ਕੋਰੋਨਾ ਵਾਇਰਸ ਦਾ ਅਸਰ : 21 ਦਿਨ ਦੇ ਲਾਕਡਾਊਨ ਕਾਰਨ IPL ਟਲਣਾ ਤੈਅ

03/25/2020 12:25:23 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਦੇਸ਼ ਭਰ ਵਿਚ 21 ਦਿਨ ਦੇ ਲਾਕਡਾਊਨ ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਦਾ ਟਲਣਾ ਵੀ ਤੈਅ ਹੋ ਗਿਆ ਹੈ।
ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਨੂੰ ਮੂਲ ਪ੍ਰੋਗਰਾਮ ਅਨੁਸਾਰ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਨੂੰ ਵਿਸ਼ਵ ਪੱਧਰੀ ਮਾਹਾਮਾਰੀ ਐਲਾਨ ਕੀਤੇ ਜਾਣੇ ਕਾਰਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਸ ਨੂੰ 15 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੇਸ਼ ਵਿਚ 21 ਦਿਨ ਦੇ ਲਾਕਡਾਊਨ ਕਾਰਣ ਇਹ ਸੰਭਾਵਨਾ ਵਧ ਗਈ ਹੈ ਕਿ ਆਈ. ਪੀ. ਐੱਲ. ਦਾ ਹੋਣਾ ਹੁਣ ਮੁਸ਼ਕਿਲ ਹੈ। ਬੀ. ਸੀ. ਸੀ. ਆਈ. ਆਪਣੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਚੁੱਕੀ ਹੈ, ਦੁਨੀਆ ਭਰ ਵਿਚ ਜ਼ਿਆਦਾਤਰ ਖੇਡ ਟੂਰਨਾਮੈਂਟ ਜਾਂ ਤਾਂ ਮੁਲਤਵੀ  ਕੀਤੇ ਜਾ ਚੁੱਕੇ ਹਨ ਜਾਂ ਫਿਰ ਰੱਦ ਹੋ ਚੁੱਕੇ ਹਨ। ਹਰ ਦੇਸ਼ ਨੇ ਆਪਣੇ ਦੇਸ਼ ਵਿਚ ਕ੍ਰਿਕਟ ਨੂੰ ਮੁਲਤਵੀ ਕਰ ਰੱਖਿਆ ਹੈ। ਵਿਦੇਸ਼ੀ ਖਿਡਾਰੀਆਂ ਦੇ ਹੁਣ ਭਾਰਤ 'ਚ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।

ਪਹਿਲਾਂ ਤੋਂ ਹੀ 15 ਅਪ੍ਰੈਲ ਤਕ ਮੁਲਤਵੀ ਆਈ. ਪੀ. ਐੱਲ. ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਵਧਦੀ ਜਾ ਰਹੀ ਹੈ ਕਿਉਂਕਿ ਬੀ. ਸੀ. ਸੀ. ਆਈ. ਨੇ ਫ੍ਰੈਂਚਾਇਜ਼ੀ ਮਾਲਕਾਂ ਨਾਲ ਨਿਰਧਾਰਤ ਕਾਨਫਰੰਸ ਕਾਲ ਮੁਲਤਵੀ ਕਰ ਦਿੱਤੀ ਸੀ। ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਸਹਿ-ਮਾਲਕ ਨੇਸ ਵਾਡੀਆ ਨੇ ਕਿਹਾ ਸੀ, ''ਸਭ ਤੋਂ ਪਹਿਲਾਂ ਇਨਸਾਨੀਅਤ ਹੈ। ਸਭ ਕੁਝ ਉਸ ਤੋਂ ਬਾਅਦ। ਜੇਕਰ ਹਾਲਾਤ ਨਹੀਂ ਸੁਧਰਦੇ ਤਾਂ ਇਸ ਬਾਰੇ ਵਿਚ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ। ਆਈ. ਪੀ. ਐੱਲ. ਨਹੀਂ ਹੁੰਦਾ ਤਾਂ ਇਹ ਹੀ ਸਹੀ।'' ਇਕ ਹੋਰ ਫ੍ਰੈਂਚਾਇਜ਼ੀ ਮਾਲਕ ਨੇ ਕਿਹਾ ਸੀ, ''ਇਸ ਸਮੇਂ ਕੁਝ ਵੀ ਗੱਲ ਕਰਨ ਦਾ ਫਾਇਦਾ ਨਹੀਂ ਹੈ। ਪੂਰੇ ਦੇਸ਼ ਵਿਚ ਲਾਕਡਾਊਨ ਹੈ। ਸਾਡੇ ਸਾਹਮਣੇ ਆਈ. ਪੀ. ਐੱਲ. ਤੋਂ ਵੀ ਅਹਿਮ ਮਾਮਲਾ ਹੈ।'' 8 ਟੀਮਾਂ ਦੀ ਇਹ ਲੀਗ 29 ਮਾਰਚ ਤੋਂ ਸ਼ੁਰੂ ਹੋਣੀ ਸੀ, ਜਿਸ ਨੂੰ 15 ਅਪ੍ਰੈਲ ਤਕ ਟਾਲ ਦਿੱਤਾ ਗਿਆ  ਹੈ।

Ranjit

This news is Content Editor Ranjit