ਦੁਨੀਆ ਦਾ ਇਕਲੌਤਾ ਆਲਰਾਊਂਡਰ, ਜਿਸ ਨੇ 25 ਹਜ਼ਾਰ ਦੌੜਾਂ ਤੇ 577 ਵਿਕਟਾਂ ਹਾਸਲ ਕੀਤੀਆਂ

10/16/2017 2:56:05 PM

ਨਵੀਂ ਦਿੱਲੀ(ਬਿਊਰੋ)— ਵਿਸ਼ਵ ਕ੍ਰਿਕਟ ਵਿਚ ਜਦੋਂ ਗੱਲ ਆਲਰਾਊਂਡਰਾਂ ਦੀ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਜ਼ਿਕਰ ਗੈਰੀ ਸੋਬਰਸ, ਕਪਿਲ ਦੇਵ, ਇਯਾਨ ਬਾਥਮ ਅਤੇ ਇਮਰਾਨ ਖਾਨ ਦਾ ਨਾਮ ਆਉਂਦਾ ਹੈ। ਪਰ ਵਿਸ਼ਵ ਕ੍ਰਿਕਟ ਵਿਚ ਅਜਿਹਾ ਵੀ ਆਲਰਾਊਂਡਰ ਹੈ, ਜਿਸ ਨੇ ਕੌਮਾਂਤਰੀ ਕ੍ਰਿਕਟ ਵਿਚ 25 ਹਜ਼ਾਰ ਤੋਂ ਜ਼ਿਆਦਾ ਦੌੜਾਂ ਅਤੇ 577 ਵਿਕਟਾਂ ਲੈਣ ਦਾ ਕਾਰਨਾਮਾ ਕਰਕੇ ਵਿਖਾਇਆ ਹੈ। ਅਸੀ ਗੱਲ ਕਰ ਰਹੇ ਹਾਂ ਦੱਖਣ ਅਫਰੀਕੀ ਆਲਰਾਊਂਡਰ ਜੈਕ ਕੈਲਿਸ ਦੀ। ਦੁਨੀਆ ਦੇ ਮਹਾਨਤਮ ਆਲਰਾਊਂਡਰਾਂ ਵਿਚ ਸ਼ਾਮਲ ਕੈਲਿਸ ਨੇ ਕੌਮਾਂਤਰੀ ਕ੍ਰਿਕਟ ਵਿਚ 519 ਮੈਚ ਖੇਡਦੇ ਹੋਏ 338 ਕੈਚ ਵੀ ਆਪਣੇ ਨਾਮ ਕੀਤੇ ਹਨ। ਸਾਫ਼ ਹੈ, ਦੁਨੀਆ ਦਾ ਕੋਈ ਵੀ ਆਲਰਾਊਂਡਰ ਇੰਨੀਆਂ ਦੌੜਾਂ ਅਤੇ ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਆਪਣੇ ਨਾਮ ਨਹੀਂ ਕਰ ਪਾਇਆ।
16 ਅਕਤੂਬਰ 1975 ਨੂੰ ਜੰਮੇ ਕੈਲਿਸ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਦਸੰਬਰ 1995 ਵਿਚ ਇੰਗਲੈਂਡ ਖਿਲਾਫ ਕੀਤੀ। ਇੰਗਲੈਂਡ ਖਿਲਾਫ ਹੀ ਉਨ੍ਹਾਂ ਨੇ ਵਨਡੇ ਕਰੀਅਰ ਸ਼ੁਰੂ ਕੀਤਾ। ਆਪਣੇ ਕੌਮਾਂਤਰੀ ਕਰੀਅਰ ਵਿਚ ਕੈਲਿਸ ਨੇ ਆਪਣੀ ਟੀਮ ਨੂੰ ਕਈ ਯਾਦਗਾਰ ਪਲ ਦਿੱਤੇ।
ਅਜਿਹੀ ਹੀ ਇਕ ਪਾਰੀ ਉਨ੍ਹਾਂ ਨੇ ਆਸਟਰੇਲੀਆ ਵਿਚ ਮੈਲਬੋਰਨ ਵਿਚ ਖੇਡੇ ਗਏ ਟੈਸਟ ਮੈਚ ਦੌਰਾਨ ਖੇਡੀ। ਇਸ ਮੈਚ ਵਿਚ ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 309 ਦੌੜਾਂ ਬਣਾਈਆਂ। ਇਸਦੇ ਜਵਾਬ ਵਿਚ ਪਹਿਲੀ ਪਾਰੀ ਵਿਚ ਦੱਖਣ ਅਫਰੀਕਾ ਦੀ ਟੀਮ 186 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ਵਿਚ ਆਸਟਰੇਲੀਆ ਨੇ 257 ਦੌੜਾਂ ਬਣਾਈਆਂ। ਇਸਦੇ ਜਵਾਬ ਵਿਚ ਦੱਖਣ ਅਫਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਦਾ ਪਹਿਲਾ ਵਿਕਟ 1 ਦੇ ਸਕੋਰ ਉੱਤੇ ਡਿੱਗ ਗਿਆ। ਇਸਦੇ ਬਾਅਦ ਜੈਕ ਕੈਲਿਸ ਨੇ 101 ਦੌੜਾਂ ਬਣਾ ਕੇ ਆਪਣੀ ਟੀਮ ਉੱਤੇ ਆਏ ਸੰਕਟ ਨੂੰ ਟਾਲਿਆ ਅਤੇ ਮੈਚ ਡਰਾ ਕਰਾ ਦਿੱਤਾ।
2003-04 ਵਿਚ ਕੈਲਿਸ ਨੇ ਵੈਸਟ ਇੰਡੀਜ਼ ਵਿਰੁੱਧ ਖੇਡਦੇ ਹੋਏ ਟੈਸਟ ਅਤੇ ਵਨਡੇ ਸੀਰੀਜ਼ ਵਿਚ 6 ਸੈਂਕੜੇ ਲਗਾਏ। 2005 ਵਿਚ ਕੈਲਿਸ ਨੂੰ ਆਈ.ਸੀ.ਸੀ. ਟੈਸਟ ਪਲੇਅਰ ਆਫ ਦਿ ਈਯਰ ਘੋਸ਼ਿਤ ਕੀਤਾ ਗਿਆ। ਇਸ ਸਾਲ ਉਨ੍ਹਾਂ ਨੇ 1718 ਦੌੜਾਂ ਬਣਾਈਆਂ। ਇਸਦੇ ਇਲਾਵਾ 37 ਮੈਚਾਂ ਵਿਚ 32 ਵਿਕਟਾਂ ਹਾਸਲ ਕੀਤੀਆਂ।