IPL 2021 : ਦਿੱਲੀ ਕੈਪੀਟਲਸ ਨੂੰ ਲੱਗਾ ਵੱਡਾ ਝਟਕਾ, ਇਸ ਧਾਕੜ ਖਿਡਾਰੀ ਨੇ ਵਾਪਸ ਲਿਆ ਨਾਂ

09/12/2021 1:24:54 PM

ਸਪੋਰਟਸ ਡੈਸਕ- ਜੋਨੀ ਬੇਅਰਸਟੋ ਤੇ ਡੇਵਿਡ ਮਲਾਨ ਦੇ ਬਾਅਦ ਇੰਗਲੈਂਡ ਦੇ ਤੀਜੇ ਖਿਡਾਰੀ ਕ੍ਰਿਸ ਵੋਕਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਬਾਕੀ ਦੇ ਸੈਸ਼ਨ ਤੋਂ ਨਾਂ ਵਾਪਸ ਲੈ ਲਿਆ ਹੈ। ਆਈ. ਪੀ. ਐੱਲ. ਦਾ ਬਾਕੀ ਸੈਸ਼ਨ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ 'ਚ ਖੇਡਿਆ ਜਾਵੇਗਾ। ਵੋਕਸ ਦਿੱਲੀ ਕੈਪੀਟਲਸ ਦੇ ਨਾਲ ਟੀਮ 'ਚ ਸ਼ਾਮਲ ਨਹੀਂ ਹੋਣਗੇ। ਦਸ ਦਈਏ ਕਿ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਨੂੰ ਇਸ ਸਾਲ ਮਈ 'ਚ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਵੋਕਸ ਬਾਕੀ ਆਈ. ਪੀ. ਐੱਲ. ਦੇ ਲਈ ਉਪਲਬਧ ਨਹੀਂ ਹੋਣਗੇ। ਸੂਤਰ ਨੇ ਕਿਹਾ, ਹਾਂ, ਇਹ ਸਹੀ ਹੈ। ਵੋਕਸ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਾਂ ਵਾਪਸ ਲੈ ਲਿਆ ਹੈ ਤੇ ਉਹ ਦਿੱਲੀ ਕੈਪੀਟਲਸ ਕੈਂਪ 'ਚ ਸ਼ਾਮਲ ਨਹੀਂ ਹੋਣਗੇ।

ਪੰਜਾਬ ਕਿੰਗਜ਼ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਐਡੇਨ ਮਾਰਕਰਾਮ ਆਈ. ਪੀ. ਐੱਲ. 2021 ਦੇ ਲਈ ਇੰਗਲੈਂਡ ਦੇ ਡੇਵਿਡ ਮਲਾਨ ਦੀ ਜਗ੍ਹਾ ਲੈਣਗੇ। ਮਲਾਨ ਨੇ ਸੀਜ਼ਨ ਦੇ 14ਵੇਂ ਸੰਸਕਰਣ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਆਈ. ਪੀ. ਐੱਲ. 2021 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਜੋਨੀ ਬੇਅਰਸਟੋ ਵੀ ਇਸ ਸੀਜ਼ਨ 'ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਨਹੀਂ ਖੇਡ ਸਕਣਗੇ ਤੇ ਟੀਮ ਪ੍ਰਬੰਧਨ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ। 

ਪਿਛਲੇ ਮਹੀਨੇ ਪੰਜਾਬ ਕਿੰਗਜ਼ ਨੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੂੰ ਸਾਈਨ ਕੀਤਾ ਸੀ। ਟੀਮ ਨੇ ਝੇ ਰਿਚਰਡਸਨ ਦੀ ਜਗ੍ਹਾ ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ ਨੂੰ ਵੀ ਚੁਣਿਆ ਹੈ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਟਿਮ ਸਾਊਥੀ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਉਹ ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਜਗ੍ਹਾ ਲੈਣਗੇ। ਰਾਇਲ ਚੈਲੰਜਰਜ਼ ਬੈਂਗਲੋਰ (ਆਰ.ਸੀ.ਬੀ) ਨੇ ਆਸਟਰੇਲੀਆ ਦੇ ਐਡਮ ਜ਼ਾਂਪਾ ਦੀ ਜਗ੍ਹਾ ਸ਼੍ਰੀਲੰਕਾ ਦੇ ਵਾਨਿੰਦੂ ਹਸਰੰਗਾ ਨੂੰ ਸ਼ਾਮਲ ਕੀਤਾ ਹੈ। 

Tarsem Singh

This news is Content Editor Tarsem Singh