ISL ''ਚ ਮੌਜੂਦਾ ਚੈਂਪੀਅਨ ਟੀਮਾਂ ਲਈ ਬਿਲਕੁਲ ਵੀ ਆਸਾਨ ਨਹੀਂ ਹੈ ਜਿੱਤ ਦਾ ਸਫਰ

10/16/2018 12:32:15 PM

ਨਵੀਂ ਦਿੱਲੀ— ਹੀਰੋ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਕਦੀ ਵੀ ਮੌਜੂਦਾ ਚੈਂਪੀਅਨ ਟੀਮਾਂ ਪ੍ਰਤੀ ਉਦਾਰ ਨਹੀਂ ਰਿਹਾ। 2014 'ਚ ਲੀਗ ਦੀ ਸ਼ੁਰੂਆਤ ਤੋਂ ਬਾਅਦ ਤੋਂ ਖਤਮ ਹੋਏ ਬੀਤੇ ਚਾਰ ਸੈਸ਼ਨਾਂ 'ਚ ਕੋਈ ਵੀ ਕਲੱਬ ਖਿਤਾਬ ਬਚਾਉਣ 'ਚ ਸਫਲ ਨਹੀਂ ਹੋ ਸਕਿਆ ਹੈ। ਏ.ਟੀ.ਕੇ. ਨੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ। 2015 'ਚ ਉਹ ਖਿਤਾਬ ਬਚਾਉਣ ਦੇ ਕਰੀਬ ਪਹੁੰਚ ਗਿਆ ਸੀ ਪਰ ਚੇਨਈਅਨ ਐੱਫ.ਸੀ. ਦੇ ਹੱਥੋਂ ਉਸ ਨੂੰ ਹਾਰ ਮਿਲੀ ਸੀ।

ਚੇਨਈ ਦੀ ਟੀਮ ਨੇ ਬਾਅਦ 'ਚ ਖਿਤਾਬ ਜਿੱਤਿਆ ਸੀ। ਆਈ.ਐੱਸ.ਐੱਲ. 'ਚ ਦੋ ਟੀਮਾਂ ਏ.ਟੀ.ਕੇ. ਅਤੇ ਚੇਨਈਅਨ ਐੱਫ.ਸੀ. ਨੇ ਖਿਤਾਬ ਜਿੱਤੇ ਸਨ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਦੋਵੇਂ ਟੀਮਾਂ ਇਸ ਸੀਜ਼ਨ 'ਚ ਆਪਣਾ ਪੈਰ ਨਾ ਜਮਾ ਸਕੀਆਂ। ਇਸ ਸੀਜ਼ਨ 'ਚ ਅਜੇ ਤਕ ਕੁਲ ਨੌ ਮੈਚ ਹੋਏ ਹਨ ਅਤੇ ਦੋ ਸਾਬਕਾ ਚੈਂਪੀਅਨ ਹੀ ਅਜਿਹੀਆਂ ਟੀਮਾਂ ਹਨ ਜੋ ਜਿੱਤ ਦਾ ਖਾਤਾ ਵੀ ਨਹੀਂ ਖੋਲ ਸਕੀਆਂ ਹਨ। ਚੇਨਈਅਨ ਨੇ ਇਸ ਸੀਜ਼ਨ ਦੀ ਸ਼ੁਰੂਆਤ ਦੋ ਹਾਰ ਦੇ ਨਾਲ ਕੀਤੀ ਸੀ। ਉਸ ਨੂੰ ਬੈਂਗਲੁਰੂ ਅਤੇ ਗੋਆ ਦੇ ਖਿਲਾਫ ਹਾਰ ਮਿਲੀ ਹੈ। ਏ.ਟੀ.ਕੇ. ਨੇ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ।

ਸਟੀਵ ਕੋਪੇਲ ਦੀ ਟੀਮ ਨੂੰ ਪਹਿਲੇ ਮੈਚ 'ਚ ਕੇਰਲ ਬਲਾਸਟਰਸ ਤੋਂ ਹਾਰ ਮਿਲੀ ਸੀ ਅਤੇ ਦੂਜੇ ਮੁਕਾਬਲੇ 'ਚ ਉਸ ਨੂੰ ਨਾਰਥਈਸਟ ਨੇ ਹਰਾਇਆ ਸੀ। ਇਹ ਟੀਮ ਤਾਂ ਇਸ ਸੀਜ਼ਨ 'ਚ ਇਕ ਵੀ ਗੋਲ ਨਹੀਂ ਕਰ ਸਕੀ ਹੈ। ਕੋਪੇਲ ਨੇ ਕਿਹਾ, ''ਯਕੀਨੀ ਤੌਰ 'ਤੇ ਇਹ ਸਾਡੇ ਅੰਦਾਜ਼ੇ ਦੇ ਮੁਤਾਬਕ ਨਹੀਂ ਰਹੀ। ਇਹ ਲੀਗ 400 ਮੀਟਰ ਰੇਸ ਦੀ ਤਰ੍ਹਾਂ ਹੈ। ਅਜਿਹੇ 'ਚ ਅਸੀਂ ਵਾਪਸੀ ਦੀ ਕੋਸ਼ਿਸ ਕਰ ਰਹੇ ਹਾਂ। ਸਾਡੇ ਕੋਲ ਅਗਲੇ ਮੈਚ ਤੋਂ ਪਹਿਲਾਂ ਕੁਝ ਦਿਨ ਆਰਾਮ ਕਰਨ ਲਈ ਹਨ। ਦਿੱਲੀ ਖਿਲਾਫ ਸਾਡਾ ਮੈਚ ਮੁਸ਼ਕਲ ਹੋਵੇਗਾ। ਅਸੀਂ ਵਾਪਸੀ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ।''