IPL 2023 : ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ

05/14/2023 11:12:23 PM

ਸਪੋਰਟਸ ਡੈਸਕ : ਸੁਨੀਲ ਨਾਰਾਇਣ (15 ਦੌੜਾਂ ’ਤੇ 2 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਨਿਤਿਸ਼ ਰਾਣਾ (ਅਜੇਤੂ 57) ਤੇ ਰਿੰਕੂ ਸਿੰਘ (54) ਵਿਚਾਲੇ 76 ਗੇਂਦਾਂ ’ਚ 99 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਨੇ ਆਈ. ਪੀ. ਐੱਲ. ਟੀ-20 ਮੈਚ ਵਿਚ ਐਤਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੂੰ 6 ਵਿਕਟਾਂ ’ਤੇ 144 ਦੌੜਾਂ ’ਤੇ ਰੋਕਣ ਤੋਂ ਬਾਅਦ ਕੇ. ਕੇ. ਆਰ. ਨੇ 18.3 ਓਵਰਾਂ ਵਿਚ 4 ਵਿਕਟਾਂ ’ਤੇ ਟੀਚਾ ਹਾਸਲ ਕਰ ਲਿਆ। 
ਕੇ. ਕੇ. ਆਰ. ਦੀ 13 ਮੈਚਾਂ ਵਿਚੋਂ ਇਹ 6ਵੀਂ ਜਿੱਤ ਹੈ ਤੇ ਟੀਮ 12 ਅੰਕਾਂ ਨਾਲ ਅਗਰ-ਮਗਰ ਦੇ ਪਲੇਅ ਆਫ ਦੀ ਦੌੜ ਵਿਚ ਬਰਕਰਾਰ ਹੈ। ਚੇਨਈ ਕੋਲ ਇਸ ਮੈਚ ਨੂੰ ਜਿੱਤ ਕੇ ਪਲੇਅ ਆਫ ਵਿਚ ਜਗ੍ਹਾ ਪੱਕੀ ਕਰਨ ਦਾ ਮੌਕਾ ਸੀ ਪਰ ਉਸ ਨੂੰ ਹੁਣ ਇੰਤਜ਼ਾਰ ਕਰਨਾ ਪਵੇਗਾ। 

ਇਹ ਵੀ ਪੜ੍ਹੋ : ਭਾਰਤ ਸੁਦੀਰਮਨ ਕੱਪ ਦੇ ਪਹਿਲੇ ਮੁਕਾਬਲੇ 'ਚ ਚੀਨੀ ਤਾਈਪੇ ਤੋਂ 1-4 ਨਾਲ ਹਾਰਿਆ

ਟੀਚੇ ਦਾ ਪਿੱਛਾ ਕਰਦਿਆਂ ਚੇਨਈ ਨੇ ਪਾਵਰਪਲੇਅ ਵਿਚ 3 ਵਿਕਟਾਂ ਲੈ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਰਿੰਕੂ ਤੇ ਨਿਤਿਸ਼ ਨੇ ਇਸ ਮੈਦਾਨ ’ਤੇ ਚੌਥੀ ਵਿਕਟ ਲਈ ਰਿਕਾਰਡ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਤੈਅ ਕਰ ਦਿੱਤੀ। ਨਿਤਿਸ਼ ਨੂੰ 11ਵੇਂ ਓਵਰ ਵਿਚ ਮੋਇਨ ਅਲੀ ਦੀ ਗੇਂਦ ’ਤੇ ਮਥੀਸ਼ਾ ਪਥਿਰਾਨਾ ਨੇ ਕੈਚ ਛੱਡ ਕੇ ਜੀਵਨਦਾਨ ਦਿੱਤਾ। ਉਸ ਸਮੇਂ ਉਹ 18 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ। ਉਸ ਨੇ 44 ਗੇਂਦਾਂ ਦੀ ਅਜੇਤੂ ਪਾਰੀ ਵਿਚ 6 ਚੌਕੇ ਤੇ 1 ਛੱਕਾ ਲਾਇਆ। ਮੈਨ ਆਫ ਦਿ ਮੈਚ ਰਿੰਕੂ ਨੇ 43 ਗੇਂਦਾਂ ਦੀ ਪਾਰੀ ਵਿਚ 4 ਚੌਕੇ ਤੇ 3 ਛੱਕੇ ਲਾਏ। ਚੇਨਈ ਲਈ ਦੀਪਕ ਚਾਹਰ ਨੇ 3 ਓਵਰਾਂ ਵਿਚ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਹ ਇਸ ਦੌਰਾਨ ਆਈ. ਪੀ. ਐੱਲ. ਦੇ ਪਾਵਰ ਪਲੇਅ ਵਿਚ 50 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ। 

ਇਸ ਲਈ ਹਾਰੀ ਚੇਨਈ

ਮਿਡਲ ਆਰਡਰ ਫੇਲ : ਚੇਨਈ ਦਾ ਮਿਡਲ ਆਰਡਰ ਫਿਰ ਤੋਂ ਫੇਲ ਹੋ ਗਿਆ। ਰਾਇਡੂ 4, ਮੋਇਨ ਅਲੀ 1 ਤੇ ਰਹਾਨੇ 16 ਦੌੜਾਂ ਹੀ ਬਣਾ ਸਕੇ। ਜਡੇਜਾ ਨੇ 24 ਗੇਂਦਾਂ ’ਚੇ 20 ਦੌੜਾਂ ਬਣਾਈਆਂ।
ਇਕ ਹੀ ਗੇਂਦਬਾਜ਼ ਚੱਲਿਆ : ਚੇਨਈ ਲਈ ਸਿਰਫ ਦੀਪਕ ਚਾਹਰ ਹੀ 3 ਵਿਕਟਾਂ ਲੈ ਸਕਿਆ। ਤੁਸ਼ਾਰ ਦੇਸ਼ਪਾਂਡੇ, ਤੀਕਸ਼ਣਾ, ਪਥਿਰਾਨਾ ਤੇ ਜਡੇਜਾ ਵਿਕਟ ਲੈਣ ਲਈ ਜੂਝਦੇ ਦਿਸੇ। 
ਰਿੰਕੂ ਦਾ ਤੋੜ ਨਹੀਂ : ਚੇਨਈ ਨੇ ਕੋਲਕਾਤਾ ਦੀਆਂ 3 ਵਿਕਟਾਂ 33 ਦੌੜਾਂ ’ਤੇ ਕੱਢ ਲਈਆਂ ਸਨ ਪਰ ਰਿੰਕੂ ਸਿੰਘ 43 ਗੇਂਦਾਂ ’ਤੇ 54 ਦੌੜਾਂ ਬਣਾ ਕੇ ਮੈਚ ਚੇਨਈ ਦੇ ਹੱਥੋਂ ਖੋਹ ਕੇ ਲੈ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Manoj

This news is Content Editor Manoj