ਹੁਣ ਮਿਲੇਗੀ ਆਈ.ਪੀ.ਐੱਲ. ਨੂੰ ਟੱਕਰ, ਦੱਖਣੀ ਅਫਰੀਕਾ ਨੇ ਲਾਂਚ ਕੀਤਾ ਇਹ ਟੂਰਨਾਮੈਂਟ

06/01/2017 3:18:45 PM

ਜੋਹਾਨਸਬਰਗ— ਕ੍ਰਿਕਟ ਦੱਖਣੀ ਅਫਰੀਕਾ ਯਾਨੀ ਸੀ.ਐੱਸ.ਏ. ਨੇ ਆਪਣੀਆਂ 8 ਟੀਮਾਂ ਦੀ ਟੀ-20 ਲੀਗ ਲਾਂਚ ਕਰ ਦਿੱਤੀ ਹੈ ਤੇ ਇਸ ਦੇ ਮੁੱਖ ਕਰਾਜਕਾਰੀ ਹਾਰੂਨ ਲੋਰਗਟ ਨੇ ਕਿਹਾ ਕਿ ਇਹ ਟੂਰਨਾਮੈਂਟ ਆਈ.ਪੀ.ਐੱਲ. ਵਰਗੀ ਲੋਕਪ੍ਰਿਯਾ ਪ੍ਰਤੀਯੋਗਤਾ ਦੀ ਟੱਕਰ ਦਾ ਹੋਵੇਗਾ। ਕ੍ਰਿਕਟ ਦੱਖਣੀ ਅਫਰੀਕਾ ਦੇ ਸੀ.ਈ.ਓ. ਲੋਰਗਟ ਨੂੰ ਵਿਸ਼ਵਾਸ ਹੈ ਕਿ ਪਹਿਲਾ 'ਟੀ-20 ਗਲੋਬਲ ਲੀਗ' ਕਾਫੀ ਸਫਲ ਰਹੇਗਾ। ਉਨ੍ਹਾਂ ਨੇ ਕਿਹਾ, ''ਅਸੀਂ ਸਾਰੇ ਦੱਖਣੀ ਅਫਰੀਕਾ 'ਚ ਕ੍ਰਿਕਟ ਸੰਸਕ੍ਰਿਤੀ ਤੇ ਪ੍ਰਸ਼ੰਸਕਾਂ ਬਾਰੇ ਜਾਣਦੇ ਹਾਂ ਤੇ ਸਮਝਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਪ੍ਰਤੀਯੋਗਤਾ ਦੀ ਉਮੀਦ ਕਰਦੇ ਹਨ। ਭਾਵੇਂ ਇਹ ਹੋਰਾਂ ਟੂਰਨਾਮੈਂਟਾਂ ਤੋਂ ਅੱਗੇ ਨਾ ਨਿਕਲੇ ਪਰ ਉਨ੍ਹਾਂ ਦੀ ਟੱਕਰ ਦਾ ਹੋਵੇਗਾ।


ਲੋਰਗਟ ਨੇ ਕਿਹਾ ਕਿ ਇਸ ਸਾਲ ਅਕਤੂਬਰ 'ਚ ਪਹਿਲੇ ਟੂਰਨਾਮੈਂਟ ਦੇ ਆਯੋਜਨ ਤੋਂ ਪਹਿਲੇ ਕਾਫੀ ਕੰਮ ਅਜੇ ਬਾਕੀ ਹੈ। ਉਨ੍ਹਾਂ ਨੇ ਕਿਹਾ, ''ਅਧਿਕਾਰੀ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤੇ ਇਨ੍ਹਾਂ 8 ਟੀਮਾਂ ਨੂੰ ਖਰੀਦਣ 'ਚ ਕਾਫੀ ਲੋਕਾਂ ਨੇ ਦਿਲਚਸਪੀ ਦਿਖਾਈ ਹੈ।'' ਲੀਗ ਦੀਆਂ 8 ਟੀਮਾਂ ਦੇ ਮਾਲਕਾਂ ਦਾ ਐਲਾਨ ਖਿਡਾਰੀਆਂ ਦੇ ਨਾਲ 19 ਜੂਨ ਨੂੰ ਲੰਡਨ 'ਚ ਕੀਤਾ ਜਾਵੇਗਾ, ਜਿੱਥੇ ਹੁਣ ਆਈ.ਸੀ.ਸੀ. ਚੈਂਪੀਅਨਸ ਟਰਾਫੀ ਖੇਡੀ ਜਾ ਰਹੀ ਹੈ। ਇਨ੍ਹਾਂ 8 ਟੀਮਾਂ 'ਚ ਦੇਸ਼ ਤੇ ਵਿਦੇਸ਼ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ।