IPL 2021 : ਪਲੇਅ ਆਫ਼ ''ਚ ਪਹੁੰਚੀ RCB, ਦੇਖੋ ਅਪਡੇਟਿਡ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ

10/04/2021 11:42:01 AM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਪਲੇਅ ਆਫ਼ ਲਈ ਚਾਰ 'ਚੋਂ ਤਿੰਨ ਟੀਮਾਂ ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਕਿੰਗਜ਼ ਦੇ ਖ਼ਿਲਾਫ਼ 6 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਰਾਇਲ ਚੈਲੰਜਰਜ਼ ਬੈਂਗਲੁਰੂ  (ਆਰ. ਸੀ. ਬੀ.) ਪਲੇਅ ਆਫ਼ 'ਚ ਪਹੁੰਚਣ ਵਾਲੀ ਤੀਜੀ ਟੀਮ ਬਣੀ। ਆਰ. ਸੀ. ਬੀ. ਦੇ 12 ਮੈਚਾਂ 'ਚ 8 ਜਿੱਤ ਦੇ ਨਾਲ 16 ਅੰਕ ਹੋ ਗਏ ਹਨ ਪਹਿਲੇ ਤੇ ਦੂਜੇ ਸਥਾਨ 'ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਦਿੱਲੀ ਕੈਪੀਟਲਸ (ਡੀ. ਸੀ.) ਹਨ ਜਿਨ੍ਹਾਂ ਦੇ 18-18 ਅੰਕ ਹਨ।
ਇਹ ਵੀ ਪੜ੍ਹੋ : KKR vs SRH : ਸ਼ੁੱਭਮਨ ਗਿੱਲ ਦਾ ਬਿਆਨ- ਇਸ ਪਿੱਚ 'ਤੇ ਸਪਿਨਰਾਂ ਖ਼ਿਲਾਫ਼ ਖੇਡਣਾ ਸੌਖਾ ਨਹੀਂ ਸੀ

ਸੁਪਰ ਸੰਡੇ ਦੇ ਦੂਜੇ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਪਲੇਅ ਆਫ਼ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਕੇ. ਕੇ. ਆਰ. ਦੇ 13 ਮੈਚਾਂ 'ਚ 6 ਜਿੱਤ ਦੇ ਨਾਲ 12 ਅੰਕ ਹਨ ਤੇ ਟਾਪ ਚਾਰ 'ਚ ਬਣੀ ਹੋਈ ਹੈ। ਪੰਜਾਬ ਕਿੰਗਜ਼, ਰਾਜਸਥਾਨ ਰਾਇਲਜ਼ ਤੇ ਮੁੰਬਈ ਇੰਡੀਅਨਜ਼ 5-5 ਜਿੱਤ ਦੇ ਨਾਲ 10-10 ਅੰਕ ਲੈ ਕੇ ਕ੍ਰਮਵਾਰ ਪੰਜਵੇਂ, ਛੇਵੇਂ ਤੇ ਸਤਵੇਂ ਸਥਾਨ 'ਤੇ ਹਨ। ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਪੰਜਾਬ ਨੇ 13 ਮੈਚ ਖੇਡੇ ਹਨ ਉੱਥੇ ਹੀ ਰਾਜਸਥਾਨ ਤੇ ਮੁੰਬਈ ਨੇ 12-12 ਮੈਚ ਖੇਡੇ ਹਨ। ਅਜਿਹੇ 'ਚ ਅਜੇ ਵੀ ਇਨ੍ਹਾਂ ਦੋਵਾਂ ਟੀਮਾਂ ਕੋਲ ਪਲੇਅ ਆਫ਼ ਲਈ ਕੁਆਲੀਫ਼ਾਈ ਕਰਨ ਦਾ ਮੌਕਾ ਹੈ।

ਅੰਤ 'ਚ ਸਨਰਾਈਜ਼ਰਜ਼ ਹੈਦਰਾਬਾਦ ਹੈ ਜਿਸ ਨੇ ਆਈ. ਪੀ. ਐੱਲ. ਇਤਿਹਾਸ 'ਚ ਪਹਿਲੀ ਵਾਰ ਇਕ ਟੂਰਨਾਮੈਂਟ 'ਚ 10 ਮੁਕਾਬਲੇ ਹਾਰੇ ਹਨ। ਹੈਦਰਾਬਾਦ 12 ਮੈਚਾਂ 'ਚ ਸਿਰਫ਼ 2 ਜਿੱਤ ਦੇ ਨਾਲ 4 ਅੰਕ ਲੈ ਕੇ ਆਖ਼ਰੀ ਸਥਾਨ 'ਤੇ ਹੈ। 

ਆਰੇਂਜ ਕੈਪ
ਆਰ. ਸੀ. ਬੀ. ਦੇ ਖ਼ਿਲਾਫ਼ ਖੇਡੀ ਗਈ 39 ਦੌੜਾਂ ਦੀ ਪਾਰੀ ਦੀ ਬਦੌਲਤ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ (528 ਦੌੜਾਂ) ਨੇ ਆਰੇਂਜ ਕੈਪ ਹਾਸਲ ਕੀਤੀ ਹੈ। ਜਦਕਿ ਰਿਤੂਰਾਜ ਗਾਇਕਵਾੜ 508 ਦੌੜਾਂ ਦੇ ਨਾਲ ਦੂਜੇ ਤੇ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ 480 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਦਿੱਲੀ ਦੇ ਓਪਨਰ ਸ਼ਿਖਰ ਧਵਨ ਜਿਨ੍ਹਾਂ ਦਾ (480 ਦੌੜਾਂ) ਕਦੀ ਆਰੇਂਜ ਕੈਪ 'ਤੇ ਕਬਜ਼ਾ ਸੀ ਹੁਣ ਚੌਥੇ ਸਥਾਨ 'ਤੇ ਹਨ। ਸੀ. ਐੱਸ. ਕੇ. ਦੇ ਫ਼ਾਫ ਡੁਪਲੇਸਿਸ 460 ਦੌੜਾਂ ਦੇ ਨਾਲ ਟਾਪ ਪੰਜ ਬੱਲੇਬਾਜ਼ 'ਚ ਦੂਜੇ ਖਿਡਾਰੀ ਹਨ।

ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ ਨੂੰ ਪੰਜਾਬ ਦੇ ਖ਼ਿਲਾਫ਼ ਐਤਵਾਰ ਨੂੰ ਭਾਵੇਂ ਕੋਈ ਵਿਕਟ ਨਹੀਂ ਮਿਲੀ ਪਰ ਉਹ ਅਜੇ ਵੀ 26 ਵਿਕਟਾਂ ਦੇ ਨਾਲ ਪਰਪਲ ਕੈਪ ਹੋਲਡ ਕੀਤੇ ਹੋਏ ਹਨ। ਦਿੱਲੀ ਦੀ ਅਵੇਸ਼ ਖ਼ਾਨ 21 ਵਿਕਟਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ 18 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਏ ਹਨ। ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 17 ਵਿਕਟਾਂ ਦੇ ਨਾਲ ਚੌਥੇ ਤੇ ਪੰਜਾਬ ਦੇ ਅਰਸ਼ਦੀਪ 16 ਵਿਕਟਾਂ ਦੇ ਨਾਲ ਟਾਪ ਪੰਜ 'ਚ ਬਣੇ ਹੋਏ ਹਨ। 

ਇਹ ਵੀ ਪੜ੍ਹੋ : ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh