IPL ਦਾ ਵੱਡਾ ਧਮਾਕਾ, ਕੈਚ ਫੜਨ ਵਾਲੇ ਦਰਸ਼ਕਾਂ ਨੂੰ ਦੇਵਾਂਗੇ 'ਲਗਜ਼ਰੀ ਗੱਡੀਆਂ'

03/05/2019 2:45:50 PM

ਨਵੀਂ ਦਿੱਲੀ : ਆਈ. ਪੀ. ਐੱਲ. ਦੇ ਸੀਜ਼ਨ 12 ਦਾ ਧਮਾਕਾ ਦੇਖਣ ਲਈ ਪ੍ਰਸ਼ੰਸਕ ਪੂਰੀ ਤਰ੍ਹਾਂ ਤਿਆਰ ਹਨ। ਇਹ ਸੀਜ਼ਨ 23 ਮਾਰਚ ਨੂੰ ਸ਼ੁਰੂ ਹੋਵੇਗਾ ਪਰ ਇਸ ਤੋਂ ਪਹਿਲਾਂ ਆਈ. ਪੀ. ਐੱਲ. ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਅਜਿਹੀ ਹੈ ਜੋ ਤੁਹਾਨੂੰ ਮੈਚ ਦੇਖਣ ਲਈ ਸਟੇਡੀਅਮ ਤੱਕ ਆਉਣ ਲਈ ਮਜਬੂਰ ਕਰ ਦੇਵੇਗੀ। ਦਰਅਸਲ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਕੋਲ ਹੁਣ ਹਰ ਮੈਚ ਵਿਚ ਐੱਸ. ਯੂ. ਵੀ. ਕਾਰ ਜਿੱਤਣ ਜਿੱਤਣ ਦਾ ਮੌਕਾ ਹੋਵੇਗਾ।

ਬੀ. ਸੀ. ਸੀ. ਆਈ. ਨੇ ਸੋਮਵਾਰ ਨੂੰ ਟਾਟਾ ਮੋਟਰਸ ਦੇ ਟਾਟਾ ਐੱਸ. ਯੂ. ਵੀ. ਨੂੰ ਆਈ. ਪੀ. ਐੱਲ. 19 ਦਾ ਲੀਡ ਬ੍ਰਾਂਡ ਐਲਾਨਿਆ ਹੈ ਅਤੇ ਇਸ ਕੰਪਨੀ ਨੇ ਸਟੇਡੀਅਮ ਦੇ ਅੰਦਰ ਆਉਣ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ ਪਰ ਇਹ ਤੋਹਫਾ ਹਾਸਲ ਕਰਨ ਲਈ ਇਨ੍ਹਾਂ ਦਰਸ਼ਕਾਂ ਨੂੰ ਕੁਝ ਖਾਸ ਕਰਨਾ ਹੋਵੇਗਾ। ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ਦੌਰਾਨ ਹੈਰਿਅਰ ਫੈਨ ਕੈਚ ਪ੍ਰਤੀਯੋਗਿਤਾ ਦੇ ਆਗਾਜ਼ ਦਾ ਐਲਾਨ ਕੀਤਾ ਹੈ। ਇਸ ਪ੍ਰਤੀਯੋਗਿਤਾ ਦੇ ਤਹਿਤ ਹਰ ਮੈਚ ਵਿਚ ਇਕ ਹੱਥ ਨਾਲ ਕੈਚ ਲੈਣ ਲਈ ਇਕ ਲੱਖ ਰੁਪਏ ਮਿਲਣਗੇ ਅਤੇ ਜੋ ਕੈਚ ਸਭ ਤੋਂ ਚੰਗਾ ਹੋਵੇਗਾ, ਉਸ ਨੂੰ ਫੜਨ ਵਾਲੇ ਦਰਸ਼ਕ ਨੂੰ ਨਵੀਂ ਸਪੋਰਟਸ ਯੂਟਿਲਿਟੀ ਵ੍ਹੀਕਲ (ਐੱਸ. ਯੂ. ਵੀ. ਕਾਰ) ਆਪਣੇ ਘਰ ਲੈ ਕੇ ਜਾਣ ਦਾ ਮੌਕਾ ਮਿਲੇਗਾ।

ਐੱਸ. ਯੂ. ਵੀ. ਕਾਰ ਸੀਜ਼ਨ ਦੇ ਆਖਰ ਤੱਕ ਉਨ੍ਹਾਂ ਦਰਸ਼ਕਾਂ ਨੂੰ ਮਿਲੇਗੀ ਜਿਨ੍ਹਾਂ ਨੇ ਸਭ ਤੋਂ ਵੱਧ ਸ਼ਾਨਦਾਰ ਕੈਚ ਫੜੇ ਹੋਣਗੇ। ਪ੍ਰਸ਼ੰਸਕਾਂ ਨੂੰ ਅਜਿਹਾ ਲਾਲਚ ਦੇਣ ਦੇ ਪਿੱਛੇ ਦਾ ਕਾਰਨ ਇਹ ਵੀ ਹੈ ਤਾਂ ਜੋ ਮੈਚ ਦੇਖਣ ਜ਼ਿਆਦਾ ਦਰਸ਼ਕ ਇਕੱਠੇ ਹੋਣ ਕਿਉਂਕਿ ਇਸ ਵਾਰ ਵਿਸ਼ਵ ਕੱਪ ਕਾਰਨ ਕਈ ਧਾਕੜ ਖਿਡਾਰੀ ਆਈ. ਪੀ. ਐੱਲ. ਤੋਂ ਬਾਹਰ ਵੀ ਰਹਿ ਸਕਦੇ ਹਨ। ਆਈ. ਪੀ. ਐੱਲ. 2019 ਦੀ ਸ਼ੁਰੂਆਤ 23 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਜਿੱਥੇ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਸ ਬੰਗਲੁਰੂ ਵਿਚਾਲੇ ਖੇਡਿਆ ਜਾਵੇਗਾ। ਫਿਲਹਾਲ ਲੋਕਸਭਾ ਚੋਣਾਂ ਦੀ ਤਾਰੀਖਾਂ ਦਾ ਇੰਤਜ਼ਾਰ ਹੋ ਰਿਹਾ ਹੈ ਇਸ ਲਈ ਟੂਰਨਾਮੈਂਟ ਦੇ ਸ਼ੁਰੂਆਤੀ 17 ਮੈਚਾਂ ਦਾ ਹੀ ਐਲਾਨ ਕੀਤਾ ਗਿਆ ਹੈ।