IPL 2023: ਮੋਇਨ ਦੀ 'ਫ਼ਿਰਕੀ' ਨੇ ਪਲਟਿਆ ਪਾਸਾ, ਚੇਨਈ ਨੇ ਲਖਨਊ ਨੂੰ ਹਰਾਇਆ

04/03/2023 11:32:53 PM

ਸਪੋਰਟਸ ਡੈਸਕ: ਆਈ.ਪੀ.ਐੱਲ. ਦੇ ਵਿਚ ਅੱਜ ਲਖਨਊ ਸੁਪਰ ਜਾਇੰਟਸ ਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਚੇਨਈ ਨੇ ਨਿਰਧਾਰਿਤ 20 ਓਵਰਾਂ ਵਿਚ ਲਖਨਊ ਨੂੰ 218 ਦੌੜਾਂ ਦਾ ਟੀਚਾ ਦਿੱਤਾ ਸੀ। ਸਲਾਮੀ ਬੱਲੇਬਾਜ਼ ਕਾਇਲ ਮਾਯਰਸ ਦੇ 21 ਗੇਂਦਾਂ ਵਿਚ ਜੜੇ ਅਰਧ ਸੈਂਕੜੇ ਸਦਕਾ ਲਖ਼ਨਊ ਦੀ ਧਮਾਕੇਦਾਰ ਸ਼ੁਰੂਆਤ ਹੋਈ, ਪਰ ਮੋਇਨ ਅਲੀ ਦੀ ਫ਼ਿਰਕੀ ਨੇ ਪਾਸਾ ਫਿਰ ਚੇਨਈ ਵੱਲ ਪਲਟਾ ਦਿੱਤਾ। ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਲਖਨਊ 12 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ।

ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ

ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਚੇਨਈ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ। ਰੁਤੂਰਾਜ ਗਾਇਕਵਾੜ ਨੇ 31 ਗੇਂਦਾਂ ਵਿਚ 37 ਅਤੇ ਕਾਨਵੇ ਨੇ 29 ਗੇਂਦਾਂ ਵਿਚ 47 ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਸਦਕਾਂ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 217 ਦੌੜਾਂ ਬਣਾਈਆਂ।

ਇਹ ਖ਼ਬਰ ਵੀ ਪੜ੍ਹੋ - IPL 2023: ਕੋਹਲੀ ਤੇ ਡੂ ਪਲੇਸੀ ਦੇ ਤੂਫ਼ਾਨ 'ਚ ਉੱਡੀ MI, RCB ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸਫ਼ਰ

ਟੀਚੇ ਦਾ ਪਿੱਛਾ ਕਰਨ ਉਤਰੀ ਲਖ਼ਨਊ ਦੀ ਟੀਮ ਨੇ ਪਾਵਰਪਲੇ ਵਿਚ 1 ਵਿਕਟ ਗੁਆ ਕੇ 80 ਦੌੜਾਂ ਬਣਾ ਲਈਆਂ ਸਨ। ਕਾਇਲ ਮਾਯਰਸ ਨੇ 22 ਗੇਂਦਾਂ ਵਿਚ 2 ਛੱਕਿਆਂ ਤੇ 8 ਚੌਕਿਆਂ ਸਦਕਾ 53 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਛੇਵੇਂ ਓਵਰ ਵਿਚ ਉਹ ਮੋਇਨ ਅਲੀ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਸਪਿੱਨਰਾਂ ਨੇ ਦੌੜਾਂ ਦੀ ਰਫ਼ਤਾਰ ਨੂੰ ਹੌਲੀ ਕੀਤਾ। ਮੋਇਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲੈ ਕੇ ਚੇਨਈ ਦੀ ਮੈਚ ਵਿਚ ਵਾਪਸੀ ਕਰਵਾਈ। ਉਸ ਨੇ ਆਪਣੇ ਕੋਟੇ ਦੇ 4 ਓਵਰਾਂ ਵਿਚ ਮਹਿਜ਼ 26 ਦੌੜਾਂ ਹੀ ਦਿੱਤੀਆਂ। ਤੁਸ਼ਾਰ ਦੇਸ਼ਪਾਂਡੇ ਤੇ ਮਿਚਲ ਸੈਂਟਨਰ ਨੇ ਵੀ 1-1 ਵਿਕਟ ਲਈ। ਅਖੀਰ ਵਿਚ ਪੂਰਨ (32), ਸਟੋਇਨਿਸ (21), ਬਡੌਨੀ ਤੇ ਕੇ.ਗੌਤਮ (23) ਦੀਆਂ ਕੋਸ਼ਿਸ਼ਾਂ ਵੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੀਆਂ। ਲਖਨਊ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ।

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra