬੱਲੇਬਾਜ਼ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਉੱਥੇ ਹੀ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਕ ਵਾਰ ਫਿਰ ਕਮਾਲ ਦੀ ਪਾਰੀ ਖੇਡ ਆਪਣੀ ਦਾਅਵੇਦਾਰੀ ਹੋਰ ਵੀ ਮਜਬੂਤ ਕਰ ਦਿੱਤੀ ਹੈ। ਜਡੇਜਾ ਨੇ ਅਹਿਮ ਸਮੇਂ 'ਤੇ ਟੀਮ ਲਈ ਇਕ ਸ਼ਾਨਦਾਰ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ ਨੂੰ 297 ਤੱਕ ਪਹੁੰਚਾਇਆ।
ਰਵਿੰਦਰ ਜਡੇਜਾ ਦੀ ਅਰਧ ਸੈਂਕੜੇ ਵਾਲੀ ਸ਼ਾਨਦਾਰ ਪਾਰੀ
ਜਡੇਜਾ ਨੇ ਵੈਸਟਇੰਡੀਜ ਖਿਲਾਫ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਟੀਮ ਲਈ ਚੰਗੀ ਬੱਲੇਬਾਜ਼ੀ ਕਰਦੇ ਹੋਏ 112 ਗੇਂਦਾਂ 'ਤੇ 58 ਦੌੜਾਂ ਬਣਾਈਆਂ। ਜਡੇਜਾ ਦੀ ਇਸ ਸ਼ਾਨਦਾਰ ਪਾਰੀ 'ਚ 6 ਚੌਕੇ ਅਤੇ ਇਕ ਛੱਕਾ ਸ਼ਾਮਲ ਹੈ। ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਜਡੇਜਾ ਨੇ ਇਸ਼ਾਂਤ ਸ਼ਰਮਾ ਨਾਲ ਮਿਲ ਕੇ ਅੱਠਵੀਂ ਵਿਕਟ ਲਈ 60 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਉਨ੍ਹਾਂ ਦੀ ਇਹ ਪਾਰੀ ਇਸ ਵਜ੍ਹਾ ਨਾਲ ਵੀ ਖਾਸ ਰਹੀ ਕਿਉਂਕਿ ਹੇਠਲੇ ਕ੍ਰਮ 'ਤੇ ਉਨ੍ਹਾਂ ਨੇ ਕਾਫ਼ੀ ਦੇਰ ਤੱਕ ਟਿਕ ਕੇ ਬੱਲੇਬਾਜੀ ਕੀਤੀ ਅਤੇ ਟੀਮ ਦੇ ਸਕੋਰ ਨੂੰ 300 ਦੇ ਬੇਹੱਦ ਕਰੀਬ ਪਹੁੰਚਾ ਦਿੱਤਾ। ਜਡੇਜਾ ਨੇ ਵਰਲਡ ਕੱਪ ਸੈਮੀਫਾਈਨਲ 'ਚ ਵੀ ਨਿਊਜ਼ੀਲੈਂਡ ਖਿਲਾਫ ਕਮਾਲ ਦੀ ਪਾਰੀ ਖੇਡੀ ਸੀ ਅਤੇ 77 ਦੌੜਾਂ ਬਣਾਉਂਦੇ ਹੋਏ ਕ੍ਰਿਕਟ ਫੈਨਜ਼ ਦਾ ਦਿਲ ਜਿੱਤ ਲਿਆ ਸੀ। ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਉਨ੍ਹਾਂ ਨੇ ਬੇਹੱਦ ਅਹਿਮ ਮੌਕੇ 'ਤੇ ਅਜਿਹੀ ਪਾਰੀ ਖੇਡ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਗੇਂਦ ਦੇ ਨਾਲ-ਨਾਲ ਬੱਲੇ ਨਾਲ ਵੀ ਕਮਾਲ ਕਰ ਸਕਦੇ ਹਨ।   

2019 'ਚ ਲਗਾਤਾਰ ਦੂਜਾ ਅਰਧ ਸੈਂਕੜਾ
ਇਸ ਸਾਲ ਰਵਿੰਦਰ ਜਡੇਜਾ ਆਪਣਾ ਦੂਜਾ ਟੈਸਟ ਮੈਚ ਖੇਡ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਨਵਰੀ 'ਚ ਆਸਟਰੇਲੀਆ ਖਿਲਾਫ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ।  ਕੰਗਾਰੂ ਟੀਮ ਖਿਲਾਫ 114 ਗੇਂਦਾਂ ਦਾ ਸਾਹਮਣਾ ਕਰਦੇ ਹੋਏ 81 ਦੌੜਾਂ ਬਣਾਈਆਂ ਸਨ। ਹੁਣ ਇਸ ਸਾਲ ਦੂਜੇ ਟੈਸਟ ਮੈਚ 'ਚ ਵੀ ਉਨ੍ਹਾਂ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਲਾ ਦਿੱਤਾ।ਸਾਲ ਦਰ ਸਾਲ ਬਿਹਤਰ ਹੋਈ ਔਸਤ
ਰਵਿੰਦਰ ਜਡੇਜਾ ਨੂੰ ਬੇਸ਼ੱਕ ਟੀਮ ਇੰਡੀਆ 'ਚ ਆਪਣੀ ਜਗ੍ਹਾ ਬਣਾਉਣ ਲਈ ਉਤਾਰ-ਚੜਾਅ ਦੇ ਵਿਚਾਲੇ ਹਮੇਸ਼ਾ ਆਪਣੇ ਆਪ ਨੂੰ ਸਾਬਤ ਕਰਨਾ ਪਿਆ ਹੈ ਪਰ ਇਸ ਖਿਡਾਰੀ ਨੇ ਕਦੇ ਸੰਘਰਸ਼ ਕਰਨਾ ਨਹੀਂ ਛੱਡਿਆ। ਸੰਘਰਸ਼ ਵੀ ਸੁਧਾਰ ਦੇ ਨਾਲ। ਇਕ ਸਾਲ ਨੂੰ ਜੇ ਛੱਡ ਦੇਈਏ ਤਾਂ ਪਿਛਲੇ 8 ਸਾਲਾਂ 'ਚ ਰਵਿੰਦਰ ਜਡੇਜਾ ਦੀ ਬੱਲੇਬਾਜ਼ੀ ਔਸਤ ਹਰ ਸਾਲ ਵੱਧਦੀ ਹੀ ਰਹੀ ਹੈ।

ਸਾਲ     ਔਸਤ

2012 - 12.00

2013 - 15.50

2014 - 25.90

2015 - 21.80

2016 - 37.50

2017 - 41.00

2018 - 45.60

2019 - 69.50*