IPL 2021 : PBKS ਤੇ KKR ਵਿਚਾਲੇ ਟੂਰਨਾਮੈਂਟ ’ਚ ਬਣੇ ਰਹਿਣ ਲਈ ਹੋਵੇਗਾ ਜ਼ਬਰਦਸਤ ਮੁਕਾਬਲਾ

04/26/2021 12:04:44 PM

ਅਹਿਮਦਾਬਾਦ (ਭਾਸ਼ਾ)-ਮੌਜੂਦਾ ਆਈ. ਪੀ. ਐੱਲ. ਸੀਜ਼ਨ ਦੀ ਹੁਣ ਤਕ ਦੀ ਸਭ ਤੋਂ ਪਿੱਛੜੀ ਟੀਮ ਕੋਲਕਾਤਾ ਨਾਈਟਰਾਈਡਰਜ਼ (ਕੇ. ਕੇ. ਆਰ.) ਤੇ ਨੰਬਰ ਪੰਜ ਦੀ ਟੀਮ ਪੰਜਾਬ ਕਿੰਗਜ਼ (ਪੀ. ਕੇ.) ਟੂਰਨਾਮੈਂਟ ’ਚ ਬਣੇ ਰਹਿਣ ਲਈ ਇਥੇ ਸੋਮਵਾਰ ਨੂੰ ਸ਼ਾਨਦਾਰ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਚ ਹੋਣ ਵਾਲਾ ਆਈ. ਪੀ. ਐੱਲ. 14 ਦਾ 21ਵਾਂ ਮੁਕਾਬਲਾ ਹਰ ਹਾਲ ’ਚ ਜਿੱਤਣਾ ਚਾਹੁਣਗੇ। ਇਥੋਂ ਹਾਲਾਂਕਿ ਕੇ. ਕੇ. ਆਰ. ਲਈ ਮੌਕਾ ਥੋੜ੍ਹਾ ਘੱਟ ਹੈ ਕਿਉਂਕਿ ਉਹ ਅਜੇ ਤਕ ਇਕ ਜਿੱਤ ਨਾਲ 2 ਅੰਕਾਂ ਨਾਲ ਸਭ ਤੋਂ ਆਖਰੀ ਸਥਾਨ ’ਤੇ ਹੈ ਤੇ ਇਹ ਮੈਚ ਹਾਰਨ ਤੋਂ ਬਾਅਦ ਉਸ ਦਾ ਪਲੇਅਆਫ ’ਚ ਪਹੁੰਚਣਾ ਬਹੁਤ ਮੁਸ਼ਕਿਲ ਹੋ ਜਾਵੇਗਾ।

ਉਥੇ ਹੀ ਪੰਜਾਬ ਜੇ ਹਾਰ ਵੀ ਜਾਂਦਾ ਹੈ ਤਾਂ ਉਹ ਅੰਕਾਂ ਦੀ ਤੁਲਨਾ ’ਚ ਕੋਲਕਾਤਾ ਦੇ ਬਰਾਬਰ ਹੀ ਹੋਵੇਗਾ ਤੇ ਥੋੜ੍ਹੇ ਫਰਕ ਨਾਲ ਹਾਰ ਦੀ ਹਾਲਤ ’ਚ ਉਸ ਦੀ ਨੈੱਟ ਰਨ ਰੇਟ ਵੀ ਕੋਲਕਾਤਾ ਤੋਂ ਬਿਹਤਰ ਹੋਵੇਗੀ। ਪੰਜਾਬ ਜਿਥੇ ਪਿਛਲੇ ਮੁਕਾਬਲੇ ’ਚ ਆਈ. ਪੀ. ਐੱਲ. ਦੀ ਸਭ ਤੋਂ ਸਫਲ ਟੀਮ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆ ਰਿਹਾ ਹੈ ਤਾਂ ਉਥੇ ਹੀ ਕੋਲਕਾਤਾ ਸੰਘਰਸ਼ ਕਰ ਰਹੀ ਟੀਮ ਰਾਜਸਥਾਨ ਤੋਂ ਹਾਰ ਕੇ ਆ ਰਿਹਾ ਹੈ।

ਨਰਿੰਦਰ ਮੋਦੀ ਸਟੇਡੀਅਮ ’ਚ ਖੇਡਣ ਨੂੰ ਲੈ ਕੇ ਭਾਵੇਂ ਹੀ ਖਿਡਾਰੀ ਉਤਸ਼ਾਹਿਤ ਹੋਣਗੇ ਪਰ ਪਿਛਲਾ ਪ੍ਰਦਰਸ਼ਨ ਵੀ ਉਨ੍ਹਾਂ ਦੇ ਦਿਮਾਗ ’ਚ ਹੋਵੇਗਾ। ਕਪਤਾਨ ਲੋਕੇਸ਼ ਰਾਹੁਲ, ਮਯੰਕ ਅਗਰਵਾਲ, ਦੀਪਕ ਹੁੱਡਾ ਦੇ ਫਾਰਮ ’ਚ ਹੋਣ ਕਾਰਨ ਬੱਲੇਬਾਜ਼ੀ ’ਚ ਤਾਂ ਪੰਜਾਬ ਹੁਣ ਤਕ ਠੀਕ ਹੀ ਚੱਲ ਰਿਹਾ ਸੀ ਪਰ ਪਿਛਲੇ ਮੈਚ ’ਚ ਉਸ ਦੇ ਗੇਂਦਬਾਜ਼ਾਂ ਦੀ ਜ਼ਬਰਦਸਤ ਵਾਪਸੀ ਉਸ ਦੇ ਲਈ ਚੰਗਾ ਸੰਕੇਤ ਹੈ। ਰਵੀ ਬਿਸ਼ਨੋਈ ਦੇ ਆਉਣ ਨਾਲ ਟੀਮ ਹੁਣ ਵਿਕਟਾਂ ਲਈ ਸਪਿਨ ਵਿਭਾਗ ’ਤੇ ਭਰੋਸਾ ਜਤਾ ਸਕਦੀ ਹੈ। ਆਪਣੇ ਪਹਿਲੇ ਹੀ ਮੈਚ ’ਚ ਦੋ ਕੀਮਤੀ ਵਿਕਟਾਂ ਲੈ ਕੇ ਬਿਸ਼ਨੋਈ ਨੇ ਇਹ ਸਾਬਿਤ ਕਰ ਦਿੱਤਾ ਸੀ। ਉਥੇ ਹੀ ਗੇਲ ਵੀ ਆਪਣੀ ਪੁਰਾਣੀ ਫਾਰਮ ’ਚ ਵਾਪਸ ਆ ਗਿਆ ਹੈ, ਜੋ ਟੀਮ ਲਈ ਸਾਕਾਰਾਤਮਕ ਹੈ। ਬਤੌਰ ਕਪਤਾਨ ਰਾਹੁਲ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਨਾ ਸਿਰਫ ਪੰਜਾਬ ਵੱਲੋਂ ਬਲਕਿ ਪੂਰੇ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਦੂਸਰਾ ਬੱਲੇਬਾਜ਼ ਹੈ। ਉਸ ਨੇ ਪੰਜ ਮੈਚਾਂ ’ਚ 133.13 ਦੀ ਸਟ੍ਰਾਈਕ ਰੇਟ ਨਾਲ 221 ਦੌੜਾਂ ਬਣਾਈਆਂ ਹਨ।

Manoj

This news is Content Editor Manoj