ਇਰਫਾਨ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਬਣੇ ਪਹਿਲੇ ਭਾਰਤੀ ਐਥਲੀਟ

03/17/2019 5:22:28 PM

ਨਵੀਂ ਦਿੱਲੀ— ਰਾਸ਼ਟਰੀ ਰਿਕਾਰਡਧਾਰੀ ਕੇਟੀ ਇਰਫਾਨ ਜਾਪਾਨ ਦੇ ਨੋਮੀ 'ਚ ਐਤਵਾਰ ਨੂੰ ਏਸ਼ੀਆਈ ਪੈਦਲ ਚਾਲ ਚੈਂਪੀਅਨਸ਼ਿਪ ਦੇ 20 ਕਿਲੋਮੀਟਰ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹਿੰਦੇ ਹੋਏ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ। ਇਰਫਾਨ ਨੇ ਇਕ ਘੰਟੇ 20 ਮਿੰਟ ਅਤੇ 57 ਸਕਿੰਟ ਦਾ ਸਮਾਂ ਲਿਆ ਜਦਕਿ ਟੋਕੀਓ ਓਲੰਪਿਕ ਲਈ ਕੁਆਲੀਫਿਕੇਸ਼ਨ ਮਾਰਕ 1 ਘੰਟਾ ਅਤੇ 21 ਮਿੰਟ ਸੀ। 

ਐਥਲੈਟਿਕ 'ਚ ਇਰਫਾਨ ਤੋਂ ਇਲਾਵਾ ਕਿਸੇ ਹੋਰ ਭਾਰਤੀ ਨੇ 2020 ਓਲਪਿਕ ਦਾ ਟਿਕਟ ਹਾਸਲ ਨਹੀਂ ਕੀਤਾ ਹੈ। ਇਰਫਾਨ ਨੇ ਇਸ ਦੇ ਨਾਲ ਹੀ ਕਤਰ ਦੇ ਦੋਹਾ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ (27 ਸਤੰਬਰ ਤੋਂ 6 ਅਕਤੂਬਰ) ਲਈ ਵੀ ਕੁਆਲੀਫਾਈ ਕਰ ਲਿਆ। ਇਸ ਲਈ ਕੁਆਲੀਫਾਇੰਗ ਮਾਰਕ ਇਕ ਘੰਟਾ 22 ਮਿੰਟ ਅਤੇ 30 ਸਕਿੰਟ ਸੀ। ਇਰਫਾਨ ਤੋਂ ਇਲਾਵਾ ਦਵਿੰਦਰ ਸਿੰਘ ਅਤੇ ਗਣਪਤੀ ਕ੍ਰਿਸ਼ਨਨ ਨੇ ਵੀ ਕ੍ਰਮਵਾਰ ਇਕ ਘੰਟੇ 21 ਮਿੰਟ ਅਤੇ 22 ਸਕਿੰਟ ਅਤੇ ਇਕ ਘੰਟਾ 22 ਮਿੰਟ ਅਤੇ 12 ਸਕਿੰਟ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਲਾਈਫਾਈ ਕੀਤਾ। ਮਹਿਲਾਵਾਂ ਦੇ 20 ਕਿਲੋਮਟੀਰ ਪੈਦਲ ਚਾਲ 'ਚ ਸੌਮਿਆ ਦੇਵੀ ਇਕ ਘੰਟਾ 36 ਮਿੰਟ ਅਤੇ 8 ਸਕਿੰਟ ਦੇ ਸਮੇਂ ਨਾਲ ਚੌਥੇ ਸਥਾਨ 'ਤੇ ਰਹੀ ਪਰ ਉਹ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।