ਭਾਰਤ ਨੂੰ ਲੱਗ ਸਕਦੈ ਵੱਡਾ ਝਟਕਾ, ਸੱਟ ਕਾਰਨ ਇਸ਼ਾਂਤ ਦਾ ਦੂਜੇ ਟੈਸਟ ਮੈਚ ’ਚ ਖੇਡਣਾ ਸ਼ੱਕੀ

02/28/2020 1:48:36 PM

ਸਪੋਰਟਸ ਡੈਸਕ— ਇਸ਼ਾਂਤ ਸ਼ਰਮਾ ਆਪਣੇ ਸੱਜੇ ਗਿੱਟੇ ਦੀ ਸੱਟ ਦੇ ਦੁਬਾਰਾ ਉਭਰ ਆਉਣ ਕਾਰਨ 29 ਫਰਵਰੀ 2020 ਤੋਂ ਕ੍ਰਾਈਸਟਚਰਚ ’ਚ ਨਿਊਜ਼ੀਲੈਂਡ ਦੇ ਖਿਲਾਫ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ’ਚ ਖੇਡਣ ਤੋਂ ਵਾਂਝੇ ਰਹਿ ਸਕਦੇ ਹਨ।  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਕੀਤੀ ਗਈ ਪੋਸਟ ਤੋਂ ਵੀ ਕੁਝ ਅਜਿਹੇ ਹੀ ਸੰਕੇਤ ਮਿਲੇ ਹਨ। ਬੀ. ਸੀ. ਸੀ. ਆਈ. ਨੇ ਵੀਰਵਾਰ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਟੀਮ ਇੰਡੀਆ ਦੇ ਪ੍ਰੈਕਟਿਸ ਸੈਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ’ਚ ਉਮੇਸ਼ ਯਾਦਵ ਅਤੇ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਦਾ ਅਭਿਆਸ ਕਰਦੇ ਦਿਸ ਰਹੇ ਸਨ ਜਦਕਿ ਇਸ਼ਾਂਤ ਕਿਸੇ ਵੀ ਤਸਵੀਰ ’ਚ ਦਿਖਾਈ ਨਹੀਂ ਦੇ ਰਹੇ ਸਨ।

ਇਕ ਸੂਤਰ ਮੁਤਾਬਕ ਵੀਰਵਾਰ ਨੂੰ ਨੈੱਟਸ ’ਚ ਲਗਭਗ 20 ਮਿੰਟ ਤਕ ਗੇਂਦਬਾਜ਼ੀ ਕਰਨ ਦੇ ਬਾਅਦ ਇਸ਼ਾਂਤ ਨੇ ਗਿੱਟੇ ’ਚ ਦਰਦ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਇਸ ਸਬੰਧ ’ਚ ਟੀਮ ਪ੍ਰਬੰਧਨ ਨੂੰ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਅੱਜ ਭਾਵ 28 ਫਰਵਰੀ ਨੂੰ ਮੈਡੀਕਲ ਟੈਸਟ ਲਈ ਭੇਜਿਆ ਗਿਆ ਸੀ। ਟੈਸਟ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਖਬਰਾਂ ਮੁਤਾਬਕ ਇਸ਼ਾਂਤ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਉਮੇਸ਼ ਕ੍ਰਿਕਟ ’ਚ ਡੈਬਿਊ ਕਰਨ ਤੋਂ ਪਹਿਲਾਂ ਫੌਜੀ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਲਈ ਅਪਲਾਈ ਵੀ ਕੀਤਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹ ਫੌਜੀ ਬਣਨ ਦੀ ਬਜਾਏ ਕ੍ਰਿਕਟਰ ਬਣ ਗਏ। ਜ਼ਿਕਰਯੋਗ ਹੈ ਕਿ ਦੂਜਾ ਟੈਸਟ ਮੈਚ ਭਾਰਤੀ ਸਮੇਂ ਮੁਤਾਬਕ 29 ਫਰਵਰੀ ਦੀ ਸਵੇਰ 4 ਵਜੇ ਤੋਂ ਖੇਡਿਆ ਜਾਵੇਗਾ।

Tarsem Singh

This news is Content Editor Tarsem Singh